ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਹੋਇਆ ਆਗਾਜ਼, ਮੁੱਖ ਮਹਿਮਾਨ ਅਮਰਿੰਦਰ ਸਿੰਘ ਰਹੇ ਗੈਰ ਹਾਜ਼ਰ
- ਰਾਣਾ ਕੇ.ਪੀ. ਅਤੇ ਸਿੱਧੂ ਵੱਲੋਂ ਕੀਤਾ ਗਿਆ ਉਦਘਾਟਨ
- ਸਿੱਧੂ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਜੁੱਟੀਆ ਸੰਸਥਾਵਾਂ ਨੂੰ ‘ਲੇਖਕ ਭਲਾਈ ਫੰਡ’ ਬਣਾਉਣ ਦਾ ਸੱਦਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਵਰਲਡ ਪੰਜਾਬੀ ਕਾਨਫਰੰਸ ਅਤੇ ਪੰਜਾਬ ਕਲਾਂ ਪਰਿਸ਼ਦ ਵੱਲੋਂ ਕਰਵਾਈ ਜਾ ਰਹੀ ਦੋ ਰੋਜ਼ਾ ‘ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ’ ਚੰਡੀਗੜ ਵਿਖੇ ਆਗਾਜ਼ ਹੋ ਗਿਆ ਹੈ ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਲੱਗਣ ਦੇ ਕਾਰਨ ਸਮਾਗਮ ਦੀ ਸ਼ੁਰੂਆਤ ਕੁਝ ਹੱਦ ਤੱਕ ਫਿੱਕੀ ਜ਼ਰੂਰ ਹੋਈ ਹੈ ਪਰ ਇਸ ਕਾਨਫਰੰਸ ਵਿੱਚ ਚੁੱਕੇ ਜਾ ਰਹੇ ਗੰਭੀਰ ਮੁੱਦਿਆ ਨੂੰ ਦੇਖਦੇ ਹੋਏ ਕਾਨਫਰੰਸ ਵਿੱਚ ਭਾਗ ਲੈਣ ਵਾਲੀਆਂ ਵੱਲੋਂ ਕਾਫ਼ੀ ਉਤਸ਼ਾਹ ਵੀ ਦਿਖਾਇਆ ਜਾ ਰਿਹਾ ਹੈ। ਅਮਰਿੰਦਰ ਸਿੰਘ ਨੂੰ ਦਿੱਲੀ ਵਿਖੇ ਹੋਣ ਵਾਲੀ ਡਰਾਫ਼ਟ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਜਾਣਾ ਪੈ ਗਿਆ, ਜਿਸ ਕਾਰਨ ਉਹ ਅੱਜ ਮੁੱਖ ਮਹਿਮਾਨ ਹੋਣ ਦਾ ਬਾਵਜ਼ੂਦ ਵੀ ਹਾਜ਼ਰ ਨਹੀਂ ਹੋ ਸਕੇ।
ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਵਿੱਚ ਇਸ ਕਾਨਫਰੰਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿਖੇ ਕਰਵਾਏ ਉਦਘਾਟਨੀ ਸੈਸ਼ਨ ਵਿੱਚ ਰਾਣਾ ਕੇ.ਪੀ. ਸਿੰਘ ਤੇ ਸਿੱਧੂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੰਦਿਆਂ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ, ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦੀ ਵਕਾਲਤ ਕੀਤੀ। ਕਾਨਫਰੰਸ ਦਾ ਆਗਾਜ਼ ਸਮਾਂ ਰੌਸ਼ਨ ਕਰ ਕੇ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਭਾਵੇਂ ਪੰਜਾਬੀ ਭਾਸ਼ਾ ਦਾ ਪਾਸਾਰ ਦੁਨੀਆਂ ਭਰ ‘ਚ ਹੋ ਚੁੱਕਾ ਹੈ ਪਰ ਹਾਲੇ ਵੀ ਵੱਖ-ਵੱਖ ਕੋਰਸਾਂ ਦੀ ਪੜ੍ਹਾਈ, ਨੌਕਰੀਆਂ ਅਤੇ ਰੁਜ਼ਗਾਰ ਦੇ ਸਾਧਨਾਂ ‘ਚ ਸਾਡੀ ਭਾਸ਼ਾ ਦਰ-ਕਿਨਾਰ ਹੀ ਹੈ। ਬਹੁਤ ਸਾਰੇ ਕੋਰਸ ਜਿਵੇਂ ਕਿ ਐਲ.ਐਲ.ਬੀ. , ਸਾਇੰਸ ਨਾਲ ਸਬੰਧਿਤ ਕੋਰਸਾਂ ਅਤੇ ਆਈ.ਟੀ. ਖੇਤਰਾਂ ਦੀ ਪੜ੍ਹਾਈ ਨਿਰੋਲ ਪੰਜਾਬੀ ਭਾਸ਼ਾ ‘ਚ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੋਈ ਵੀ ਭਾਸ਼ਾ ਸਿੱਖਣੀ ਮਾੜੀ ਗੱਲ ਨਹੀਂ ਪਰ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ‘ਤੇ ਮਾਣ ਹੋਣਾ ਚਾਹੀਦਾ ਹੈ। ਇਸ ਦੇ ਵਿਕਾਸ ਲਈ ਸਭਨਾਂ ਨੂੰ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਖ-ਵੱਖ ਮੰਚਾਂ ‘ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਸਖਸ਼ੀਅਤਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੀ ਪੀੜ੍ਹੀ ਪੰਜਾਬੀ ਭਾਸ਼ਾ ਤੋਂ ਬੇਮੁੱਖ ਹੋ ਗਈ ਤਾਂ ਸਾਡੇ ਮਹਾਨ ਪੰਜਾਬੀ ਲਿਖਾਰੀਆਂ/ਸ਼ਾਇਰਾਂ ਨੂੰ ਕੌਣ ਪੜ੍ਹੇਗਾ ਤੇ ਸੁਣੇਗਾ।
ਇਹ ਵੀ ਪੜ੍ਹੋ : ਤਿਰੰਗੇ ਦਾ ਅਪਮਾਨ ਕਰਨ ਵਾਲੇ Amritpal ਦੇ ਕਰੀਬੀ ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਮੌਤ
ਉਨ੍ਹਾਂ ਕਿਹਾ ਕਿ ਇੰਟਰਨੈਟ ਦੇ ਜ਼ਮਾਨੇ ਵਿੱਚ ਸਾਨੂੰ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ, ਸਾਹਿਤ ਤੇ ਸੱਭਿਆਚਾਰ ਨਾਲ ਜੋੜਨ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਨਗੀ ਪਵੇਗੀ। ਵੱਡੇ ਸਾਹਿਤਕਾਰਾਂ, ਲੇਖਕਾਂ ਤੇ ਕਲਾਕਾਰਾਂ ਨੂੰ ਕੌਮ ਦਾ ਸਰਮਾਇਆ ਦੱਸਦੇ ਹੋਏ ਸ.ਸਿੱਧੂ ਨੇ ਕਿਹਾ ਕਿ ਲੇਖਕਾਂ ਨਾਲ ਜੁੜੀਆਂ ਥਾਵਾਂ ਤੇ ਸ਼ਹਿਰਾਂ/ਕਸਬਿਆਂ ਨੂੰ ਸਾਹਿਤਕ ਸੈਲਾਨੀ ਸਰਕਟ ਅਧੀਨ ਲਿਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਦੇ ਵੱਡੇ ਲੇਖਕਾਂ ਦੇ ਜਨਮ ਦਿਨ ਵੱਡੇ ਪੱਧਰ ‘ਤੇ ਮਨਾਉਣੇ ਚਾਹੀਦੇ ਹਨ।
ਕਲਚਰ ਪਾਰਲੀਮੈਂਟ ਜ਼ਰੀਏ ਸਾਹਿਤਕਾਰਾਂ ਤੇ ਕਲਾਕਾਰਾਂ ਦੇ ਜਨਮ ਦਿਹਾੜੇ ਵੱਡੇ ਪੱਧਰ ‘ਤੇ ਮਨਾਏ ਜਾਣਗੇ: ਸਿੱਧੂ
ਉਨ੍ਹਾਂ ਇਹ ਵੀ ਕਿਹਾ ਕਿ ਬੜਾ ਦੁੱਖ ਹੁੰਦਾ ਹੈ ਜਦੋਂ ਕੋਈ ਵੱਡਾ ਸਾਹਿਤਕਾਰ ਵੱਡੀ ਉਮਰ ਵਿੱਚ ਪੈਸੇ ਦੀ ਕਮੀ ਕਾਰਨ ਇਲਾਜ ਲਈ ਤਰਸਦਾ ਹੈ, ਇਸ ਸਬੰਧੀ ਉਨ੍ਹਾਂ ਇਹ ਵਕਾਲਤ ਕੀਤੀ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਕ ਕਾਰਪਸ ਫੰਡਜ ਬਣਾਉਣਾ ਚਾਹੀਦਾ ਹੈ ਜੋ ਵੱਡੇ ਲੇਖਕਾਂ, ਫ਼ਨਕਾਰਾਂ ਦੀ ਔਖੇ ਵੇਲੇ ਮੱਦਦ ਕਰ ਸਕੇ। ਉਨ੍ਹਾਂ ਕਿਹਾ ਕਿ ਸਾਹਿਤ ਅਤੇ ਪੰਜਾਬੀ ਭਾਸ਼ਾ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਇਸ ਦਿਸ਼ਾ ਵਿੱਚ ਪਹਿਲਕਦਮੀ ਕਰਨ ਅਤੇ ਸਭ ਤੋਂ ਪਹਿਲਾ ਉਹ ਖੁਦ ਆਪਣੀ ਜੇਬ 50 ਲੱਖ ਰੁਪਏ ਵਿੱਚ ਇਸ ਫੰਡ ਵਿੱਚ ਪਾਉਣਗੇ।
ਇਸ ਤੋਂ ਪਹਿਲਾਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਐਚ.ਐਸ. ਹੰਸਪਾਲ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਦੇ ਸਾਰੇ ਵਪਾਰਕ ਅਦਾਰਿਆਂ, ਸੜਕੀ ਬੋਰਡਾਂ ਅਤੇ ਦੁਕਾਨਾਂ ‘ਤੇ ਲੱਗਣ ਵਾਲੇ ਬੋਰਡਾਂ ਵਿਚ ਪਹਿਲੇ ਸਥਾਨ ‘ਤੇ ਪੰਜਾਬੀ ਲਿਖੀ ਜਾਣੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਨਾਮਧਾਰੀ ਗੁਰੂ ਉਦੈ ਸਿੰਘ ਨੇ ਕਿਹਾ ਕਿ ਸਾਨੂੰ ਪੰਜਾਬੀ ਬੋਲਣ ‘ਤੇ ਮਾਣ ਕਰਨਾ ਚਾਹੀਦਾ ਹੈ ਅਤੇ ਇਸ ਸਬੰਧੀ ਕਿਸੇ ਹੀਣਭਾਵਨਾ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ।
ਸੁਰਜੀਤ ਪਾਤਰ ਵੱਲੋਂ ਪੰਜਾਬੀ ਭਾਸ਼ਾ ਨੂੰ ਪਹਿਲੀ ਤਰਜੀਹ ਦੇਣ ਦੀ ਵਕਾਲਤ
