
Punjab Election Result: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਅੱਜ ਉਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਖੁੱਲ੍ਹਣਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਨੇ ਜਿਲਾ ਪਰਿਸ਼ਦ ਅਤੇ ਸੰਮਤੀਆਂ ਦੀਆਂ ਚੋਣਾਂ ਵਿੱਚ ਭਾਗ ਲੈਂਦੇ ਹੋਏ ਆਪਣੇ ਹੱਕ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਪੰਜਾਬ ਵਿੱਚ 23 ਜ਼ਿਲ੍ਹਾ ਪਰਿਸ਼ਦ ਵਿੱਚ 347 ਜ਼ੋਨ ਲਈ ਕੁੱਲ 1249 ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਲਈ 8098 ਉਮੀਦਵਾਰਾਂ ਨੇ ਚੋਣ ਲੜੀ ਸੀ ਅਤੇ ਇਹਨਾਂ ਦੇ ਹੱਕ ਵਿੱਚ ਪਈਆਂ ਵੋਟਾਂ ਨੂੰ ਬੈਲਟ ਬਾਕਸ ਵਿੱਚ ਬੰਦ ਕਰ ਦਿੱਤਾ ਗਿਆ।

ਇਹਨਾਂ ਬਾਕਸਾਂ ਨੂੰ ਅੱਜ 141 ਥਾਂਵਾਂ ’ਤੇ ਬਣਾਏ ਗਏ 153 ਗਿਣਤੀ ਕੇਂਦਰਾਂ ਵਿੱਚ ਖੋਲ੍ਹਿਆ ਜਾ ਰਿਹਾ ਹੈ। ਅਤੇ ਮੌਕੇ ’ਤੇ ਹੀ ਨਤੀਜੇ ਜਾਰੀ ਕਰਕੇ ਇੰਨਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਸੁਣਾਇਆ ਜਾਵੇਗਾ। ਅੱਜ ਸਵੇਰੇ 8 ਵਜੇ ਤੋਂ ਪੰਜਾਬ ਭਰ ਵਿੱਚ ਸਾਰੇ ਜ਼ਿਲ੍ਹਿਆਂ ’ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। Punjab Election Result

ਇਹਨਾਂ ਵੋਟਾਂ ਦੀ ਗਿਣਤੀ ਕੇਂਦਰਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਕਾਫ਼ੀ ਜ਼ਿਆਦਾ ਸਖ਼ਤ ਇੰਤਜ਼ਾਮ ਕੀਤੇ ਹੋਏ ਹਨ ਅਤੇ ਵੋਟ ਗਿਣਤੀ ਕੇਂਦਰਾਂ 10 ਹਜ਼ਾਰ 500 ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰੀਕੇ ਨਾਲ ਜੇਕਰ ਕੋਈ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੇ ਤਾਂ ਉਹਨਾਂ ’ਤੇ ਕਾਬੂ ਪਾਇਆ ਜਾ ਸਕੇ।

ਚੋਣ ਕਮਿਸ਼ਨ ਦੇ ਵੇਰਵਿਆਂ ਅਨੁਸਾਰ ਪੰਜਾਬ ਭਰ ਵਿੱਚ ਗਿਣਤੀ ਕੇਂਦਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਅਤੇ ਸਭ ਤੋਂ ਵੱਧ ਗਿਣਤੀ ਕੇਂਦਰ ਲੁਧਿਆਣਾ ਵਿਖੇ 12 ਬਣਾਏ ਗਏ ਹਨ ਤਾਂ ਇਸ ਤੋਂ ਬਾਅਦ ਗੁਰਦਾਸਪੁਰ ਅਤੇ ਜਲੰਧਰ ਵਿੱਚ 11-11 ਬਣਾਏ ਗਏ ਹਨ, ਜਦੋਂ ਕਿ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸਣੇ ਪਟਿਆਲਾ ਤੇ ਸੰਗਰੂਰ ਵਿੱਚ 10-10 ਗਿਣਤੀ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ ਬਾਕੀ ਥਾਂਵਾਂ ’ਤੇ ਚਾਰ ਤੋਂ ਲੈ ਕੇ ਅੱਠ ਤੱਕ ਗਿਣਤੀ ਕੇਂਦਰਾਂ ਦੀ ਗਿਣਤੀ ਤੈਅ ਕੀਤੀ ਗਈ ਹੈ।

ਹਾਈਕੋਰਟ ਵਿਖੇ ਪੁੱਜੀ ਹੋਈ ਹੈ ਕਾਂਗਰਸ
ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਦੀ ਗਿਣਤੀ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਪਟੀਸ਼ਨ ਦਾਖਲ ਕਰਦੇ ਹੋਏ ਗਿਣਤੀ ਕੇਂਦਰਾਂ ਵਿੱਚ ਸੀਸੀਟੀਵੀ ਲਾਉਣ ਦੀ ਮੰਗ ਕੀਤੀ ਹੋਈ ਹੈ ਕਾਂਗਰਸ ਦਾ ਦੋਸ਼ ਹੈ ਕਿ ਗਿਣਤੀ ਦੌਰਾਨ ਕਿਸੇ ਤਰ੍ਹਾਂ ਦੀ ਗੜਬੜੀ ਹੋ ਸਕਦੀ ਹੈ, ਇਸ ਲਈ ਪੰਜਾਬ ਦੀ ਜਨਤਾ ਨੂੰ ਗਿਣਤੀ ਕੇਂਦਰ ਵਿੱਚ ਹੋਣ ਵਾਲੀ ਹਰ ਗਤੀਵਿਧੀ ਵੇਖਣ ਦਾ ਪੂਰਾ ਹੱਕ ਹੈ।















