ਮੌਤ ਤੱਕ ਰਹਿਣਾ ਪਏਗਾ ਜੇਲ੍ਹ ‘ਚ
- ਬੇਅੰਤ ਸਿੰਘ ਕਤਲ ਮਾਮਲੇ ਵਿੱਚ ਬੀਤੇ ਦਿਨੀਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਰਾ
- ਬੂੜੈਲ ਜੇਲ੍ਹ ਬਰੇਕ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਤਾਰਾ, ਰੁਕਿਆ ਰਿਹਾ 11 ਸਾਲ ਟਰਾਇਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਗਈ ਹੈ। ਇਹ ਉਮਰ ਕੈਦ ਉਸ ਸਮੇਂ ਤੱਕ ਜਾਰੀ ਰਹੇਗੀ, ਜਦੋਂ ਤੱਕ ਕਿ ਜਗਤਾਰ ਸਿੰਘ ਦੀ ਮੌਤ ਨਹੀਂ ਹੋ ਜਾਂਦੀ ਹੈ। ਤਾਰਾ ਨੇ ਸਜਾ ਸਬੰਧੀ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹ ਸਜ਼ਾ ਖਿਲਾਫ ਕਿਸੇ ਵੀ ਉਤਲੀ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਜਾਏਗੀ। ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹਅੰਦਰ ਬਣਾਈ ਗਈ। ਵਿਸ਼ੇਸ਼ ਅਦਾਲਤ ਵੱਲੋਂ ਧਾਰਾ 302, 307, 120 ਬੀ ਅਤੇ ਆਰਮਜ ਐਕਟ 3 ਅਤੇ 4 ਦੇ ਤਹਿਤ ਦੋਸ਼ੀ ਪਾਇਆ ਗਿਆ ਹੈ। ਇਸ ਨਾਲ ਹੀ ਜਗਤਾਰ ਸਿੰਘ ਤਾਰਾ ਨੂੰ 35 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।
ਇਹ ਵੀ ਪੜ੍ਹੋ : ਡਾਕਟਰ ਦੇ ਕਤਲ ਦੀ ਗੁੱਥੀ ਸੁਲਝੀ, ਪਤਨੀ ਹੀ ਨਿਕਲੀ ਪਤੀ ਦੀ ਕਾਤਲ
ਇਸ ਮੁਕੱਦਮੇ ਵਿੱਚ ਖ਼ੁਦ ਜਗਤਾਰ ਸਿੰਘ ਤਾਰਾ ਵੱਲੋਂ ਕਬੂਲਨਾਮਾ ਦਿੱਤਾ ਗਿਆ ਸੀ ਅਤੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਸ ਦੇ ਇਸ ਕਬੂਲਨਾਮੇ ਨੂੰ ਆਖ਼ਰੀ ਬਿਆਨ ਸਮਝਿਆ ਜਾਵੇ। ਤਾਰਾ ਨੇ ਇਸ ਕਬੂਲਨਾਮੇ ਵਿੱਚ ਮੰਨਿਆ ਸੀ ਕਿ ਉਸ ਨੇ ਬੇਅੰਤ ਸਿੰਘ ਦਾ ਕਤਲ ਕੀਤਾ ਹੈ ਅਤੇ ਇਸ ਕਤਲ ਦਾ ਉਸ ਨੂੰ ਕੋਈ ਵੀ ਅਫਸੋਸ ਨਹੀਂ ਹੈ। ਉਸ ਨੇ ਇਸ ਬੰਬ ਧਮਾਕੇ ਵਿੱਚ 17 ਵਿਅਕਤੀਆਂ ਦੇ ਮਾਰੇ ਜਾਣ ਦਾ ਦੁੱਖ ਪ੍ਰਗਟ ਕੀਤਾ। ਜਗਤਾਰ ਸਿੰਘ ਤਾਰਾ ਦੇ ਕਬੂਲ ਨਾਮੇ ਦੇ ਅਧਾਰ ਤੇ ਅਦਾਲਤ ਵੱਲੋਂ ਉਸ ਨੂੰ ਦੋਸ਼ੀ ਮੰਨਦੇ ਹੋਏ ਸਜਾ ਦਾ ਐਲਾਨ ਕੀਤਾ ਗਿਆ ਹੈ।
ਕੀ ਐ ਮਾਮਲਾ ?
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦਾ ਕਤਲ ਕਰਨ ਦੀ ਸਾਜਿਸ ਰਚੀ ਗਈ ਸੀ। ਇਨਾਂ ਸਾਰਿਆ ਵੱਲੋਂ 31 ਅਗਸਤ 1995 ਵਿੱਚ ਪੰਜਾਬ ਸਿਵਲ ਸਕੱਤਰੇਤ ਦੀ ਇਮਾਰਤ ਦੇ ਕੋਲ ਕਾਰ ਬੰਬ ਧਮਾਕੇ ਬੇਅੰਤ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਵਿੱਚ ਬੇਅੰਤ ਸਿੰਘ ਤੋਂ ਇਲਾਵਾ 17 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ।
ਬੁੜੈਲ ਜੇਲ ਬ੍ਰੇਕ ਕਰਕੇ ਫਰਾਰ ਹੋ ਗਿਆ ਸੀ ਜਗਤਾਰ ਤਾਰਾ
ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸਾਰੇ ਦੋਸ਼ੀਆ ਨੂੰ ਬੂੜੈਲ ਜੇਲ ਚੰਡੀਗੜ ਵਿਖੇ ਰੱਖਿਆ ਹੋਇਆ ਸੀ, ਜਿਥੋ 21 ਜਨਵਰੀ 2004 ਨੂੰ ਜਗਤਾਰ ਸਿੰਘ ਤਾਰਾ ਆਪਣੇ ਸਾਥੀਆਂ ਨਾਲ ਸੁਰੰਗ ਬਣਾ ਕੇ ਫਰਾਰ ਹੋ ਗਿਆ ਸੀ। 11 ਸਾਲ ਤਾਰਾ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਰਿਹਾ ਅਤੇ ਦਸੰਬਰ 2014 ਨੂੰ ਇੰਟਰਪੋਲ ਦੀ ਮਦਦ ਨਾਲ ਤਾਰਾ ਨੂੰ ਭਾਰਤੀ ਏਜੰਸੀਆ ਅਤੇ ਥਾਈਲੈਂਡ ਪੁਲਿਸ ਨੇ ਜੁਆਇੰਟ ਅਪ੍ਰੇਸ਼ਨ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਉਹ ਸਖ਼ਤ ਸੁਰਖਿਆ ਹੇਠ ਬੁੜੈਲ ਜੇਲ੍ਹ ਵਿੱਚ ਹੀ ਬੰਦ ਹੈ।