ਕਾਂਗਰਸ ਨੇ ਫੇਰਿਆ ਹੂੰਝਾ, 62 ਵਾਰਡ ਜਿੱਤੇ
- ਅਕਾਲੀ ਦਲ 11, ਭਾਜਪਾ 10, ਲਿਪ 7 ਅਤੇ ਆਪ ਨੂੰ 1 ਸੀਟ ਮਿਲੀ
ਲੁਧਿਆਣਾ (ਸੱਚ ਕਹੂੰ ਨਿਊਜ)। ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਲਈ ਪਾਈਆਂ ਗਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ, ਜਿਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ 62 ਸੀਟਾਂ ‘ਤੇ ਜਿੱਤ ਦਰਜ ਕੀਤੀ। ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 11, ਭਾਰਤੀ ਜਨਤਾ ਪਾਰਟੀ ਨੂੰ 10, ਲੋਕ ਇਨਸਾਫ਼ ਪਾਰਟੀ ਨੂੰ 7, ਅਜ਼ਾਦ ਨੂੰ 4 ਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ। ਵੋਟਾਂ ਦੀ ਗਿਣਤੀ ਦਾ ਕੰਮ ਅੱਜ ਅਮਨ-ਅਮਾਨ ਤੇ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਿਆ।
ਮੁੱਖ ਮੰਤਰੀ ਕੈਪਟਨ ਨੇ ਟਵੀਟ ਕਰਕੇ ਦਿੱਤੀ ਵਧਾਈ
ਲੁਧਿਆਣਾ ਨਗਰ ਨਿਗਮ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਆਗੂਆਂ, ਵਰਕਰਾਂ ਤੇ ਜੇਤੂ ਉਮੀਦਵਾਰਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ ਕੈਪਟਨ ਨੇ ਟਵੀਟ ‘ਚ ਲਿਖਿਆ ਹੈ ਕਿ ਉਨ੍ਹਾਂ ਦੀ ਜਿੱਤ ਪਿੱਛੇ ਲੋਕ ਪੱਖੀ ਨੀਤੀਆਂ ਹੀ ਅਧਾਰ ਬਣੀਆਂ ਹਨ ਉਨ੍ਹਾਂ ਕਿਹਾ ਕਿ 95 ‘ਚੋਂ 62 ਸੀਟਾਂ ਹਾਸਲ ਕਰਕੇ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਜਿੱਤ ਪੰਜਾਬ ਦੇ ਲੋਕਾਂ ਦਾ ਸਰਕਾਰ ‘ਤੇ ਭਰੋਸਾ ਦਰਸਾਉਂਦੀ ਹੈ।
ਜਿੱਤ ਦੀ ਖੁਸ਼ੀ ‘ਚ ਜੋਸ਼ ‘ਚ ਆਏ ਹਮਾਇਤੀ
ਚੋਣਾਂ ਦੌਰਾਨ ਸਪੱਸ਼ਟ ਬਹੁਮਤ ਨਾਲ ਮਿਲੀ ਜਿੱਤ ਦੀ ਸੀਨੀਅਰ ਕਾਂਗਰਸੀ ਆਗੂਆਂ ਨੂੰ ਇੰਨੀ ਖੁਸ਼ੀ ਚੜ੍ਹ ਗਈ ਕਿ ਜਿੱਤ ਦੇ ਜੋਸ਼ ‘ਚ ਉਹ ਆਪਣੇ ਹੋਸ਼ ਗੁਆ ਬੈਠੇ ਕਿਉਂਕਿ ਕਾਂਗਰਸੀ ਵਿਧਾਇਕ ਭਾਰਤ ਭੂਸ਼ਨ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੇ ਹਮਾਇਤੀਆਂ ਦੀ ਹੋਈ ਭਾਰੀ ਜਿੱਤ ਤੋਂ ਵੱਧ ਖੁਸ਼ ਹੋ ਕੇ ਬਿਨਾ ਹੈਲਮਟ ਤੋਂ ਹੀ ਮੋਟਰਸਾਈਕਲ ‘ਤੇ ਲੁਧਿਆਣਾ ਦੀਆਂ ਸੜਕਾਂ ‘ਤੇ ਉੱਤਰ ਆਏ।