Drug Trafficking: ਡਰੱਗ ਨੈਟਵਰਕ ਦਾ ਕੀਤਾ ਪਰਦਾਫਾਸ਼, ਅੱਧਾ ਕਿੱਲੋ ਦੇ ਕਰੀਬ ਆਈਸ ਡਰੱਗ ਸਮੇਤ ਇੱਕ ਨਸ਼ਾ ਤਸਕਰ ਕਾਬੂ

Drug Trafficking
Drug Trafficking: ਡਰੱਗ ਨੈਟਵਰਕ ਦਾ ਕੀਤਾ ਪਰਦਾਫਾਸ਼, ਅੱਧਾ ਕਿੱਲੋ ਦੇ ਕਰੀਬ ਆਈਸ ਡਰੱਗ ਸਮੇਤ ਇੱਕ ਨਸ਼ਾ ਤਸਕਰ ਕਾਬੂ

ਖਿਲਾਫ ਪਹਿਲਾ ਵੀ ਸੰਗੀਨ ਧਾਰਾਵਾ ਤਹਿਤ ਦਰਜ ਹਨ 9 ਮੁਕੱਦਮੇ

Drug Trafficking: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰੀ ਵਿਰੁੱਧ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਜਿਸ ਵਿੱਚ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਅਵਤਾਰ ਸਿੰਘ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਹੇਠ ਸੀ.ਆਈ.ਏ ਸਟਾਫ ਫਰੀਦਕੋਟ ਵੱਲੋਂ ਇੱਕ ਡਰੱਗ ਨੈਟਵਰਕ ਵਿੱਚ ਸ਼ਾਮਿਲ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋ 530 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ ਅਰਚਿੱਤ ਚਪਰਾਣਾ ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਸੂਬੇ ਦੇ ਮੇਰਠ ਜ਼ਿਲ੍ਹੇ ਦੇ ਭਗਵਾਨਪੁਰ ਭਾਗਰ ਦਾ ਰਿਹਾਇਸ਼ੀ ਹੈ। ਪੁਲਿਸ ਟੀਮਾਂ ਵੱਲੋਂ ਮੁਲਜ਼ਮ ਕੋਲੋਂ 530 ਗ੍ਰਾਮ ਆਈਸ ਸਮੇਤ ਇੱਕ ਮੋਬਾਇਲ ਵੀ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Gold Price Today: ਸੋਨੇ ਦੀਆਂ ਕੀਮਤਾਂ ’ਚ ਗਿਰਾਵਟ, ਜਾਣੋ ਅੱਜ ਦੀਆਂ ਤਾਜ਼ਾ ਕੀਮਤਾਂ

ਜਾਣਕਾਰੀ ਅਨੁਸਾਰ 17 ਦਸੰਬਰ ਨੂੰ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸੀ ਤਾਂ ਕੋਠੇ ਡੋਡ ਵਾਲੇ ਰਸਤੇ ਦੇ ਮੋੜ ’ਤੇ ਇਹ ਵਿਅਕਤੀ ਖੜਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਇਸ ਨੂੰ ਕਾਬੂ ਕੀਤਾ। ਜਿਸ ਦੀ ਤਲਾਸ਼ੀ ਲਈ ਤਰਲੋਚਨ ਸਿੰਘ ਡੀ.ਐਸ.ਪੀ, ਫਰੀਦਕੋਟ ਮੌਕੇ ’ਤੇ ਪਹੁੰਚੇ। ਜਿਹਨਾ ਦੀ ਹਾਜ਼ਰੀ ਵਿੱਚ ਪੁਲਿਸ ਪਾਰਟੀ ਵੱਲੋਂ ਤਲਾਸ਼ੀ ਕਰਨ ’ਤੇ ਮੁਲਜ਼ਮ ਦੀ ਕਿੱਟ ’ਚੋਂ 530 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 22(ਸੀ)/61/85 ਤਹਿਤ ਮੁਕੱਦਮਾ ਨੰਬਰ 532 ਦਰਜ ਕੀਤਾ ਗਿਆ ਹੈ।

ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਵਿਅਕਤੀ ਇਹ ਨਸ਼ੇ ਦੀ ਖੇਪ ਨੂੰ ਅੱਗੇ ਸਪਲਾਈ ਕਰਨ ਲਈ ਜਾ ਰਿਹਾ ਸੀ, ਜਿਸ ਨੂੰ ਕਿ ਫਰੀਦਕੋਟ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਬੂ ਕੀਤੀ ਗਿਆ ਹੈ। ਪੁਲਿਸ ਵੱਲੋਂ ਇਸ ਵਿਅਕਤੀ ਦੇ ਨੈੱਟਵਰਕ, ਸਾਥੀਆਂ ਅਤੇ ਸਪਲਾਈ ਲਿੰਕਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੇ ਇਸ ਗਿਰੋਹ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਦੇ ਖਿਲਾਫ ਪਹਿਲਾ ਵੀ ਕਈ ਸੰਗੀਨ ਧਾਰਾਵਾ ਤਹਿਤ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਥਾਣਿਆ ਅੰਦਰ ਕੁੱਲ 09 ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਮੁਲਜ਼ਮ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ।