ਕਦੋਂ ਚੜ੍ਹੇਂਗਾ ਸੁੱਖਾਂ ਦਿਆ ਸੂਰਜਾ, ਕਦੋਂ ਮੁੱਕਣੀ ਐ ਦੁੱਖਾਂ ਵਾਲੀ ਰਾਤ

Sun, Rise, Long,

ਬਠਿੰਡਾ (ਅਸ਼ੋਕ ਵਰਮਾ)। ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਪਿੰਡ ਕਾਸਿਮਪੁਰ ਤੋਂ ਸਿਰਫ਼ 11 ਸਾਲ ਦੀ ਉਮਰ ‘ਚ ਅਗੰਮ ਸਿੰਘ ਨੇ ਜਦੋਂ ਪੰਜਾਬ ਦੀ ਧਰਤੀ ਤੇ ਪੈਰ ਧਰਿਆ ਸੀ, ਤਾਂ ਉਸ ਨੇ ਕੇਦੇ ਸੁਫ਼ਨੇ ‘ਚ ਵੀ ਨਹੀਂ ਸੋਚਿਆ ਸੀ ਕਿ ਜਿੰਦਗੀ ਦੇ ਅੰਤਮ ਪੜਾਅ ਤੇ ਉਸ ਨੂੰ ਉਜਾੜੇ ਦਾ ਮੂੰਹ ਵੇਖਣਾ ਪਵੇਗਾ। ਅਗੰਮ ਸਿੰਘ ਹੋਰਨਾਂ ਪ੍ਰਵਾਸੀ ਮਜਦੂਰਾਂ ਦੀ ਤਰ੍ਹਾਂ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇਣ ਲਈ ਪੰਜਾਬ ਆਇਆ ਸੀ, ਜਿੱਥੇ ਉਸ ਨੇ ਬਠਿੰਡਾ ਥਰਮਲ ਦੀ ਉਸਾਰੀ ਲਈ ਆਪਣਾ ਪਸੀਨਾ ਵਹਾਇਆ। ਅਗੰਮ ਸਿੰਘ ਦਾ ਪੁੱਤਰ ਪੰਕਜ਼ ਥਰਮਲ ‘ਚ ਠੇਕਾ ਮੁਲਾਜ਼ਮ ਸੀ, ਜਿਸ ਦੀ ਨੌਕਰੀ ਚਲੀ ਗਈ ਹੈ ਅਗੰਮ ਸਿੰਘ ਨੂੰ ਪਹਿਲੋ ਪਹਿਲ ਥਰਮਲ ਦੀ ਚਾਰਦੀਵਾਰੀ ਦੀ ਉਸਾਰੀ ‘ਚ ਕੰਮ ਮਿਲਿਆ ਸੀ, ਜਿੱਥੇ ਉਹ ਇੱਕ ਰੁਪੈ ਨਾਲ ਰੋਜ਼ਾਨਾ ਦਿਹਾੜੀ ਕਰਦਾ ਰਿਹਾ ਹੈ। ਜਦੋਂ ਥਰਮਲ ਬੰਦ ਕਰਨ ਦੀ ਖਬਰ ਆਈ ਤਾਂ ਉਸ ਦਾ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡ ਗਈ ਹੈ।

ਇਹ ਵੀ ਪੜ੍ਹੋ : ਹਰਜਿੰਦਰ ਸਿੰਘ ਇੰਸਾਂ ਨੇ ਵੀ ਲਿਖਵਾਇਆ ਸਰੀਰਦਾਨੀਆਂ ’ਚ ਨਾਂਅ

ਇਸ ਪ੍ਰਵਾਸੀ ਮਜ਼ਦੂਰ ਨੇ ਕਿਹਾ ਕਿ ਕੈਪਟਨ ਹਕੂਮਤ ਦੇ ਥਰਮਲ ਬੰਦ ਕਰਨ ਫੈਸਲੇ ਨੇ ਉਸ ਦੇ ਪੁੱਤਰ ਅਤੇ ਪਰਿਵਾਰ ਦੀ ਜਿੰਦਗੀ ਦੇ ਰੰਗ ਬੇਰੰਗ ਕਰ ਦਿੱਤੇ ਹਨ। ਉਸ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਉਹ ਕਿਸ ਕੋਲ ਫਰਿਆਦ ਕਰੇ ਕਾਫ਼ੀ ਭਰੇ ਮਨ ਨਾਲ ਅਗੰਮ ਸਿੰਘ ਨੇ ਆਖਿਆ ਕਿ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਦਾ ਤਾਂ ਇਤਿਹਾਸ ਭੁੱਖਿਆਂ ਨੂੰ ਰਜਾਉਣ ਵਾਲਾ ਹੈ, ਉੱਥੋਂ ਦੇ ਲੀਡਰਾਂ ਨੇ ਉਨ੍ਹਾਂ ਦੇ ਮੂੰਹੋਂ ਰੋਟੀ ਦੀ ਬੁਰਕੀ ਖੋਹ ਲਈ ਹੈ। ਕੰਟਰੈਕਟ ਵਰਕਰ ਪੰਕਜ਼ ਕਮਾਰ ਨੇ ਦੱਸਿਆ ਕਿ ਉਸ ਦੇ ਬਾਪ ਨੇ ਥਰਮਲ ਬੰਦ ਹੋਣ ਮਗਰੋਂ ਚੰਗੀ ਤਰ੍ਹਾਂ ਰੋਟੀ ਨਹੀਂ ਖਾਧੀ ਹੈ ਦੱਸਣਯੋਗ ਹੈ, ਕਿ ਪ੍ਰਾਈਵੇਟ ਤਾਪ ਬਿਜਲੀ ਘਰਾਂ ਦੇ ਮੁਕਾਬਲੇ ਸਰਕਾਰੀ ਖੇਤਰ ਦੇ ਥਰਮਲ ਪ੍ਰਜੈਕਟਾਂ ਦੀ ਬਿਜਲੀ ਮਹਿੰਗੀ ਪੈਣ ਦੀ ਦਲੀਲ ਦੇਕੇ ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਨੂੰ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਫੈਸਲਾ ਲਿਆ ਹੈ।

