ਡੀਜ਼ਲ 2.73 ਰੁਪਏ ਮਹਿੰਗਾ
ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਤੇ ਘਰੇਲੂ ਪੱਧਰ ‘ਤੇ ਸਰਕਾਰ ਵੱਲੋਂ ਉਤਪਾਦ ਕਸਟਮ ਡਿਊਟੀ ‘ਚ ਕਟੌਤੀ ਨਾ ਕਰਨ ਕਾਰਨ ਪਿਛਲੇ ਇੱਕ ਮਹੀਨੇ ‘ਚ ਪੈਟਰੋਲ ਦੋ ਰੁਪਏ 25 ਪੈਸੇ ਤੇ ਡੀਜ਼ਲ ਦੋ ਰੁਪਏ 73 ਪੈਸੇ ਮਹਿੰਗਾ ਹੋ ਚੁੱਕਾ ਹੈ। ਘਰੇਲੂ ਬਜ਼ਾਰ ‘ਚ ਇਸ ਸਮੇਂ ਪੈਟਰੋਲ ਦੀ ਕੀਮਤ ਹੁਣ ਤੱਕ ਦੇ ਦੂਜੇ ਉੱਚ ਪੱਧਰ ‘ਤੇ ਡੀਜਲ਼ ਦੀ ਰਿਕਾਰਡ ਉੱਚ ਪੱਧਰ ‘ਤੇ ਹੈ ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਕੌਮੀ ਰਾਜਧਾਨੀ ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ 74.63 ਰੁਪਏ ਪ੍ਰਤੀ ਲੀਟਰ ਰਹੀ ਜੋ 23 ਮਾਰਚ ਨੂੰ 72.38 ਰੁਪਏ ਪ੍ਰਤੀ ਲੀਟਰ ਸੀ।
ਇਸ ਤਰ੍ਹਾਂ ਇਹ 2.25 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਡੀਜ਼ਲ ਵੀ ਇਸ ਦੌਰਾਨ 63.20 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 65.93 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਇੱਕ ਮਹੀਨੇ ‘ਚ ਇਸ ਦੀ ਕੀਮਤ 2.73 ਰੁਪਏ ਪ੍ਰਤੀ ਲੀਟਰ ਵਧੀ ਹੈ। ਕੌਮਾਂਤਰੀ ਬਜ਼ਾਰ ‘ਚ ਅੱਜ ਕੱਚਾ ਤੇਲ 75 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਿਆ।