Wheat Crop Heat Stress: ਬਦਲਦੇ ਜਲਵਾਯੂ, ਤਾਪਮਾਨ ’ਚ ਉਤਰਾਅ-ਚੜ੍ਹਾਅ ਅਤੇ ਮੀਂਹ ’ਚ ਬੇਯਕੀਨੀ ਕਾਰਨ ਮੌਸਮੀ ਆਫ਼ਤਾਂ ਦੀ ਦਰ ਅਤੇ ਤੀਬਰਤਾ ਬਦਲ ਰਹੀ ਹੈ। ਇਸ ਵਾਰ ਕਣਕ ਦੀ ਫ਼ਸਲ ਨੂੰ ਸਮੇਂ ਤੋਂ ਪਹਿਲਾਂ ਹੀ ਗਰਮੀ ਦੇ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਕਣਕ ਦੀ ਫ਼ਸਲ ਦੇ ਝਾੜ ਵਿੱਚ ਨੁਕਸਾਨ ਹੋਣ ਦਾ ਖ਼ਦਸ਼ਾ ਵੀ ਵਧ ਰਿਹਾ ਹੈ। ਦਾਣਾ ਬਣਨ ਅਤੇ ਭਰਨ ਦੇ ਸਮੇਂ ਅਚਾਨਕ ਉੱਚ ਤਾਪਮਾਨ ਹੋਣ ਕਰਕੇ ਹਲਕੀ ਜਾਂ ਦਰਮਿਆਨੀ ਕਿਸਮ ਦੀ ਜ਼ਮੀਨ ਵਿੱਚ ਬੀਜੀ ਗਈ ਅਗੇਤੀ ਕਣਕ ਜਲਦੀ ਸਿੱਟੇ ਕੱਢ ਕੇ ਪੱਕਣ ਲੱਗ ਪੈਂਦੀ ਹੈ, ਦਾਣੇ ਪੂਰੀ ਤਰ੍ਹਾਂ ਭਰਦੇ ਨਹੀਂ ਅਤੇ ਝਾੜ ਘਟ ਜਾਂਦਾ ਹੈ।
ਇਹ ਖਬਰ ਵੀ ਪੜ੍ਹੋ : Social Media Addiction: ਸੋਸ਼ਲ ਮੀਡੀਆ ਦੀ ਲਤ ਨੌਜਵਾਨ ਪੀੜ੍ਹੀ ਲਈ ਖ਼ਤਰੇ ਦੀ ਘੰਟੀ
ਉੱਚ ਤਾਪਮਾਨ ਦੇ ਪ੍ਰਭਾਵ ਤੋਂ ਬਚਾਉਣ ਲਈ ਤਰੀਕੇ:-
- ਉੱਚ ਤਾਪਮਾਨ ਨੂੰ ਸਹਿਣ ਕਰਨ ਵਾਲੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਜਿਵੇਂ: ਪੀਬੀਡਬਲਯੂ 725, ਪੀਬੀਡਬਲਯੂ 826 ਅਤੇ ਐਚਡੀ 3086 ਦੀ ਬਿਜਾਈ ਕਰਨੀ ਚਾਹੀਦੀ ਹੈ ।
- ਦਾਣਾ ਬਣਨ ਸਮੇਂ ਪਾਣੀ ਦੀ ਕਮੀ ਨਾ ਹੋਣ ਦਿਓ। ਜੇਕਰ ਦਾਣੇ ਭਰਨ ਸਮੇਂ ਤਾਪਮਾਨ ਵੱਧ ਰਹਿੰਦਾ ਹੈ ਤਾਂ ਫ਼ਸਲ ਸਮੇਂ ਤੋਂ ਪਹਿਲਾਂ ਪੱਕ ਜਾਂਦੀ ਹੈ ਅਤੇ ਦਾਣਿਆਂ ਦਾ ਭਾਰ ਘਟ ਜਾਂਦਾ ਹੈ।
- ਕਣਕ ਨੂੰ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ ਕਿਉਂਕਿ ਸਿੰਚਾਈ ਕਰਨ ਨਾਲ ਮਿੱਟੀ ਦਾ ਤਾਪਮਾਨ ਘਟਦਾ ਹੈ। ਸਿੰਚਾਈ ਕਰਨ ਸਮੇਂ ਕਣਕ ਨੂੰ ਡਿੱਗਣ ਤੋਂ ਬਚਾਉਣ ਲਈ ਹਵਾ ਦੀ ਗਤੀ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
