Women Schemes Punjab: ‘ਨਵੇਂ ਸਾਲ ’ਤੇ ‘ਆਪ’ ਨੂੰ ਸਵਾਲ, ਕਦੋਂ ਮਿਲਣਗੇ ਇੱਕ ਹਜ਼ਾਰ?, ਔਰਤਾਂ ਦੀ ਗਰੰਟੀ ਪੂਰੀ ਕਦੋਂ ਕਰੇਗੀ ਸਰਕਾਰ’

Women Schemes Punjab
Women Schemes Punjab: ‘ਨਵੇਂ ਸਾਲ ’ਤੇ ਆਪ ਨੂੰ ਸਵਾਲ, ਕਦੋਂ ਮਿਲਣਗੇ ਇੱਕ ਹਜ਼ਾਰ?, ਔਰਤਾਂ ਦੀ ਗਰੰਟੀ ਪੂਰੀ ਕਦੋਂ ਕਰੇਗੀ ਸਰਕਾਰ’

Women Schemes Punjab: ਪੰਜਾਬ ਮਹਿਲਾ ਕਾਂਗਰਸ ਨੇ ਕੀਤਾ ਡੀਸੀ ਦਫਤਰਾਂ ਦਾ ਘਿਰਾਓ

Women Schemes Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮਨਰੇਗਾ ਕਾਨੂੰਨਾਂ ਦੇ ਵਿਰੋਧ ਤਹਿਤ ਬੁੱਧਵਾਰ ਨੂੰ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜ਼ਿਲ੍ਹਾ ਪ੍ਰਧਾਨ ਰੇਖਾ ਅਗਰਵਾਲ ਤੇ ਭੁਪਿੰਦਰ ਕੌਰ ਦੀ ਅਗਵਾਈ ਪੰਜਾਬ ਦੀ ਆਪ ਸਰਕਾਰ ਵੱਲੋਂ ਔਰਤਾਂ ਨਾਲ ਕੀਤੇ ਗਏ ਵੱਡੇ ਧੋਖੇ ਦੇ ਵਿਰੋਧ ਵਿੱਚ, ਹਰ ਔਰਤ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦੀ ਮੰਗ ਰੱਖਦੇ ਹੋਏ ਡੀਸੀ ਦਫਤਰ ਪਟਿਆਲਾ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸੇ ਦੌਰਾਨ ਪ੍ਰੈਸ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਮਹਿਲਾ ਕਾਂਗਰਸ ਔਰਤਾਂ ਦੇ ਹੱਕਾਂ ਲਈ ਆਪਣੀ ਲੜਾਈ ਲੜ ਰਹੀ ਹੈ।

ਦੂਜੇ ਪਾਸੇ ਆਮ ਆਦਮੀ ਸਰਕਾਰ ਸਮੇਂ ਸਮੇਂ ਤੇ ਔਰਤਾਂ ਨੂੰ ਹਜ਼ਾਰ ਰੁਪਇਆ ਦੇਣ ਦੀ ਗਰੰਟੀ ਦੀ ਤਰੀਕ ਅੱਗੇ ਪਾ ਕੇ ਮਹਿਲਾਵਾਂ ਤੇ ਬੇਟੀਆਂ ਦਾ ਮਜ਼ਾਕ ਉਡਾ ਰਹੀ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ 48 ਹਜ਼ਾਰ ਤੋਂ ਵੱਧ ਦੀ ਬਕਾਇਆ ਰਾਸ਼ੀ ਵੀ ਦਿੱਤੀ ਜਾਏ। ਬੀਬੀ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਤੇ ਇੰਚਾਰਜ ਨਤਾਸ਼ਾ ਸ਼ਰਮਾ ਦੀ ਅਗਵਾਈ ਹੇਠ ਹਜ਼ਾਰਾਂ ਔਰਤਾਂ ਨੇ ਵਿਧਾਨ ਸਭਾ ਚੰਡੀਗੜ੍ਹ ਦਾ ਘਰਾਓ ਕੀਤਾ ਸੀ ਤੇ ਆਪਣੀ ਮੰਗ ਰੱਖੀ ਸੀ, ਜਿਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਔਰਤਾਂ ਦੀ ਵੱਡੀ ਗਿਣਤੀ ਤੇ ਰੋਹ ਨੂੰ ਦੇਖਦੇ ਹੋਏ ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਦਾ ਪ੍ਰਯੋਗ ਕੀਤਾ ਗਿਆ।

