PAU News: ਵੱਖ-ਵੱਖ ਖੇਤਰਾਂ ’ਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਰਵੋਤਮ ਕੇਂਦਰ ਪੁਰਸਕਾਰ ਜਿੱਤੇ
PAU News: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਆਪਣੀ ਸਥਾਪਨਾ ਤੋਂ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਨਾ ਸਿਰਫ ਪੰਜਾਬ ਦੀ ਬਲਕਿ ਦੇਸ਼ ਦੀ ਖੇਤੀ ਨੂੰ ਵਿਗਿਆਨਕ ਦਿਸ਼ਾ ਵੱਲ ਤੋਰਿਆ। ਪਿਛਲੇ ਕਿੰਨੇ ਹੀ ਸਾਲਾਂ ਤੋਂ ਇਸੇ ਰਵਾਇਤ ਦੀ ਪਾਲਣਾ ਸਦਕਾ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਹੋਣ ਦਾ ਮਾਣ ਇਸ ਸੰਸਥਾ ਨੂੰ ਹਾਸਿਲ ਹੋਇਆ। ਸਾਲ 2025 ਵਿਚ ਵੀ ਪੀਏਯੂ ਨੇ ਆਪਣੇ ਅਕਾਦਮਿਕ, ਖੋਜ, ਪਸਾਰ ਕਾਰਜਾਂ ਸਦਕਾ ਭਾਰਤ ਦੀ ਸਿਖਰਲੀ ਖੇਤੀਬਾੜੀ ਯੂਨੀਵਰਸਿਟੀ ਦੇ ਦਰਜੇ ਨੂੰ ਬਰਕਰਾਰ ਰੱਖਿਆ ਹੈ।
ਪੀਏਯੂ ਦੇ ਮਾਹਿਰਾਂ ਨੇ ਕਿਸਾਨੀ ਸਮਾਜ ਨਾਲ ਆਪਣੀ ਪ੍ਰਤੀਬੱਧਤਾ ਸਦਕਾ ਵੱਖ ਵੱਖ ਖੇਤਰਾਂ ਵਿਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਰਵੋਤਮ ਕੇਂਦਰ ਪੁਰਸਕਾਰ ਜਿੱਤੇ। ਯੂਨੀਵਰਸਿਟੀ ਨੇ ਉੱਚ ਝਾੜ ਵਾਲੀਆਂ ਫਸਲਾਂ ਦੀਆਂ ਕਿਸਮਾਂ ਤੇ ਪੋਸ਼ਣ ਸੁਰੱਖਿਆ ਵਿੱਚ ਸੁਮੇਲ ਬਣਾਇਆ। ਵਾਤਵਰਨ ਦੀ ਸੰਭਾਲ ਨੂੰ ਆਪਣੀ ਖੋਜ ਪ੍ਰਮੁੱਖਤਾ ’ਚ ਸ਼ਾਮਿਲ ਕੀਤਾ ਅਤੇ ਕਿਸਾਨੀ ਸਮਾਜ ਨਾਲ ਸੰਕਟ ਸਮੇਂ ਖੜ੍ਹੇ ਹੋਣ ਦੀ ਰਵਾਇਤ ਦੀ ਪਾਲਣਾ ਕੀਤੀ।
