ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਅੱਜ ਫਿਰ ਦੋਸ਼ ਲਾਇਆ ਕਿ ਵਿਦੇਸ਼ ਮੰਤਰੀ (Sushma Swaraj) ਸੁਸ਼ਮਾ ਸਵਰਾਜ ਨੇ ਇਰਾਕ ਦੇ ਮੋਸੁਲ ‘ਚ 39 ਭਾਰਤੀਆਂ ਦੇ ਕਤਲ ਦੇ ਮਾਮਲੇ ‘ਚ ਸੰਸਦ ਤੇ ਦੇਸ਼ ਨੂੰ ਗੁੰਮਰਾਹ ਕੀਤਾ ਹੈ। ਇਸ ਲਈ ਪਾਰਟੀ ਉਨ੍ਹਾਂ ਖਿਲਾਫ਼ ਰਾਜ ਸਭਾ ‘ਚ ਵਿਸ਼ੇਸ਼ ਅਧਿਕਾਰ ਘਾਣ ਦਾ ਮਤਾ ਲਿਆਵੇਗੀ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ ਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਸੰਸਦ ਭਵਨ ਕੰਪਲੈਕਸ ‘ਚ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਵਿਦੇਸ਼ ਮੰਤਰੀ ਨੇ ਚਾਰ ਸਾਲਾਂ ਤੱਕ ਅੱਤਵਾਦੀ ਸੰਗਠਨ ਆਈਐਸ ਵੱਲੋਂ ਬੰਦੀ ਬਣਾਏ ਗਏ ਭਾਰਤੀਆਂ ਸਬੰਧੀ ਸਹੀ ਸੂਚਨਾ ਨਹੀਂ ਦਿੱਤੀ ਤੇ ਸੰਸਦ ਤੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਗੁੰਮਰਾਹ ਕੀਤਾ ਹੈ।
ਇਸ ਲਈ ਸ੍ਰੀਮਤੀ (Sushma Swaraj) ਸਵਰਾਜ ਖਿਲਾਫ਼ ਪਹਿਲਾਂ ਰਾਜ ਸਭਾ ‘ਚ ਵਿਸ਼ੇਸ਼ ਅਧਿਕਾਰ ਘਾਣ ਮਤਾ ਲਿਆਂਦਾ ਜਾਵੇਗਾ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ ‘ਚ ਗੰਭੀਰਤਾ ਨਾਲ ਭੂਮਿਕਾ ਨਹੀਂ ਨਿਭਾਈ ਹੈ। ਵਿਦੇਸ਼ ਮੰਤਰੀ ਨੇ ਹਰ ਵਾਰ ਕਿਹਾ ਕਿ ਸਾਰੇ ਭਾਰਤੀ ਜਿਉਂਦੇ ਹਨ। ਇੱਥੋਂ ਤੱਕ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੂੰ ਭੋਜਨ ਵਰਗੀ ਜ਼ਰੂਰੀ ਸਮੱਗਰੀ ਮਿਲ ਰਹੀ ਹੈ। ਰਾਜ ਸਭਾ ‘ਚ ਵਿਦੇਸ਼ ਮੰਤਰੀ ਦੇ ਸਾਰੇ 39 ਭਾਰਤੀਆਂ ਦੇ ਮਾਰੇ ਜਾਣ ਦੀ ਸੂਚਨਾ ਦੇਣ ਤੋਂ ਬਾਅਦ ਉਨ੍ਹਾਂ ਪਰਿਵਾਰਾਂ ਨੂੰ ਬਹੁਤ ਦੁੱਖ ਹੋਇਆ ਜੋ ਚਾਰ ਸਾਲਾਂ ਤੋਂ ਆਪਣਿਆਂ ਦੇ ਪਰਤਣ ਦੀ ਉਡੀਕ ਕਰ ਰਹੇ ਸਨ।