ਹਾਲਾਂਕਿ ਵਿਧਾਨ ਸਭਾ ਚੋਣਾਂ ਮੌਕੇ ਕੈਪਟਲ ਅਮਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰੀ ਥਰਮਲ ਚਾਲੂ ਰੱਖਣ ਦਾ ਵਾਅਦਾ ਕੀਤਾ ਸੀ, ਜਿਸ ਦੇ ਉਲਟ ਪਹਿਲੀ ਜਨਵਰੀ ਤੋਂ ਬਿਜਲੀ ਉਤਪਾਦਨ ਰੋਕ ਦਿੱਤਾ ਗਿਆ ਹੈ। ਏਦਾਂ ਹੀ ਥਰਮਲ ਬੰਦੀ ਦਾ ਫੈਸਲਾ ਠੇਕਾ ਮੁਲਾਜਮ ਅਰਵਿੰਦ ਰਾਮ ਲਈ ਝੱਖੜ ਬਣ ਕੇ ਆਇਆ ਹੈ। ਹੁਣ ਉਹ ਕਿਸੇ ਪਾਸੇ ਦਾ ਨਹੀਂ ਰਿਹਾ ਹੈ ਜਿੰਦਗੀ ਦੇ ‘ਅੱਛੇ ਦਿਨ’ ਉਸ ਨੇ ਬਠਿੰਡਾ ਥਰਮਲ ਦੇ ਲੇਖੇ ਲਾ ਦਿੱਤੇ ਹੈ।

ਇਹ ਵੀ ਪੜ੍ਹੋ : ਲਾਹੇਵੰਦ ਹੋ ਸਕਦੈ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ

ਅਰਵਿੰਦ ਨੌਕਰੀ ਦੇ ਪੱਖ ਤੋਂ ਓਵਰਏਜ ਹੋ ਗਿਆ ਹੈ ਉਹ ਦਿਨ ਵਕਤ ਸਰਕਾਰ ਖਿਲਾਫ਼ ਧਰਨੇ ਤੇ ਬੈਠਦਾ ਹੈ ਅਤੇ ਆਪਣਾ ਚੁੱਲ੍ਹਾ ਬਲਦਾ ਰੱਖਣ ਲਈ ਸ਼ਾਮ ਸਵੇਰ ਪਰਸ ਰਾਮ ਨਗਰ ‘ਚ ਜੁੱਤੀਆਂ ਗੰਢਦਾ ਹੈ। ਉਸ ਨੇ ਪਤਨੀ ਦਾ ਆਪਰੇਸ਼ਨ ਕਰਵਾਇਆ ਹੈ ਜਿਸ ਨੇ ਸਿਰ ਕਰਜਾ ਚਾੜ੍ਹ ਦਿੱਤਾ ਸਾਲ 2012 ‘ਚ ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਪਿਤਾ ਦੀ ਮੌਤ ਹੋ ਗਈ। ਉਸ ਤੇ ਦੁੱਖਾਂ ਦਾ ਪਹਾੜ ਉਦੋਂ ਟੁੱਟਿਆ ਜਦੋਂ ਪਿਛੇ ਜਿਹੇ ਛੋਟਾ ਲੜਕਾ ਜਹਾਨੋ ਚੱਲ ਵਸਿਆ ਉਸ ਦੇ ਛੋਟੇ ਛੋਟੇ ਬੱਚੇ ਹਨ। ਜਿੰਨ੍ਹਾਂ ਦੇ ਭਵਿੱਖ ਲਈ ਫਿਕਰਮੰਦ ਅਰਵਿੰਦ ਰਾਮ ਨੇ ਥਰਮਲ ਚਾਲੂ ਕਰਵਾਉਣ ਲਈ ਆਖਰੀ ਸਾਹ ਤੱਕ ਲੜਾਈ ਲੜਨ ਦੀ ਗੱਲ ਆਖੀ ਹੈ।

