ਪਹਿਲਾਂ ਵੀ ਤਿੰਨ ਪਤੀ ਵੀ ਸ਼ੱਕੀ ਹਾਲਤ ’ਚ ਮਰੇ
Murder: (ਵਿਸ਼ਾਲ ਕੁਮਾਰ ਗੋਇਲ) ਘੱਗਾ। ਨੇੜਲੇ ਪਿੰਡ ਕੁਲਾਰਾਂ ’ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਅਧਖੜ ਉਮਰ ਦੀ ਔਰਤ ਨੇ ਅੱਧੀ ਰਾਤ ਨੂੰ ਆਪਣੇ ਪਤੀ ਦਾ ਗਲਾ ਘੁੱਟ ਕੇ ‘ਕਤਲ’ ਕਰ ਦਿੱਤਾ। ਮ੍ਰਿਤਕ ਦੀ ਪਛਾਣ ਆਤਮਾ ਸਿੰਘ (38) ਵਜੋਂ ਹੋਈ ਹੈ ਸੂਚਨਾ ਮਿਲਣ ਤੇ ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਸਮਾਣਾ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਂਚ ਅਧਿਕਾਰੀ ਚੌਂਕੀ ਮਵੀ ਕਲਾਂ ਦੇ ਇੰਚਾਰਜ ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਤਮਾ ਸਿੰਘ ਦੇ ਪਿਤਾ ਹੰਸਾ ਸਿੰਘ, ਨਿਵਾਸੀ ਪਿੰਡ ਕੁਲਾਰਾਂ ਅਨੁਸਾਰ ਉਸ ਦੇ ਲੜਕੇ ਦਾ ਵਿਆਹ ਤਿੰਨ ਸਾਲ ਪਹਿਲਾਂ ਰਾਣੀ ਕੌਰ (ਨਿਵਾਸੀ ਪਿੰਡ ਸ਼ਾਹਪੁਰ) ਨਾਲ ਹੋਇਆ ਸੀ। ਰਾਣੀ ਕੌਰ ਦੇ ਪਹਿਲਾਂ ਵੀ ਤਿੰਨ ਵਿਆਹ ਹੋ ਚੁੱਕੇ ਹਨ ਅਤੇ ਉਸ ਦੇ ਪਹਿਲੇ ਪਤੀਆਂ ਦੀ ਵੀ ਸ਼ੱਕੀ ਹਾਲਤਾਂ ਵਿੱਚ ਮੌਤ ਹੋਈ ਸੀ। ਇਸ ਤੋਂ ਇਲਾਵਾ ਰਾਣੀ ਕੌਰ ਦਾ ਇੱਕ 14 ਸਾਲਾ ਪੁੱਤਰ ਵੀ ਹੈ, ਜੋ ਪਹਿਲੇ ਵਿਆਹ ਤੋਂ ਹੈ। ਰਾਣੀ ਕੌਰ, ਜੋ ਆਟੋ ਰਿਕਸ਼ਾ ਚਲਾਉਂਦੀ ਹੈ, ਅਕਸਰ ਉਸਦੇ ਪੁੱਤਰ (ਆਤਮਾ ਸਿੰਘ) ਨਾਲ ਝਗੜੇ ਕਰਦੀ ਰਹਿੰਦੀ ਸੀ।
ਇਹ ਵੀ ਪੜ੍ਹੋ: California Road Accident: ਅਮਰੀਕਾ ਸੜਕ ਹਾਦਸੇ ’ਚ ਤੇਲੰਗਾਨਾ ਦੀਆਂ ਦੋ ਵਿਦਿਆਰਥਣਾਂ ਦੀ ਮੌਤ
ਬੀਤੇ ਦਿਨੀਂ ਰਾਤ ਵੇਲੇ ਘਰ ਵਿੱਚ ਰੌਲਾ-ਰੱਪਾ ਸੁਣ ਕੇ ਹੰਸਾ ਸਿੰਘ ਜਦੋਂ ਅੰਦਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਰਾਣੀ ਕੌਰ ਕਮਰੇ ਵਿੱਚ ਡਰੀ ਹੋਈ ਖੜ੍ਹੀ ਸੀ, ਜਦਕਿ ਉਸ ਦਾ 14 ਸਾਲਾ ਪੁੱਤਰ ਸੌਂ ਰਿਹਾ ਸੀ। ਆਤਮਾ ਸਿੰਘ ਨੂੰ ਦੇਖਦਿਆਂ ਹੀ ਪਤਾ ਲੱਗਾ ਕਿ ਉਹ ਮਰ ਚੁੱਕਾ ਸੀ। ਪਿਤਾ ਅਨੁਸਾਰ ਰਾਣੀ ਕੌਰ ਨੇ ਖੁਦ ਕਬੂਲ ਕਰ ਲਿਆ ਕਿ ਉਸ ਨੇ ਹੀ ਆਤਮਾ ਸਿੰਘ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਵਿੱਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। Murder













