1 ਘੰਟਾ ਲੇਟ ਪੁੱਜੀ ਚੰਡੀਗੜ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਤੇ ਬਾਅਦ ‘ਚ ਰਿਹਾਅ
- ਵਿਧਾਨ ਸਭਾ ਇਤਿਹਾਸ ਵਿੱਚ ਇੰਨੀ ਨੇੜੇ ਪਹਿਲੀਵਾਰ ਕੋਈ ਪੁੱਜੀ ਐ ਯੂਨੀਅਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰ ਰਹੀ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੇ ਪੰਜਾਬ ਵਿਧਾਨ ਸਭਾ ਦੇ ਨੇੜੇ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਤੋੜਦੇ ਹੋਏ ਵਿਧਾਨ ਸਭਾ ਦੇ ਬਿਲਕੁਲ ਨੇੜੇ ਪੁੱਜ ਕੇ ਰੱਜ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ, ਜਦੋਂ ਚਲਦੇ ਵਿਧਾਨ ਸਭਾ ਸੈਸ਼ਨ ਵਿੱਚ ਕੋਈ ਯੂਨੀਅਨ ਵਿਧਾਨ ਸਭਾ ਇੰਨੇ ਨੇੜੇ ਪੁੱਜ ਕੇ ਪ੍ਰਦਰਸ਼ਨ ਕੀਤਾ ਹੋਵੇ।
ਇਥੇ ਹੀ ਜੇਕਰ ਪੰਜਾਬ ਸਿਵਲ ਸਕੱਤਰੇਤ ਲਈ ਤੈਨਾਤ ਸੀਆਈਐਸਐਫ਼ ਦੇ ਜਵਾਨ ਇਨ੍ਹਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਾ ਰੋਕਦੇ ਤਾਂ ਇਹ ਵਿਧਾਨ ਸਭਾ ਦੇ ਮੁੱਖ ਗੇਟ ਤੱਕ ਪੁੱਜਣ ਵਿੱਚ ਵੀ ਸਫ਼ਲ ਹੋ ਜਾਂਦੀਆਂ ਪਰ ਮੌਕੇ ‘ਤੇ ਮੌਜੂਦ 4-5 ਚੰਡੀਗੜ੍ਹ ਪੁਲਿਸ ਕਰਮਚਾਰੀਆਂ ਵੱਲੋਂ ਜਾਣਕਾਰੀ ਦੇਣ ‘ਤੇ ਸੀਆਈਐਸਐਫ਼ ਦੇ ਜਵਾਨਾਂ ਨੇ ਘੇਰਾ ਪਾ ਕੇ ਹਾਈ ਕੋਰਟ ਅਤੇ ਵਿਧਾਨ ਸਭਾ ਚੌਕ ‘ਤੇ ਹੀ ਇਨ੍ਹਾਂ ਨੂੰ ਰੋਕ ਲਿਆ। ਇਥੇ ਕਿ 1 ਘੰਟੇ ਬਾਅਦ ਚੰਡੀਗੜ੍ਹ ਪੁਲਿਸ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਕੇ ਇਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਮੌਕੇ ਤੋਂ ਲੈ ਕੇ ਗਏ, ਜਿਸ ਤੋਂ ਬਾਅਦ ਕੁਝ ਘੰਟੇ ਬਾਅਦ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਨਹਿਰ ‘ਚ ਡੁੱਬਣ ਨਾਲ 2 ਨੌਜਵਾਨਾਂ ਦੀ ਮੌਤ
ਆਂਗਣਵਾੜੀ ਵਰਕਰ ਅਤੇ ਹੈਲਪਰ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਅੱਜ ਸੂਬੇ ਭਰ ਵਿਚੋਂ 10 ਹਜ਼ਾਰ ਦੇ ਕਰੀਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜੀਆਂ ਹੋਈਆਂ ਹਨ। ਮਿਥੇ ਪ੍ਰੋਗਰਾਮ ਅਨੁਸਾਰ ਸੈਂਕੜੇ ਆਂਗਣਵਾੜੀ ਵਰਕਰਾਂ ਨੇ ਸਵੇਰ ਵੇਲੇ ਹੀ ਵਿਧਾਨ ਸਭਾ ਵੱਲ ਚਾਲੇ ਪਾ ਦਿੱਤੇ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਮੁਹਾਲੀ ਵਿਖੇ ਸਥਿੱਤ ਸਿੱਖਿਆ ਸਕੱਤਰ ਦੇ ਦਫ਼ਤਰ ਅੱਗੇ ਇਕੱਠੀਆਂ ਹੋਈਆਂ ਤੇ ਉਥੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦੇ ਮੁੱਖ ਗੇਟ ਤੋਂ ਕੁਝ ਹੀ ਦੂਰੀ ਤੱਕ ਪੁੱਜਣ ਵਿੱਚ ਉਹ ਸਫ਼ਲ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਦੀ ਇਹ ਰੈਲੀ ਅਤੇ ਪਲੈਨਿੰਗ ਸਫ਼ਲ ਸਾਬਤ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਲਗਭਗ 3 ਵਜੇ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਅਤੇ ਰਿਹਾਅ ਹੋਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਸੰਦੀਪ ਸਿੰਘ ਬਰਾੜ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵਿਖੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਇਕ ਮੀਟਿੰਗ ਕਰਵਾਈ ਗਈ। ਜਿਥੇ ਸੰਦੀਪ ਬਰਾੜ ਵੱਲੋਂ ਵਾਅਦਾ ਕੀਤਾ ਗਿਆ ਕਿ ਮਾਣ ਭੱਤੇ ਵਿੱਚ ਵਾਧੇ ਵਾਲੀ ਗੱਲ ਲਈ ਉਹ ਅਪ੍ਰੈਲ ਦੇ ਪਹਿਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਥੇਬੰਦੀ ਦੇ ਵਫ਼ਦ ਦੀ ਮੀਟਿੰਗ ਕਰਵਾਉਣਗੇ । ਜਦਕਿ ਬਾਕੀ ਦੋ ਮੰਗਾਂ, ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਦਾਖਲ ਕੀਤੇ ਗਏ ਬੱਚਿਆਂ ਨੂੰ ਵਾਪਸ ਆਂਗਣਵਾੜੀ ਸੈਂਟਰਾਂ ਵਿਚ ਭੇਜਣ ਅਤੇ ਐਨ ਜੀ ਓ ਅਧੀਨ ਚੱਲ ਰਹੇ ਬਲਾਕ ਬਠਿੰਡਾ ਅਤੇ ਖੂਹੀਆਂ ਸਰਵਰ ਦਾ ਮਸਲਾ ਹੈ, ਇਹ ਦੋਵੇਂ ਮਾਮਲੇ ਉਹ ਇੱਕ ਹਫ਼ਤੇ ਦੇ ਵਿਚ-ਵਿਚ ਹੱਲ ਕਰਵਾ ਦੇਣਗੇ।
ਸੂਬਾ ਆਗੂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇ ਦੋ-ਢਾਈ ਮਹੀਨਿਆਂ ਤੋਂ ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਤੇ ਦਿੱਲੀ ਪੈਟਰਨ ‘ਤੇ ਮਾਣ ਭੱਤਾ ਦਿਵਾਉਣ , ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਵਾਪਸ ਭੇਜਣ ਲਈ ਅਤੇ ਹੋਰ ਮੰਗਾਂ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।