ਏਦਾਂ ਦੇ ਹੋਰ ਵੀ ਕਈ ਬਜ਼ੁਰਗ ਹਨ, ਜਿੰਨ੍ਹਾਂ ਨੇ ਚਾਰ ਦਹਾਕੇ ਪਹਿਲਾਂ ਜਦੋਂ ਪੰਜਾਬ ਦੀ ਧਰਤੀ ਤੇ ਪੈਰ ਧਰੇ ਤਾਂ ਸੁਨਹਿਰੀ ਭਵਿੱਖ ਦਾ ਸੁਫ਼ਨਾ ਦੇਖਿਆ ਸੀ। ਇਸ ਮੁਕਾਮ ਉਨ੍ਹਾਂ ਕਰੜੀ ਮੁਸ਼ੱਕਤ ਰਾਹੀਂ ਹਾਸਲ ਕਰ ਵੀ ਲਿਆ, ਪਰ ਨੇਤਾਵਾਂ ਦੀ ਨੀਤੀ ‘ਤੇ ਨੀਅਤ ਨੇ ਸਭ ਤਬਾਹ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਲਈ ਥਰਮਲ ਸੀਮਿੰਟ ਤੇ ਲੋਹੇ ਦਾ ਢਾਂਚਾ ਨਹੀਂ ਬਲਕਿ ਉਹ ਚੁੱਲ੍ਹਾ ਸੀ, ਜਿਸ ਦੇ ਸੇਕ ਨਾਲ ਹਜ਼ਾਰਾਂ ਆਂਦਰਾਂ ਦੀ ਭੁੱਖ ਮਿਟਦੀ ਸੀ।

ਇੰਨ੍ਹਾਂ ਬਿਰਧਾਂ ਦਾ ਪ੍ਰਤੀਕਰਮ ਹੈ, ਕਿ ਸਰਕਾਰ ਉਨ੍ਹਾਂ ਦੇ ਬੁਢਾਪੇ ਤੇ ਪੋਤੇ ਪੋਤੀਆਂ ਦਾ ਖਿਆਲ ਕਰਕੇ ਰਹਿਮ ਕਰੇ ਦੱਸਣਯੋਗ ਹੈ ਕਿ ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਨੇ ਥਰਮਲ ਬੰਦ ਕਰਨ ਖਿਲਾਫ ਪਹਿਲੀ ਜਨਵਰੀ ਤੋਂ ਥਰਮਲ ਬਚਾਓ ਪੱਕਾ ਮੋਰਚਾ ਲਾਇਆ ਹੋਇਆ ਹੈ ਕੱਚੇ ਕਾਮਿਆਂ ਨੇ ਸੰਘਰਸ਼ੀ ਲੋਹੜੀ ਤੇ ਹੋਲੀ ਵੀ ਪੱਕੇ ਮੋਰਚੇ ‘ਚ ਮਨਾਈ। ਮੋਰਚੇ ‘ਚ ਠੇਕਾ ਮੁਲਾਜਮਾਂ ਵੱਲੋਂ ਨਿੱਤ ਨਵਾਂ ਪੁਤਲਾ ਤਿਆਰ ਕੀਤਾ ਜਾਂਦਾ ਹੈ। ਜਿਸ ਨੂੰ ਕੱਚੇ ਕਾਮੇ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੇ ਸਾੜਕੇ ਆਪਣਾ ਰੋਸ ਪ੍ਰਗਟ ਕਰਦੇ ਹਨ।

ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮਾਪੇ ਆਪਣੀ ਜੰਮਣ ਭੋਇੰ ਤਿਆਗ ਕੇ ਸੁਨਹਿਰੀ ਭਵਿੱਖ ਦੇ ਨਕਸ਼ ਤਰਾਸ਼ਣ ਲਈ ਤੁਰੇ ਸਨ, ਜਿੰਨ੍ਹਾਂ ਨੂੰ ਕੈਪਟਨ ਸਰਕਾਰ ਨੇ ਰਾਖ ਕਰ ਦਿੱਤਾ ਹੈ ਉਨ੍ਹਾਂ ਆਖਿਆ ਕਿ ਉਹ ਪਿਛਲੇ ਦੋ ਮਹੀਨਿਆਂ ਦੌਰਾਨ ਹਰ ਅਫਸਰ ਅਤੇ ਨੇਤਾਵਾਂ ਦੇ ਬੂਹੇ ਤੇ ਦਸਤਕ ਦਿੱਤੀ ਹੈ ਪਰ ਕਿਸੇ ਨੇ ਵੀ ਸੁੱਖ ਸੁਨੇਹੇਂ ਵਾਲਾ ਕੁੰਡਾ ਨਹੀਂ ਖੋਹਲਿਆ। ਸ੍ਰੀ ਢਿੱਲੋਂ ਨੇ ਕਿਹਾ ਕਿ ਸਰਕਾਰ ਜੋ ਮਰਜੀ ਕਹੇ ਥਰਮਲ ਚਾਲੂ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ।