India-Russia partnership: ਵਿਸ਼ਵ ਰਾਜਨੀਤੀ ਤੇਜ਼ੀ ਨਾਲ ਬਦਲ ਰਹੀ ਹੈ। ਮਹਾਂਸ਼ਕਤੀਆਂ ਵਿਚਕਾਰ ਟੱਕਰ, ਯੂਰਪ ਦਾ ਸੁਰੱਖਿਆ ਸੰਕਟ, ਤਕਨੀਕੀ ਇਨਕਲਾਬ, ਨਵੇਂ ਆਰਥਿਕ ਗਠਜੋੜ ਤੇ ਖੇਤਰੀ ਤਣਾਅ– ਇਨ੍ਹਾਂ ਸਭ ਵਿਚਕਾਰ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਸਮੇਂ ਦੀ ਕਸੌਟੀ ’ਤੇ ਵਾਰ-ਵਾਰ ਖਰੇ ਉੱਤਰਦੇ ਹਨ। ਭਾਰਤ ਅਤੇ ਰੂਸ ਦਾ ਰਿਸ਼ਤਾ ਵੀ ਇਵੇਂ ਹੀ ਹੈ, ਜਿਸ ਨੇ ਬੇਸ਼ੁਮਾਰ ਉਤਾਰ-ਚੜ੍ਹਾਅ ਝੱਲਣ ਦੇ ਬਾਵਜ਼ੂਦ ਆਪਣੀ ਸਥਿਰਤਾ ਤੇ ਵਿਸ਼ਵਾਸ ਦੀ ਡੂੰਘਾਈ ਕਾਇਮ ਰੱਖੀ ਹੈ। ਇਸੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲੀਆ ਭਾਰਤ-ਰੂਸ ਸਿਖ਼ਰ ਬੈਠਕ ਦੌਰਾਨ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਧਰੁਵ ਤਾਰੇ ਵਾਂਗ ਸਥਿਰ ਦੱਸਿਆ। ਇਹ ਸਿਰਫ਼ ਇੱਕ ਪ੍ਰਤੀਕਾਤਮਕ ਟਿੱਪਣੀ ਨਹੀਂ, ਸਗੋਂ ਇਸ ਰਿਸ਼ਤੇ ਦੀ ਮਜ਼ਬੂਤੀ ਤੇ ਵਿਸ਼ਵ ਵਿਵਸਥਾ ਵਿੱਚ ਉਸ ਦੀ ਭੂਮਿਕਾ ਦਾ ਸਾਫ਼ ਸੰਕੇਤ ਹੈ।
ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ 5 ਦਸੰਬਰ ਨੂੰ ਹੋਈ 23ਵੀਂ ਸਾਲਾਨਾ ਭਾਰਤ-ਰੂਸ ਸਿਖਰ ਬੈਠਕ ਨੇ ਦੋਹਾਂ ਦੇਸ਼ਾਂ ਦੀ ਸਾਂਝੇਦਾਰੀ ਨੂੰ ਨਵੀਂ ਦਿਸ਼ਾ ਦਿੱਤੀ। ਇਹ ਸਾਂਝੇਦਾਰੀ ਹੁਣ ਬੀਤੇ ਸਾਲਾਂ ਦੀ ਯਾਦ ਮਾਤਰ ਨਹੀਂ ਰਹੀ, ਸਗੋਂ ਭਵਿੱਖ ਦੀ ਵਿਸ਼ਵ ਵਿਵਸਥਾ ਦਾ ਸਰਗਰਮ ਹਿੱਸਾ ਬਣ ਚੁੱਕੀ ਹੈ। ਜਦੋਂ ਦੁਨੀਆ ਅਮਰੀਕਾ-ਚੀਨ ਟੱਕਰ, ਨਾਟੋ ਦੀ ਰਾਜਨੀਤੀ, ਯੂਕਰੇਨ ਜੰਗ ਤੇ ਪੱਛਮੀ ਦਬਾਵਾਂ ਵਿੱਚ ਉਲਝੀ ਹੋਈ ਹੈ, ਉਦੋਂ ਭਾਰਤ ਤੇ ਰੂਸ ਦਾ ਰਿਸ਼ਤਾ ਸੰਤੁਲਨ, ਰਣਨੀਤਕ ਸੁਤੰਤਰਤਾ ਤੇ ਲੰਮੇ ਸਮੇਂ ਦੇ ਨਜ਼ਰੀਏ ਦਾ ਨਮੂਨਾ ਬਣ ਕੇ ਉੁਭਰਿਆ ਹੈ।
India-Russia partnership
ਦੋਵਾਂ ਦੇਸ਼ਾਂ ਨੇ ‘ਭਾਰਤ-ਰੂਸ ਆਰਥਿਕ ਸਹਿਯੋਗ ਪ੍ਰੋਗਰਾਮ 2030’ ਨਾਮਕ ਰੋਡਮੈਪ ਨੂੰ ਅੰਤਿਮ ਰੂਪ ਦੇ ਕੇ ਸਾਫ਼ ਕਰ ਦਿੱਤਾ ਕਿ ਅਗਲਾ ਦਹਾਕਾ ਵਪਾਰ, ਊਰਜਾ, ਤਕਨੀਕੀ ਨਵੀਨਤਾ, ਸਮੁੰਦਰੀ ਬੁਨਿਆਦੀ ਢਾਂਚਾ, ਖਾਦ ਉਤਪਾਦਨ, ਮਜ਼ਦੂਰ ਗਤੀਸ਼ੀਲਤਾ ਤੇ ਰਣਨੀਤਕ ਉਦਯੋਗਾਂ ਵਿੱਚ ਡੂੰਘੇ ਸਹਿਯੋਗ ਦਾ ਹੋਵੇਗਾ। ਅੱਜ ਦਾ ਇਹ ਰਿਸ਼ਤਾ ਸਿਰਫ਼ ਪੁਰਾਣੀ ਦੋਸਤੀ ਦਾ ਵਿਸਥਾਰ ਨਹੀਂ, ਸਗੋਂ ਡਾਲਰ ’ਤੇ ਨਿਰਭਰਤਾ ਘਟਾਉਣ, ਬਹੁ-ਧਰੁਵੀ ਆਰਥਿਕ ਵਿਵਸਥਾ ਨੂੰ ਮਜ਼ਬੂਤ ਕਰਨ ਤੇ ਗਲੋਬਲ ਸਾਊਥ ਦੀ ਆਵਾਜ਼ ਨੂੰ ਤਾਕਤ ਦੇਣ ਵਾਲੀ ਪਹਿਲਕਦਮੀ ਹੈ।
ਪਿਛਲੇ ਸਾਲ ਭਾਰਤ-ਰੂਸ ਵਪਾਰ 64 ਅਰਬ ਡਾਲਰ ਤੱਕ ਪਹੁੰਚ ਗਿਆ ਸੀ। ਟੀਚਾ ਹੈ ਕਿ 2030 ਤੱਕ ਇਸ ਨੂੰ 100 ਅਰਬ ਡਾਲਰ ਤੱਕ ਲਿਜਾਇਆ ਜਾਵੇ। ਮਹੱਤਵਪੂਰਨ ਪਹਿਲੂ ਇਹ ਹੈ ਕਿ ਅੱਜ ਦੋਹਾਂ ਦੇਸ਼ਾਂ ਵਿਚਕਾਰ ਲਗਭਗ 96 ਫੀਸਦੀ ਵਪਾਰ ਰੁਪਏ ਤੇ ਰੂਬਲ ਵਿੱਚ ਹੋ ਰਿਹਾ ਹੈ। ਇਹ ਤਬਦੀਲੀ ਵਿਸ਼ਵ ਆਰਥਿਕ ਖੇਤਰ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਡਾਲਰ ਦੀ ਹੋਂਦ ਨੂੰ ਮਜ਼ਬੂਤ ਚੁਣੌਤੀ ਦਿੰਦੀ ਹੈ ਤੇ ਭਵਿੱਖ ਵਿੱਚ ਬਹੁ-ਮੁਦਰਾ ਆਧਾਰਤ ਵਪਾਰਕ ਢਾਂਚੇ ਦਾ ਰਾਹ ਖੋਲ੍ਹਦੀ ਹੈ।
ਖੇਤੀਬਾੜੀ ਖੇਤਰ ਦੀ ਨਜ਼ਰ ਨਾਲ ਭਾਰਤ ਤੇ ਰੂਸ ਦਾ ਸਹਿਯੋਗ ਵੀ ਨਵੀਂ ਮਜ਼ਬੂਤੀ ਨਾਲ ਸਾਹਮਣੇ ਆਇਆ ਹੈ। ਖਾਦ ਉਤਪਾਦਨ ਵਿੱਚ ਪ੍ਰਸਤਾਵਿਤ ਸਾਂਝਾ ਪ੍ਰੋਗਰਾਮ ਭਾਰਤ ਦੀ ਖੁਰਾਕ ਤੇ ਖੇਤੀ ਸੁਰੱਖਿਆ ਨੂੰ ਲੰਮੇ ਸਮੇਂ ਦਾ ਆਧਾਰ ਦੇਵੇਗਾ। ਜਦੋਂ ਵਿਸ਼ਵ ਪੱਧਰ ’ਤੇ ਖਾਦ ਸਪਲਾਈ ਬੇਯਕੀਨ ਹੈ ਤੇ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ, ਤਾਂ ਰੂਸ ਨਾਲ ਇਹ ਸਾਂਝੇਦਾਰੀ ਭਾਰਤ ਨੂੰ ਇੱਕ ਭਰੋਸੇਯੋਗ ਉਤਪਾਦਕ ਦੇਸ਼ ਵਜੋਂ ਸਥਾਪਿਤ ਕਰੇਗੀ। ਇਹ ਪ੍ਰੋਗਰਾਮ ਪੇਂਡੂ ਆਰਥਿਕਤਾ, ਸਵੈ-ਨਿਰਭਰ ਖੇਤੀ ਨੀਤੀ ਤੇ ਖੇਤੀ-ਉਦਯੋਗ ਨੂੰ ਨਵੇਂ ਪੱਧਰ ’ਤੇ ਲੈ ਜਾਵੇਗਾ।
India-Russia partnership
ਸਿਹਤ ਖੇਤਰ ਵਿੱਚ ਰੂਸ ਵਿੱਚ ਭਾਰਤੀ ਤਕਨੀਕ ਨਾਲ ਫਾਰਮਾ ਉਤਪਾਦਨ ਸ਼ੁਰੂ ਕਰਨਾ ਇਤਿਹਾਸਕ ਕਦਮ ਹੈ। ਭਾਰਤ ਪਹਿਲਾਂ ਹੀ ਦੁਨੀਆ ਦੀ ਫਾਰਮੇਸੀ ਵਜੋਂ ਆਪਣੀ ਪਛਾਣ ਬਣਾ ਚੁੱਕਾ ਹੈ ਤੇ ਕੋਵਿਡ ਮਹਾਂਮਾਰੀ ਦੌਰਾਨ ਇਸ ਦੀ ਕੁਸ਼ਲਤਾ ਤੋਂ ਸਾਰਾ ਸੰਸਾਰ ਵਾਕਿਫ ਹੋ ਚੁੱਕਾ ਹੈ। ਰੂਸ ਵਿੱਚ ਦਵਾਈ ਨਿਰਮਾਣ ਨਾ ਸਿਰਫ਼ ਭਾਰਤ ਲਈ ਨਵੇਂ ਬਾਜ਼ਾਰ ਖੋਲ੍ਹੇਗਾ, ਸਗੋਂ ਵਿਸ਼ਵ ਸਿਹਤ ਸਪਲਾਈ ਲੜੀ ਵਿੱਚ ਭਾਰਤ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ, ਖਾਸ ਕਰਕੇ ਉਸ ਸਮੇਂ ਜਦੋਂ ਪੱਛਮੀ ਦੇਸ਼ਾਂ ਦੀ ਦਵਾਈ ਨੀਤੀ ਅਕਸਰ ਭੂ-ਰਾਜਨੀਤੀ ਦਾ ਹਿੱਸਾ ਬਣ ਜਾਂਦੀ ਹੈ।
ਊਰਜਾ ਖੇਤਰ ਦੋਵਾਂ ਦੇਸ਼ਾਂ ਦੇ ਰਿਸ਼ਤੇ ਦੀ ਸਭ ਤੋਂ ਮਜ਼ਬੂਤ ਕੜੀ ਹੈ। ਅੱਜ ਰੂਸ ਭਾਰਤ ਦਾ ਸਭ ਤੋਂ ਵੱਡਾ ਊਰਜਾ ਸਪਲਾਇਰ ਹੈ ਤੇ ਸੰਕਟ ਦੇ ਸਮੇਂ ਵੀ ਇਸ ਨੇ ਭਾਰਤ ਨੂੰ ਬਿਨਾਂ ਰੁਕਾਵਟ ਊਰਜਾ ਮੁਹੱਈਆ ਕਰਵਾਈ ਹੈ। ਪਰਮਾਣੂ ਊਰਜਾ ਖੇਤਰ ਵਿੱਚ ਕੁਡਨਕੁਲਮ ਪ੍ਰੋਜੈਕਟ ਦਾ ਵਿਸਥਾਰ ਤੇ ਛੋਟੇ ਮਾਡਿਊਲਰ ਰਿਐਕਟਰਾਂ ’ਤੇ ਸਹਿਯੋਗ ਦੀ ਸੰਭਾਵਨਾ ਭਾਰਤ ਦੇ ਸਵੱਛ ਊਰਜਾ ਟੀਚਿਆਂ ਨੂੰ ਅੱਗੇ ਵਧਾਏਗੀ। ਇਹ ਭਾਰਤ ਦੇ ਨੈੱਟ-ਜ਼ੀਰੋ ਸੰਕਲਪ ਵੱਲ ਵੱਡੀ ਪ੍ਰਾਪਤੀ ਹੈ।
ਨਵੇਂ ਯੁੱਗ ਦੀ ਉਦਯੋਗਿਕ ਕ੍ਰਾਂਤੀ– ਜਿਵੇਂ ਕਿ ਏਆਈ, ਇਲੈਕਟ੍ਰਿਕ ਵਾਹਨ, ਏਅਰੋਸਪੇਸ, ਬੈਟਰੀ ਨਿਰਮਾਣ ਤੇ ਰੋਬੋਟਿਕਸ– ਦਾ ਕੇਂਦਰ ਕ੍ਰਿਟੀਕਲ ਮਿਨਰਲ ਹਨ। ਰੂਸ ਕੋਲ ਇਨ੍ਹਾਂ ਦੁਰਲੱਭ ਖਣਿੱਜਾਂ ਦਾ ਵਿਸ਼ਾਲ ਭੰਡਾਰ ਹੈ, ਜਦੋਂਕਿ ਭਾਰਤ ਕੋਲ ਤਕਨੀਕ ਤੇ ਉਦਯੋਗਿਕ ਸਮਰੱਥਾ ਹੈ। ਦੋਵਾਂ ਦੇਸ਼ਾਂ ਦਾ ਸਹਿਯੋਗ ਇਸ ਖੇਤਰ ਵਿੱਚ ਵਿਸ਼ਵ ਸ਼ਕਤੀ-ਸੰਤੁਲਨ ਬਦਲ ਸਕਦਾ ਹੈ ਤੇ ਆਉਣ ਵਾਲੀ ਤਕਨੀਕੀ ਟੱਕਰ ਵਿੱਚ ਨਿਰਣਾਇਕ ਭੂਮਿਕਾ ਨਿਭਾ ਸਕਦਾ ਹੈ।
ਇਸ ਸਿਖਰ ਸੰਮੇਲਨ ਦਾ ਇੱਕ ਮਾਨਵੀ ਪੱਖ ਵੀ ਸੀ ਕਿ ਭਾਰਤ ਸਰਕਾਰ ਨੇ ਰੂਸੀ ਨਾਗਰਿਕਾਂ ਲਈ 30 ਦਿਨਾਂ ਦਾ ਮੁਫਤ ਈ-ਟੂਰਿਸਟ ਵੀਜ਼ਾ ਐਲਾਨ ਕੇ ਲੋਕਾਂ-ਵਿਚਾਲੇ ਸਬੰਧਾਂ ਨੂੰ ਨਵੀਂ ਊਰਜਾ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਤੇ ਅਧਿਆਤਮਿਕ ਜੁੜਾਅ ਲੰਮੇ ਸਮੇਂ ਤੋਂ ਮੌਜੂਦ ਹੈ ਤੇ ਇਹ ਫੈਸਲਾ ਇਸ ਭਾਵਨਾਤਮਕ ਸਬੰਧ ਨੂੰ ਹੋਰ ਮਜ਼ਬੂਤ ਕਰੇਗਾ। ਰੂਸ ਵਿੱਚ ‘ਆਰਟੀ ਇੰਡੀਆ’ ਬਿਊਰੋ ਦੀ ਸਥਾਪਨਾ ਵੀ ਵਿਸ਼ਵ ਸੂਚਨਾ-ਰਾਜਨੀਤੀ ਵਿੱਚ ਭਾਰਤ ਦੀ ਕਥਾ-ਮੁਖਤਿਆਰੀ ਨੂੰ ਮਜ਼ਬੂਤ ਕਰੇਗੀ।
India-Russia partnership
ਯੂਕਰੇਨ ਸੰਕਟ ਤੇ ਭਾਰਤ ਦੀ ਸਥਿਤੀ ਨੇ ਇੱਕ ਵਾਰ ਫਿਰ ਸਾਫ਼ ਕੀਤਾ ਕਿ ਭਾਰਤ ਨਾ ਤਾਂ ਕਿਸੇ ਧਰੁਵ ਦਾ ਹਿੱਸਾ ਹੈ ਤੇ ਨਾ ਹੀ ਕਿਸੇ ਸ਼ਕਤੀ-ਟੱਕਰ ਵਿੱਚ ਸ਼ਾਮਲ। ਭਾਰਤ ਸੰਵਾਦ, ਸ਼ਾਂਤੀ ਤੇ ਸੰਤੁਲਨ ਦੀ ਨੀਤੀ ਨੂੰ ਅੱਗੇ ਵਧਾ ਰਿਹਾ ਹੈ ਜੋ ਵਿਸ਼ਵ ਮੰਚਾਂ ’ਤੇ ਉਸ ਨੂੰ ਜ਼ਿੰਮੇਵਾਰ ਤੇ ਪ੍ਰਭਾਵਸ਼ਾਲੀ ਸ਼ਕਤੀ ਵਜੋਂ ਸਥਾਪਤ ਕਰਦੀ ਹੈ। ਬ੍ਰਿਕਸ, ਜੀ-20 ਤੇ ਐਸਸੀਓ ਵਰਗੇ ਮੰਚਾਂ ਤੇ ਭਾਰਤ-ਰੂਸ ਤਾਲਮੇਲ ਬਹੁ-ਧਰੁਵੀ ਵਿਸ਼ਵ ਵਿਵਸਥਾ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
2030 ਦਾ ਸੰਯੁਕਤ ਰੋਡਮੈਪ ਦੱਸਦਾ ਹੈ ਕਿ ਆਉਣ ਵਾਲਾ ਦਹਾਕਾ ਇਸ ਰਿਸ਼ਤੇ ਨੂੰ ਹੋਰ ਬੁਲੰਦੀਆਂ ’ਤੇ ਲੈ ਜਾਵੇਗਾ। ਭਾਰਤ ਹੁਣ ਵਿਸ਼ਵ ਸ਼ਕਤੀ-ਢਾਂਚੇ ਨੂੰ ਪ੍ਰਭਾਵਿਤ ਕਰਨ ਵਾਲੀ ਭੂਮਿਕਾ ਵਿੱਚ ਦਾਖਲ ਹੋ ਰਿਹਾ ਹੈ ਤੇ ਰੂਸ ਇਸ ਯਾਤਰਾ ਵਿੱਚ ਉਸ ਦਾ ਸਹਿ-ਯਾਤਰੀ ਹੈ। ਇਸੇ ਲਈ ਇਹ ਸਾਂਝੇਦਾਰੀ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਤੇ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਰਾਜਨੀਤੀ ਦੀ ਦਿਸ਼ਾ ਨਿਰਧਾਰਤ ਕਰਨ ਵਿੱਚ ਇਸ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ।
ਯੋਗੇਸ਼ ਕੁਮਾਰ ਗੋਇਲ
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)