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਆਪਣੇ ਸੰਬੋਧਨ ਦੌਰਾਨ ਉਦਾਹਰਣਾਂ ਸਮੇਤ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਨੂੰ ਚੰਗੀ ਤਰ•ਾਂ ਸਿੱਖੀਏ ਅਤੇ ਉਸ ਤੋਂ ਬਾਅਦ ਹੋਰਨਾਂ ਭਾਸ਼ਾਵਾਂ ਦੀ ਮੁਹਾਰਤ ਹਾਸਲ ਕਰੀਏ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦਾ ਪੰਜਾਬੀ ਭਾਸ਼ਾ ਨਾਲ ਮੋਹ ਜ਼ਿਆਦਾ ਹੈ ਜਦਕਿ ਪੰਜਾਬ ਵਾਸੀ ਆਪਣੇ ਘਰਾਂ ‘ਚ ਹਿੰਦੀ-ਅੰਗਰੇਜ਼ੀ ਬੋਲਣ ‘ਚ ਜ਼ਿਆਦਾ ਮਾਣ ਮਹਿਸੂਸ ਕਰਦੇ ਹਨ।
ਇਹ ਵੀ ਪੜ੍ਹੋ : ਨੌਜਵਾਨ ’ਤੇ ਹਮਲਾ ਕਰਨ ਵਾਲੇ ਪੁਲਿਸ ਅੜਿੱਕੇ
ਅੰਤ ਵਿੱਚ ਡਾ. ਦੀਪਕ ਮਨਮੋਹਨ ਸਿੰਘ ਸਾਰੇ ਮਹਿਮਾਨਾਂ ਅਤੇ ਕਾਨਫਰੰਸ ਵਿੱਚ ਹਿੱਸਾ ਲੈਣ ਆਏ ਲੇਖਕਾਂ ਦਾ ਧੰਨਵਾਦ ਕਰਦਿਆਂ ਕਾਨਫਰੰਸ ਦੇ ਮੰਤਵਾਂ ਅਤੇ ਇਸ ਦੇ ਇਤਿਹਾਸ ‘ਤੇ ਵੀ ਝਾਤੀ ਪਾਈ। ਸਟੇਜ ਸੰਚਾਲਨ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਕੱਤਰ ਜਨਰਲ ਡਾ.ਰਵੇਲ ਸਿੰਘ ਨੇ ਕੀਤਾ। ਉਦਘਾਟਨੀ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਬੁਲਾਰਿਆਂ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ•ਦੇ ਉਪ ਕੁਲਪਤੀ ਪ੍ਰੋ.ਅਰੁਣ ਗਰੋਵਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਪ੍ਰੋ. ਬੀ. ਐਸ. ਘੁੰਮਣ ਤੇ ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਮਾਣਕ ਵਿੱਚ ਸ਼ਾਮਲ ਸਨ। ਇਸ ਮੌਕੇ ਰਾਣਾ ਜੰਗ ਬਹਾਦਰ ਗੋਇਲ, ਸੁੱਖੀ ਬਾਠ, ਇਕਬਾਲ ਮਾਹਲ ਤੇ ਅੰਮ੍ਰਿਤ ਕੁਮਾਰੀ ਨੂੰ ਪੰਜਾਬੀ ਭਾਸ਼ਾ ਲਈ ਪਾਏ ਯੋਗਦਾਨ ਬਦਲੇ ਸਨਮਾਨਤ ਕੀਤਾ।
ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਅੰਗਰੀਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਮੀ ਲੇਖਕ ਅਤੇ ਸੀਨੀਅਰ ਪੱਤਰਕਾਰ ਸ਼ਾਮਲ ਸਨ। ਜਿਨ੍ਹਾਂ ਵਿੱਚ ਬਲਦੇਵ ਸਿੰਘ ਸੜਕਨਾਮਾ, ਗੁਲਜ਼ਾਰ ਸੰਧੂ, ਪ੍ਰਿੰਸੀਪਲ ਸਰਵਣ ਸਿੰਘ, ਸੁਰਿੰਦਰ ਸਿੰਘ ਤੇਜ, ਸਿੱਧੂ ਦਮਦਮੀ, ਪੰਮੀ ਬਾਈ, ਸੁਖਵਿੰਦਰ ਅੰਮ੍ਰਿਤ, ਨਛੱਤਰ, ਡਾ.ਮਨਮੋਹਨ ਸਿੰਘ ਪ੍ਰਮੁੱਖ ਸਨ।