Ashwani Sharma and Amarinder Singh: ਅਮਰਿੰਦਰ ਸਿੰਘ ਆਪਣੇ ਬਿਆਨ ’ਤੇ ਅੜੇ, ਭਾਜਪਾ ਹਾਈ ਕਮਾਨ ਦੇਵੇਗੀ ਜਿਹੜਾ ਆਦੇਸ਼, ਅਸੀਂ ਮੰਨਣ ਨੂੰ ਤਿਆਰ
- 117 ਸੀਟਾਂ ’ਤੇ ਭਾਜਪਾ ਲੜੇਗੀ ਚੋਣਾਂ, ਗੱਠਜੋੜ ਸਬੰਧੀ ਅਮਰਿੰਦਰ ਸਿੰਘ ਦਾ ਨਿੱਜੀ ਬਿਆਨ : ਅਸ਼ਵਨੀ ਸਰਮਾ
- ਅਕਾਲੀ-ਭਾਜਪਾ ਗੱਠਜੋੜ ਬਾਰੇ ਆਪਣੇ-ਆਪਣੇ ਦਾਅਵੇ
Ashwani Sharma and Amarinder Singh: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਬਾਰੇ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਕਾਰ ਹੀ ਤਕਰਾਰ ਪੈਦਾ ਹੋ ਗਿਆ ਹੈ। ਅਸ਼ਵਨੀ ਸ਼ਰਮਾ ਨੇ ਜਿੱਥੇ ਗੱਠਜੋੜ ਦੇ ਬਿਆਨ ਨੂੰ ਅਮਰਿੰਦਰ ਸਿੰਘ ਦਾ ਨਿੱਜੀ ਬਿਆਨ ਕਰਾਰ ਦਿੰਦੇ ਹੋਏ ਸਾਫ਼ ਕਹਿ ਦਿੱਤਾ ਹੈ ਕਿ ਭਾਜਪਾ ਪੰਜਾਬ ਵਿੱਚ 117 ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜੇਗੀ ਅਤੇ ਸਾਰੀਆਂ ਸੀਟਾਂ ’ਤੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਓਧਰ ਅਮਰਿੰਦਰ ਸਿੰਘ ਨੇ ਮੁੜ ਆਪਣੇ ਬਿਆਨ ’ਤੇ ਅੜਦੇ ਹੋਏ ਕਿਹਾ ਕਿ ਪੰਜਾਬ ਵਿੱਚ ਗੱਠਜੋੜ ਦੀ ਲੋੜ ਹੈ ਅਤੇ ਇਸ ਸਬੰਧੀ ਆਖਰੀ ਫੈਸਲਾ ਭਾਜਪਾ ਹਾਈ ਕਮਾਨ ਨੇ ਹੀ ਲੈਣਾ ਹੈ।
ਜੇਕਰ ਭਾਜਪਾ ਹਾਈ ਕਮਾਨ ਨੇ ਇਕੱਲੇ ਚੋਣਾਂ ਲੜਨ ਦਾ ਆਦੇਸ਼ ਦਿੱਤਾ ਤਾਂ ਇਕੱਲਿਆਂ ਚੋਣ ਲੜੀਆਂ ਜਾਣਗੀਆਂ, ਪਰ ਇਹ ਫੈਸਲਾ ਭਾਜਪਾ ਹਾਈ ਕਮਾਨ ਦਾ ਹੀ ਹੋਵੇਗਾ।
Read Also : ਕੀ ਨਗਰ ਨਿਗਮ ਦਫਤਰ ਤੇੇ ਸੀਸ ਮਹਿਲ ਦੇ ਨੇੜੇ ਬਣ ਰਿਹੈ ਇੱਕ ਵੱਖਰਾ ਕੂੜਾ ਡੰਪ?, ਕਿਉਂ ਨਹੀਂ ਹੋ ਰਹੀ ਗੌਰ
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਵੱਲੋਂ ਇੱਕ ਨਿੱਜੀ ਚੈਨਲ ’ਤੇ ਬਿਆਨ ਦਿੰਦੇ ਹੋਏ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਜੇਕਰ ਭਾਜਪਾ ਨੇ ਸੱਤਾ ਵਿੱਚ ਆਉਣਾ ਹੈ ਤਾਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਲਏਗੀ ਅਤੇ ਜੇਕਰ 2027 ਵਿੱਚ ਜਿੱਤ ਹਾਸਲ ਕਰਨੀ ਹੈ ਤਾਂ ਇਹ ਗੱਠਜੋੜ ਦੋਵੇਂ ਪਾਰਟੀਆਂ ਲਈ ਹੀ ਜ਼ਰੂਰੀ ਹੈ।ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਇਹ ਗੱਠਜੋੜ ਨਹੀਂ ਹੁੰਦਾ ਹੈ ਤਾਂ 2027 ਤਾਂ ਦੂਰ ਦੀ ਗੱਲ 2032 ਵਿੱਚ ਵੀ ਭਾਜਪਾ ਇਕੱਲੀ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕਦੀ। ਇਸ ਬਿਆਨ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂਆਂ ਵਿੱਚ ਕਾਫ਼ੀ ਜ਼ਿਆਦਾ ਹੰਗਾਮਾ ਹੋ ਗਿਆ ਅਤੇ ਕਈ ਆਗੂਆਂ ਨੇ ਅੱਗੇ ਆਉਂਦੇ ਹੋਏ ਅਮਰਿੰਦਰ ਸਿੰਘ ਦੇ ਇਸ ਬਿਆਨ ਨੂੰ ਗਲਤ ਕਰਾਰ ਦੇ ਦਿੱਤਾ ਸੀ।
Ashwani Sharma and Amarinder Singh
ਇਸ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਇਕੱਲਿਆਂ 117 ਸੀਟਾਂ ’ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਅਤੇ ਹਰ ਥਾਂ ’ਤੇ ਉਨ੍ਹਾਂ ਦਾ ਵਰਕਰ ਮੌਜ਼ੂਦ ਹੈ, ਇਸ ਲਈ ਭਾਜਪਾ ਕਿਸੇ ਨਾਲ ਵੀ ਗੱਠਜੋੜ ਕਰਨ ਲਈ ਨਹੀਂ ਜਾ ਰਹੀ ਹੈ। ਅਸ਼ਵਨੀ ਸ਼ਰਮਾ ਨੇ ਅਮਰਿੰਦਰ ਸਿੰਘ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਇਹ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ ਤਾਂ ਹੋ ਸਕਦਾ ਹੈ ਪਰ ਪਾਰਟੀ ਦਾ ਬਿਆਨ ਨਹੀਂ ਹੈ।
ਇਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਮੁੜ ਇੱਕ ਨਿੱਜੀ ਟੀਵੀ ਚੈਨਲ ’ਤੇ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਗੱਠਜੋੜ ਹੋਵੇਗਾ ਜਾਂ ਫਿਰ ਨਹੀਂ ਹੋਵੇਗਾ, ਇਸ ਦਾ ਫੈਸਲਾ ਭਾਜਪਾ ਹਾਈ ਕਮਾਨ ਨੇ ਦਿੱਲੀ ਬੈਠ ਕੇ ਲੈਣਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਗੱਠਜੋੜ ਦੀ ਜ਼ਰੂਰਤ ਹੈ ਪਰ ਭਾਜਪਾ ਹਾਈ ਕਮਾਨ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਜੇਕਰ ਇਕੱਲਿਆਂ ਹੋਣ ਲੜਨ ਲਈ ਕਿਹਾ ਤਾਂ ਉਹ ਇਕੱਲੇ ਹੀ ਚੋਣ ਮੈਦਾਨ ਵਿੱਚ ਉੱਤਰਨਗੇ, ਪਰ ਇਹ ਫੈਸਲਾ ਦਿੱਲੀ ਵਿਖੇ ਹੀ ਲਿਆ ਜਾਣਾ ਹੈ। ਅਮਰਿੰਦਰ ਸਿੰਘ ਦਾ ਇਸ਼ਾਰਾ ਪੰਜਾਬ ਦੀ ਲੀਡਰਸ਼ਿਪ ਵੱਲ ਸੀ, ਜਿਹੜੀ ਕਿ ਉਨ੍ਹਾਂ ਦੇ ਬਿਆਨ ਦਾ ਵਿਰੋਧ ਕਰ ਰਹੀ ਹੈ।














