ਨਾਭਾ (ਤਰੁਣ ਕੁਮਾਰ ਸ਼ਰਮਾ)। ਸਥਾਨਕ ਰਿਪੁਦਮਨ ਕਾਲਜ਼ ਮੈਦਾਨ ਵਿਖੇ ਚੱਲ ਰਹੇ 42ਵੇਂ ਜੀ.ਐਸ.ਬੈਂਸ ਸਰਬ ਭਾਰਤੀ ਲਿਬਰਲਜ਼ ਹਾਕੀ ਟੂਰਾਨਾਮੈਂਟ ਦੇ ਛੇਵੇਂ ਦਿਨ ਚਾਰ ਕੁਆਟਰ ਫਾਈਨਲ ਮੈਚ ਖੇਡੇ ਗਏ। ਅੱਜ ਦਾ ਪਹਿਲਾ ਕੁਆਟਰ ਫਾਈਨਲ ਮੈਚ ਪੰਜਾਬ ਪੁਲਿਸ ਜਲੰਧਰ ਅਤੇ ਈਐਮਈ ਜਲੰਧਰ, ਦੂਜਾ ਸਾਈ ਕੁਰੂਕੇਸ਼ਤਰ ਅਤੇ ਆਈਟੀਬੀਪੀ ਜਲੰਧਰ, ਤੀਜਾ ਹੌਕਸ ਰੂਪਨਗਰ ਅਤੇ ਪਾਵਰਕਾਮ ਪਟਿਆਲਾ, ਚੌਥਾ ਕੁਆਟਰ ਫਾਈਨਲ ਇੰਡੀਅਨ ਓਵਰਸੀਜ਼ ਬੈਂਕ ਨਵੀ ਦਿੱਲੀ ਅਤੇ ਕਾਰਪਸ ਆਫ਼ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡੇ ਗਏ। ਕੁਆਟਰ ਫਾਇਨਲ ਮੈਚਾਂ ਵਿੱਚ ਪੰਜਾਬ ਪੁਲਿਸ ਜਲੰਧਰ ਨੇ 1-0, ਸਾਈ ਕੁਰੂਕੇਸ਼ਤਰ 2-1। (Hockey Tournament)
ਹੌਕਸ ਰੂਪਨਗਰ ਨੇ 3-2 ਅਤੇ ਕਾਰਪਸ ਆਫ਼ ਸਿੰਗਨਲਜ਼ ਜਲੰਧਰ ਨੇ ਜਿੱਤ ਹਾਸਿਲ ਕਰਕੇ ਟੂਰਨਾਮੈਂਟ ਦੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ। ਪਹਿਲੇ ਕੁਆਟਰ ਫਾਈਨਲ ਮੈਚ ਵਿੱਚ ਪੰਜਾਬ ਪੁਲਿਸ ਅਤੇ ਈਐਮਈ ਜਲੰਧਰ ਦੀਆਂ ਟੀਮਾਂ ਦੇ ਖਿਡਾਰੀਆਂ ਦੀ ਸ਼ਾਨਦਾਰ ਖੇਡ ਕਰਕੇ ਮੈਚ ਪੂਰਾ ਫ਼ਸਵਾਂ ਅਤੇ ਦਿਲਚਸਪ ਰਿਹਾ। ਪਹਿਲੇ ਅੱਧ ਤੱਕ ਦੋਵੇਂ ਟੀਮਾਂ ਬਰਾਬਰ ਰਹੀਆਂ। ਦੂਜੇ ਅੱਧ ਦੇ 47ਵੇਂ ਮਿੰਟ ਵਿਚ ਪੰਜਾਬ ਪੁਲਿਸ ਦੇ ਸਰਬਜੀਤ ਸਿੰਘ ਨੇ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਲੀਡ ਦਿਵਾਈ ਜੋ ਮੈਚ ਦੇ ਅੰਤ ਤੱਕ ਬਣੀ ਰਹੀ ਤੇ ਪੰਜਾਬ ਪੁਲਿਸ ਨੇ ਪਿਛਲੇ ਸਾਲ ਦੀ ਚੈਂਪੀਅਨ ਰਹੀ ਈਐਮਈ ਦੀ ਟੀਮ ਨੂੰ 1-0 ਨਾਲ ਹਰਾਕੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ।
ਇਹ ਵੀ ਪੜ੍ਹੋ : ਸਾਵਧਾਨ! ਕੋਰੋਨਾ ਨਾਲ ਜਾ ਸਕਦੀ ਹੈ ਗਲੇ ਦੀ ਆਵਾਜ਼, ਨਵੀਂ ਖੋਜ ਨੇ ਪਾਈ ਦਹਿਸ਼ਤ!
ਦੂਜਾ ਮੈਚ ਸਾਈ ਕੁਰੂਕੇਸ਼ਤਰ ਅਤੇ ਆਈਟੀਬੀਪੀ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਪਹਿਲਾ ਗੋਲ ਆਈਟੀਬੀਪੀ ਦੇ ਖਿਡਾਰੀ ਜਸਵਿੰਦਰ ਸਿੰਘ ਨੇ 17ਵੇਂ ਮਿੰਟ ਗੋਲ ਕਰਕੇ ਟੀਮ ਨੂੰ ਲੀਡ ਤਾਂ ਦਿਵਾਈ ਪਰ ਸਾਈ ਦੇ ਖਿਡਾਰੀ ਵਾਈ ਰਾਹੁਲ ਨੇ 27ਵੇਂ ਮਿੰਟ ਵਿਚ ਗੋਲ ਕਰਕੇ 1-1 ਦੀ ਬਰਾਬਰੀ ਕਰ ਲਈ। ਮੈਚ ਦੇ ਦੂਜੇ ਅੱਧ ਵਿਚ ਦੋਨੋ ਟੀਮਾਂ ਦੇ ਖਿਡਾਰੀਆਂ ਨੇ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਮੈਚ ਦੇ ਅੰਤਲੇ ਪਲਾਂ ਵਿਚ ਸਾਈ ਦੇ ਖਿਡਾਰੀ ਨੇ 69ਵੇਂ ਮਿੰਟ ਵਿਚ ਗੋਲ ਕਰਕੇ ਆਪਣੀ ਟੀਮ ਲਈ 2-1 ਗੋਲਾਂ ਨਾਲ ਵਾਧਾ ਹਾਸਿਲ ਕਰਕੇ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ। ਤੀਜੇ ਮੈਚ ਹੌਕਸ ਰੂਪਨਗਰ ਨੇ ਪਾਵਰਕਾਮ ਪਟਿਆਲਾ ਨੂੰ 3-2 ਗੋਲਾਂ ਨਾਲ ਹਰਾ ਕੇ ਸੈਮੀ ਫਾਈਨਲ ਵਿਚ ਆਪਣਾ ਸਥਾਨ ਪੱਕਾ ਕਰ ਲਿਆ। (Hockey Tournament)
ਚੌਥਾ ਕੁਆਟਰ ਫਾਈਨਲ ਕਾਰਪਸ ਆਫ਼ ਸਿੰਗਰਲਜ਼ ਜਲੰਧਰ ਅਤੇ ਇੰਡੀਅਨ ਓਵਰਸੀਜ਼ ਬੈਂਕ ਵਿਚਕਾਰ ਖੇਡਿਆ ਗਿਆ। ਮੈਚ ਦੇ ਪਹਿਲੇ ਅੱਧ ਤੱਕ ਕਾਰਪਸ ਦੀ ਟੀਮ 2-0 ਗੋਲਾਂ ਨਾਲ ਅੱਗੇ ਸੀ। ਦੂਜੇ ਅੱਧ ਦੇ ਸ਼ੁਰੂ ਵਿਚ ਇੰਡੀਅਨ ਓਵਰਸੀਜ਼ ਬੈਂਕ ਦੇ ਖਿਡਾਰੀ ਨੇ ਗੋਲ ਕੀਤਾ ਪਰ ਕਾਰਪਸ ਆਫ਼ ਸਿੰਗਨਲਜ਼ ਦੇ ਖਿਡਾਰੀਆਂ ਨੇ ਦੋ ਹੋਰ ਗੋਲ ਕਰਕੇ ਮੈਚ 4-1 ਨਾਲ ਜਿੱਤ ਲਿਆ। ਅੱਜ ਦੇ ਮੈਚਾਂ ਦੇ ਉਦਘਾਟਨ ਕ੍ਰਮਵਾਰ ਡੀਐਸਪੀ ਚੰਦ ਸਿੰਘ ਨਾਭਾ, ਕੁਲਭੂਸ਼ਣ ਭਾਰਦਵਾਜ ਨਾਈਬ ਤਹਿਸੀਲਦਾਰ, ਡੀ.ਪੀ.ਐਸ. ਗਰੇਵਾਲ ਮੁੱਖ ਪ੍ਰਬੰਧਕ ਪਾਵਰਕਾਮ ਪਟਿਆਲਾ ਅਤੇ ਡਾ. ਹਰਮੀਤ ਸਿੰਘ ਕਨੈਡਾ ਨੇ ਕੀਤੇ। ਇਸ ਮੌਂਕੇ ਗੁਰਕਰਨ ਸਿੰਘ ਬੈਂਸ, ਗੁਰਜੀਤ ਸਿੰਘ ਬੈਂਸ, ਅਸ਼ੋਕ ਬਾਂਸਲ, ਰੁਪਿੰਦਰ ਸਿੰਘ ਗਰੇਵਾਲ, ਐਡਵੋਕੇਟ ਗੁਰਜਿੰਦਰ ਸਿੰਘ ਧਾਲੀਵਾਲ, ਜਤਿੰਦਰ ਸਿੰਘ ਦਾਖੀ,ਦਲਵੀਰ ਸਿੰਘ ਭੰਗੂ ਆਦਿ ਹਾਜ਼ਰ ਸਨ। (Hockey Tournament)