ਅਕਾਦਮਿਕ ਪ੍ਰੋਗਰਾਮਾਂ ਦੇ ਨਤੀਜੇ ਵਜੋਂ ਨਵੇਂ ਖੇਤੀ ਵਿਗਿਆਨੀਆਂ ਨੂੰ ਡਿਗਰੀਆਂ ਨਾਲ ਨਿਵਾਜ਼ਿਆ ਗਿਆ, ਖੋਜ ਦੇ ਸਿੱਟੇ ਉਤਪਾਦਨ ਤੇ ਪੋਸ਼ਣ ਦੇ ਨਾਲ ਨਾਲ ਬਾਰੀਕ ਖੇਤੀ ਲਈ ਜਾਰੀ ਨਵੀਂ ਤਕਨਾਲੋਜੀ ਦੇ ਰੂਪ ’ਚ ਦਿਖਾਈ ਦਿੱਤੇ। ਪਸਾਰ ਕਾਰਜਾਂ ਦਾ ਪ੍ਰਮਾਣ ਕਿਸਾਨ ਮੇਲਿਆਂ, ਰਹਿੰਦ-ਖੂੰਹਦ ਸੰਭਾਲ ਮੁਹਿੰਮਾਂ, ਪਿੰਡ ਪੱਧਰ ਦੀਆਂ ਸਿਖਲਾਈਆਂ, ਕੇਵੀਕੇ ਪ੍ਰੋਗਰਾਮਾਂ ਤੇ ਕਿਸਾਨ ਕਲੱਬਾਂ ਦੀਆਂ ਮੀਟਿੰਗਾਂ ਵਜੋਂ ਸਾਕਾਰ ਹੋਇਆ, ਜਿਸ ਨਾਲ ਤਕਨਾਲੋਜੀ ਨੂੰ ਵੱਡੇ ਪੱਧਰ ’ਤੇ ਕਿਸਾਨਾਂ ਤੱਕ ਪੁੱਛਿਆ ਜਾ ਸਕਿਆ ਸੰਸਥਾ ਨੇ ਵਿਸ਼ਵਵਿਆਪੀ ਸਹਿਯੋਗ, ਮਹਿਮਾਨ ਵਿਦਵਾਨਾਂ ਤੇ ਅੰਤਰਰਾਸ਼ਟਰੀ ਕਾਨਫਰੰਸਾਂ ਰਾਹੀਂ ਪਹੁੰਚ ਨੂੰ ਵਧਾਇਆ।
PAU News
ਪੀਏਯੂ ਨੇ ਰਾਸ਼ਟਰੀ ਪੱਧਰ ’ਤੇ ਆਪਣਾ ਦਰਜਾ 2025 ਵਿਚ ਲਗਾਤਾਰ ਤੀਜੇ ਸਾਲ ਬਰਕਰਾਰ ਰੱਖਿਆ ਜਦੋਂ ਐੱਨ ਆਈ ਆਰ ਐੱਫ ਦੀ ਦਰਜਾਬੰਦੀ ਵਿੱਚ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ। ਇਹੀ ਨਹੀਂ ਕੌਮਾਂਤਰੀ ਪੱਧਰ ’ਤੇ ਪੀ ਏ ਯੂ ਐਜੂਰੈਂਕ ਦੇ ਚੋਟੀ ਦੇ 100 ਖੇਤੀਬਾੜੀ ਸੰਸਥਾਨਾਂ ਵਿੱਚ ਸ਼ੁਮਾਰ ਹੋਈ, ਖੇਤੀਬਾੜੀ ਵਿਗਿਆਨ ਵਿੱਚ 93ਵਾਂ ਸਥਾਨ ਪ੍ਰਾਪਤ ਕੀਤਾ ਅਤੇ ਸੂਚੀ ਵਿੱਚ ਭਾਰਤ ਦੀ ਇਕਲੌਤੀ ਖੇਤੀ ਯੂਨੀਵਰਸਿਟੀ ਵਜੋਂ ਖੁਦ ਨੂੰ ਦਰਜ ਕਰਵਾਇਆ।
ਨਾਲ ਹੀ ਪੀਏਯੂ ਦੇ ਸਿੱਖਿਆ ਵਾਤਾਵਰਣ ਨੂੰ ਨਵੀਂ ਦਿੱਲੀ ਵਿੱਚ ਇੰਡਸਟਰੀ-ਅਕਾਦਮੀਆ ਸੰਮੇਲਨ ਵਿੱਚ ਆਈ ਆਈਆਰਐੱਫ ਸਿੱਖਿਆ ਪ੍ਰਭਾਵ ਪੁਰਸਕਾਰ 2026 ਦੁਆਰਾ ਮਾਨਤਾ ਦਿੱਤੀ ਗਈ।
ਇਹ ਸਾਰੇ ਸਨਮਾਨ ਯੂਨੀਵਰਸਿਟੀ ਦੇ ਉਸਾਰੂ ਮਾਹੌਲ ਦੀ ਜ਼ਾਮਨੀ ਭਰਦੇ ਹਨ।
Read Also : ਸ਼ਹਿਰ ’ਚੋਂ ਡੇਅਰੀਆਂ ਬਾਹਰ ਕਰਨ ਦਾ ਕੰਮ ਨਿਗਮ ਲਈ ਬਣਿਆ ਗਲੇ ਦੀ ਹੱਡੀ
ਨਵੇਂ ਖੇਤੀ ਵਿਗਿਆਨੀਆਂ ਨੂੰ ਡਿਗਰੀਆਂ ਵੰਡਣ ਦੇ ਰੂਪ ਵਿਚ ਪੀ ਏ ਯੂ ਨੇ ਆਪਨੇ ਡਿਗਰੀ ਵੰਡ ਸਮਾਗਮ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚਾਂਸਲਰ, ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਮੌਜੂਦਗੀ ਵਿੱਚ, ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਕਰਵਾਏ। ਇਸ ਵਿਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ, ਚਾਂਸਲਰ ਮੈਡਲ ਅਤੇ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਖੇਤੀਬਾੜੀ ਕਾਲਜ ਦੇ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਸਨਮਾਨ ਪ੍ਰਾਪਤ ਹੋਏ, ਜਦੋਂ ਕਿ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਅਤੇ ਕਮਿਊਨਿਟੀ ਸਾਇੰਸ ਕਾਲਜਾਂ ਦੇ ਸਾਂਝੇ ਸਮਾਰੋਹ ਵਿਚ ਡਿਗਰੀਆਂ ਪ੍ਰਦਾਨ ਕੀਤੀਆਂ। ਇਹਨਾਂ ਸਮਾਗਮਾਂ ਨੇ ਪੀ ਏ ਯੂ ਦੀ ਅਕਾਦਮਿਕ ਉੱਤਮਤਾ ਅਤੇ ਵਿਦਿਆਰਥੀਆਂ ਦੀ ਪ੍ਰਾਪਤੀ ਪ੍ਰਤੀ ਵਚਨਬੱਧਤਾ ਨੂੰ ਦ੍ਰਿੜ ਕੀਤਾ।
ਨੌਂ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਡਾਕਟਰੇਟ ਫੈਲੋਸ਼ਿਪ ਪ੍ਰਾਪਤ ਕੀਤੀ
ਪੀਏਯੂ ਦੇ ਨੌਂ ਵਿਦਿਆਰਥੀਆਂ ਨੇ 2025 ਵਿੱਚ ਪ੍ਰਧਾਨ ਮੰਤਰੀ ਡਾਕਟਰੇਟ ਫੈਲੋਸ਼ਿਪ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਡੀਐਸਟੀ-ਇਨਸਪਾਇਰ, ਸੀਐਸਆਈਆਰ ਐਸਆਰਐਫ, ਆਈਸੀਏਆਰ ਜੇਆਰਐਫ ਅਤੇ ਐਸਆਰਐਫ ਰੈਂਕ ਅਤੇ ਜਵਾਹਰ ਲਾਲ ਨਹਿਰੂ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਮਾਣ ਵਧਾਇਆ, ਨਾਲ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ਵਿਚ ਕਈ ਵਿਸ਼ਿਆਂ ਵਿੱਚ ਸਰਵੋਤਮ ਥੀਸਿਸ ਅਤੇ ਪੇਪਰ ਪੇਸ਼ਕਾਰੀ ਪੁਰਸਕਾਰ ਪ੍ਰਾਪਤ ਕੀਤੇ ਗਏ।
20 ਨਵੀਆਂ ਫਸਲਾਂ ਦੀਆਂ ਕਿਸਮਾਂ ਅਤੇ ਹਾਈਬ੍ਰਿਡ ਜਾਰੀ ਕੀਤੇ
2025 ਵਿੱਚ, ਪੀਏਯੂ ਨੇ ਅਨਾਜ, ਦਾਲਾਂ, ਤੇਲ ਬੀਜਾਂ, ਸਬਜ਼ੀਆਂ, ਫਲਾਂ ਅਤੇ ਸਜਾਵਟੀ ਪੌਦਿਆਂ ਦੀਆਂ 20 ਨਵੀਆਂ ਫਸਲਾਂ ਦੀਆਂ ਕਿਸਮਾਂ ਅਤੇ ਹਾਈਬ੍ਰਿਡ ਜਾਰੀ ਕੀਤੇ। ਇਨ੍ਹਾਂ ਕਿਸਮਾਂ ਵਿਚ ਉੱਚ ਝਾੜ, ਗੁਣਵੱਤਾ ਅਤੇ ਤਣਾਅ ਪ੍ਰਤੀਰੋਧ ਸਮਰੱਥਾ ਉੱਪਰ ਧਿਆਨ ਕੇਂਦ੍ਰਤ ਕੀਤਾ ਗਿਆ। ਮੁੱਖ ਕਿਸਮਾਂ ਵਿੱਚ ਕਣਕ ਦੀਆਂ ਕਿਸਮਾਂ ਪੀਬੀਡਬਲਯੂ 872 ਅਤੇ ਬਿਸਕੁਟ ਉਦਯੋਗ ਲਈ ਪੀਬੀਡਬਲਯੂ ਬਿਸਕੁਟ 1 ਸ਼ਾਮਲ ਸਨ; ਝੋਨੇ ਦੀਆਂ ਪੀਆਰ 132, ਜੋ 111-ਦਿਨ ਵਿਚ ਪੱਕਦੀ ਹੈ, ਘੱਟ ਨਾਈਟਰੋਜਨ ਦੀ ਲੋੜ ਪੈਂਦੀ ਹੈ ਅਤੇ ਝੁਲਸ ਰੋਗਾਂ ਦੇ ਪ੍ਰਤੀਰੋਧ ਦੇ ਨਾਲ 31.5 ਕੁਇੰਟਲ/ਏਕੜ ਪੈਦਾ ਕਰਦੀ ਹੈ;
ਮਾਲਟ ਜੌਂ ਪੀਐਲ 942; ਮੱਕੀ ਹਾਈਬ੍ਰਿਡ ਪੀਐਮਐਚ 17; ਜਵੀ ਦੀ ਓਐਲ 17, ਗਰਮੀਆਂ ਦੀ ਮੂੰਗੀ ਐਸਐਮਐਲ 2575, ਰਾਇਆ ਹਾਈਬ੍ਰਿਡ ਪੀਐਚਆਰ 127 ; ਆਲੂ ਪੰਜਾਬ ਆਲੂ 103 ਅਤੇ ਪੰਜਾਬ ਆਲੂ 104 ਤੋਂ ਇਲਾਵਾ ਉੱਚ ਬੀਟਾ-ਕੈਰੋਟੀਨ ਵਾਲੀ ਗਾਜਰ ਪੰਜਾਬ ਸੰਤਰੀ; ਫੁੱਲ ਗੋਭੀ ਪੰਜਾਬ ਮੱਘਰੀ; ਬੈਂਗਣ ਹਾਈਬ੍ਰਿਡ ਪੀਬੀਐਚਐਲ 56; ਫਰੈਂਚ ਬੀਨਜ਼ ਪੰਜਾਬ ਆਨੰਦ ਅਤੇ ਪੰਜਾਬ ਰੰਗਤ; ਬੀਜ ਰਹਿਤ ਅੰਗੂਰ ਫਲੇਮ; ਅਤੇ ਚਾਰ ਸਜਾਵਟੀ ਕਿਸਮਾਂ ਜਿਨ੍ਹਾਂ ਵਿੱਚ ਨਵੀਂ ਗੁਲਦਾਉਦੀ ਅਤੇ ਗਲੈਡੀਓਲਸ ਕਿਸਮਾਂ ਸ਼ਾਮਲ ਹਨ।