- ਕਣਕ ਨੂੰ ਦਾਣੇ ਭਰਨ ਸਮੇਂ ਉੱਚ ਤਾਪਮਾਨ ਦੇ ਪ੍ਰਭਾਵ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ 2 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਲਈ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਤਿਆਰ ਕਰੋ। ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿੱਕਲਣ ਵੇਲੇ ਅਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗ੍ਰਾਮ ਸੈਲੀਸਿਲਕ ਐਸਿਡ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲਿਟਰ ਪਾਣੀ ਵਿੱਚ ਘੋਲ ਕੇ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿੱਕਲਣ ਸਮੇਂ ਅਤੇ ਦੂਸਰਾ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ।
- ਜ਼ਿਆਦਾ ਨਾਈਟ੍ਰੋਜਨ ਪਾਉਣ ਨਾਲ ਫ਼ਸਲ ਨਰਮ ਹੋ ਜਾਂਦੀ ਹੈ ਅਤੇ ਘੱਟ ਨਾਈਟ੍ਰੋਜਨ ਨਾਲ ਫਸਲ ਮਾੜੀ ਰਹਿ ਜਾਂਦੀ ਹੈ ਜਿਸ ਕਾਰਨ ਗਰਮੀ ਦਾ ਅਸਰ ਵੱਧ ਹੁੰਦਾ ਹੈ। ਇਸ ਲਈ ਸਿਫ਼ਾਰਸ਼ ਕੀਤੀ ਮਾਤਰਾ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ।
- ਖੇਤ ਵਿੱਚ ਰੂੜੀ ਦੀ ਖਾਦ ਜਾਂ ਕੰਪੋਸਟ ਜਾਂ ਹਰੀ ਖਾਦ ਪਾਉਣ ਨਾਲ ਮਿੱਟੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਜ਼ਮੀਨ ਦੀ ਪਾਣੀ ਸੰਭਾਲਣ ਦੀ ਸਮਰੱਥਾ ਵਧਦੀ ਹੈ ਅਤੇ ਉੱਚ ਤਾਪਮਾਨ ਦੌਰਾਨ ਫ਼ਸਲ ਘੱਟ ਪ੍ਰਭਾਵਿਤ ਹੁੰਦੀ ਹੈ।
- ਖੇਤ ਵਿੱਚ ਨਦੀਨਾਂ ਨੂੰ ਖਤਮ ਕਰਨਾ ਚਾਹੀਦਾ ਹੈ। ਨਦੀਨਾਂ ਨਾਲ ਮੁਕਾਬਲਾ ਘਟਣ ਕਰਕੇ ਪੌਦੇ ਨੂੰ ਪੂਰੀ ਖੁਰਾਕ ਅਤੇ ਪਾਣੀ ਮਿਲਦਾ ਹੈ ਅਤੇ ਉੱਚ ਤਾਪਮਾਨ ਨੂੰ ਸਹਿਣ ਦੀ ਸਮਰੱਥਾ ਵਧਦੀ ਹੈ।
- ਕਿਸਾਨ ਬਦਲਦੇ ਮੌਸਮੀ ਰੁਝਾਨਾਂ ’ਤੇ ਲਗਾਤਾਰ ਨਿਗਰਾਨੀ ਰੱਖਣ ਅਤੇ ਸਬੰਧਿਤ ਖੇਤੀਬਾੜੀ ਵਿਭਾਗਾਂ ਵੱਲੋਂ ਜਾਰੀ ਕੀਤੀਆਂ ਮੌਸਮ-ਆਧਾਰਿਤ ਖੇਤੀ ਸਲਾਹਾਂ ਦੀ ਪਾਲਣਾ ਕਰਨ। ਇਸ ਨਾਲ ਉਹ ਗਰਮੀ ਦੇ ਤਣਾਅ ਦੇ ਨੁਕਸਾਨ ਨੂੰ ਘਟਾਉਣ ਲਈ ਆਪਣੇ ਖੇਤੀਬਾੜੀ ਅਭਿਆਸਾਂ ਦੀ ਯੋਜਨਾ ਨੂੰ ਸਮੇਂ-ਸਿਰ ਸਹੀ ਢੰਗ ਨਾਲ ਲਾਗੂ ਕਰ ਸਕਦੇ ਹਨ।
ਧੰਨਵਾਦ ਸਹਿਤ, ਪੀਏਯੂ, ਲੁਧਿਆਣਾ