Women Schemes Punjab

ਉਨ੍ਹਾਂ ਕਿਹਾ ਆਪ ਸਰਕਾਰ ਲਈ ਬੜੀ ਸ਼ਰਮ ਤੇ ਮਹਿਲਾ ਕਾਂਗਰਸ ਲਈ ਮਾਣ ਦੀ ਗੱਲ ਹੈ ਕਿ ਹਿੰਦੁਸਤਾਨ ’ਚ ਪਹਿਲੀ ਵਾਰ ਕਿਸੇ ਸਰਕਾਰ ਨੂੰ ਹਜ਼ਾਰਾਂ ਮਹਿਲਾਵਾਂ ਦਾ ਵੱਡਾ ਇਕੱਠ ਤੇ ਰੋਹ ਦੇਖਦੇ ਹੋਏ ਉਨ੍ਹਾਂ ’ਤੇ ਪਾਣੀ ਦੀਆਂ ਬੁਛਾੜਾਂ ਛੱਡਣੀਆਂ ਪਈਆਂ ਤੇ ਲਾਠੀਚਾਰਜ ਕਰਨਾ ਪਿਆ। ਇਸੇ ਦੌਰਾਨ ਜ਼ਿਲ੍ਹਾ ਮਹਿਲਾ ਕਾਂਗਰਸ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਤੇ ਦਿਹਾਤੀ ਪ੍ਰਧਾਨ ਭੁਪਿੰਦਰ ਕੌਰ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਮਹਿਲਾਵਾਂ ਦੇ ਹੱਕਾਂ ਲਈ ਆਪਣੀ ਲੜਾਈ ਜਾਰੀ ਰੱਖੇਗੀ।

Read Also : ਅੰਗੀਠੀ ਦੇ ਧੂੰਏਂ ’ਚ ਦਮ ਘੁੱਟਣ ਨਾਲ ਬਜ਼ੁਰਗ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ

ਇਸ ਮੌਕੇ ਯਾਮਿਨੀ ਵਰਮਾ, ਰੂਪਿੰਦਰ ਕੌਰ ਜਲਾਲਪੁਰ, ਲਤਾ ਵਰਮਾ, ਪ੍ਰਿੰਸੀਪਲ ਅਮਰਜੀਤ ਕੌਰ, ਮਨਜੀਤ ਕੌਰ ਭੱਠਲ, ਬਲਵਿੰਦਰ ਕੌਰ ਨਿਆਲ ਪ੍ਰਧਾਨ ਪਾਤੜਾ, ਪੂਜਾ ਗਰਗ ਸਮਾਣਾ, ਰੇਨੂੰ ਬਾਲਾ, ਗੁਰਮੀਤ ਕੌਰ, ਪੱਲਵੀ ਜੈਨ, ਲਲਿਤਾ ਰਾਓ, ਹਰਵਿੰਦਰ ਕੌਰ, ਗੁਰਪ੍ਰੀਤ ਸਿੰਘ ਪੀਏ, ਕਾਲਾ ਬਠੋਈ, ਪ੍ਰਭ ਭਿੰਡਰ ਵੀ ਹਾਜ਼ਰ ਰਹੇ। ਇਸੇ ਦੌਰਾਨ ਸਮੂਹ ਮਹਿਲਾ ਕਾਂਗਰਸ ਤੇ ਸਾਬਕਾ ਏਆਈਜੀ ਗੁਰਿੰਦਰ ਸਿੰਘ ਢਿੱਲੋ ਨੇ ਤਹਿਸੀਲਦਾਰ ਰਾਹੀਂ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ।