Punjab Electricity Bill: ਇਲੈਕਟ੍ਰੀਸਿਟੀ ਤੇ ਸੀਡ ਬਿੱਲ ਲਿਆ ਕੇ ਕੇਂਦਰ ਸੂਬਿਆਂ ਦੀ ਖੁਦ ਮੁਖਤਿਆਰੀ ਖਤਮ ਕਰਨ ਜਾ ਰਹੀ ਹੈ : ਰਾਜੇਵਾਲ

Balbir Singh Rajewal
ਨਾਭਾ: ਨਾਭਾ ਐਸਡੀਐਮ ਦਫਤਰ ਬਾਹਰ ਧਰਨੇ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ।

Punjab Electricity Bill: (ਤਰੁਣ ਕੁਮਾਰ ਸ਼ਰਮਾ) ਨਾਭਾ। ਕਿਸਾਨ ਜਥੇਬੰਦੀਆਂ ਵੱਲੋਂ ਨਾਭਾ ਦੇ ਐੱਸਡੀਐੱਮ ਦਫਤਰ ਦੇ ਬਾਹਰ ਵਿਸ਼ਾਲ ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਉੱਘੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਲੈਕਟ੍ਰੀਸਿਟੀ ਅਤੇ ਸੀਡ (ਬੀਜ) ਬਿੱਲ ਲਿਆ ਕੇ ਕੇਂਦਰ ਸੂਬਿਆਂ ਦੀ ਖੁਦ ਮੁਖਤਿਆਰੀ ਨੂੰ ਖਤਮ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 2020 ਦੇ ਕਿਸਾਨੀ ਅੰਦੋਲਨ ਮੌਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਇਲੈਕਟ੍ਰੀਸਿਟੀ ਬਿੱਲ ਸਬੰਧੀ ਉਨ੍ਹਾਂ ਨਾਲ ਚਰਚਾ ਕਰਕੇ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾਵੇਗਾ ਪਰੰਤੂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਬਿਜਲੀ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਭੇਜੀਆਂ ਮੇਲਾਂ ਅਤੇ ਬਿੱਲ ਦਾ ਵਿਰੋਧ ਜਤਾਉਣ ਦੇ ਬਾਅਦ ਵੀ ਕੇਂਦਰ ਸਰਕਾਰ ਇਲੈਕਟ੍ਰੀਸਿਟੀ ਬਿੱਲ (ਕੁਝ ਸੋਧਾਂ ਨਾਲ) ਪੇਸ਼ ਕਰਨ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸੀਡ (ਬੀਜ) ਬਿੱਲ ਨਾਲ ਬੀਜਾਂ ਦੀ ਪੈਦਾਵਾਰ, ਆਯਾਤ-ਨਿਰਯਾਤ ਅਤੇ ਉਹਨਾਂ ਦੀ ਸਪਲਾਈ ਨਾਲ ਜੁੜੀਆਂ ਸਾਰੀਆਂ ਤਾਕਤਾਂ ਕੇਂਦਰ ਆਪਣੇ ਕੋਲ ਲੈ ਜਾਵੇਗੀ ਜਿਸ ਤੋਂ ਸਪੱਸ਼ਟ ਹੈ ਕਿ ਕੇਂਦਰ ਵੱਲੋਂ ਸੂਬਾ ਪੱਧਰੀ ਵਿਸ਼ਿਆਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਤੌਰ ’ਤੇ ਚੇਤਾਵਨੀ ਦਿੱਤੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਉਪਰੋਕਤ ਬਿੱਲਾਂ ਸਬੰਧੀ ਕੋਈ ਵਿਰੋਧ ਨਾ ਜਤਾਇਆ ਤਾਂ ਅਸੀਂ ਮੁੱਖ ਮੰਤਰੀ ਨੂੰ ਵੀ ਕੇਂਦਰ ਵਾਲੀ ਲਾਈਨ ਵਿੱਚ ਰੱਖ ਲਵਾਂਗੇ। ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਕਿਸਾਨੀ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ ਮੌਕੇ ਦੇਸ਼ ਦੇ ਸਾਰੇ ਸੂਬਿਆਂ ਦੀ ਹਰ ਰਾਜਧਾਨੀ ਵਿੱਚ ਵਿਸ਼ਾਲ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਉਪਰੋਕਤ ਪੇਸ਼ ਕੀਤੇ ਜਾ ਰਹੇ ਬਿੱਲਾਂ ਦੇ ਵਿਰੋਧ ਵਿੱਚ ਮੰਗ-ਪੱਤਰ ਦਿੱਤੇ ਜਾਣਗੇ। Punjab Electricity Bill

ਇਹ ਵੀ ਪੜ੍ਹੋ: Bulldozer Action: ਕੋਟਕਪੂਰਾ ’ਚ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ

ਬਲਵੀਰ ਸਿੰਘ ਰਾਜੇਵਾਲ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਕਾਰਪੋਰੇਟ ਘਰਾਣਿਆਂ ਦਾ 42 ਲੱਖ ਕਰੋੜ ਦਾ ਕਰਜ਼ਾ ਮਾਫ ਕਰ ਦਿੱਤਾ ਗਿਆ ਹੈ ਪ੍ਰੰਤੂ ਕਿਸਾਨਾਂ ਦਾ ਕਰਜ਼ਾ ਮਾਫ਼ ਕਿਉਂ ਨਹੀਂ ਕੀਤਾ ਜਾ ਰਿਹਾ? ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਨੇਕ ਸਿੰਘ ਖੋਖ, ਘੁੰਮਣ ਸਿੰਘ ਰਾਜਗੜ੍ਹ, ਹਰਦੀਪ ਸਿੰਘ  ਘਨੁੜਕੀ, ਨਰਿੰਦਰ ਸਿੰਘ ਲੇਹਲਾਂ, ਅਵਤਾਰ ਸਿੰਘ ਕੈਦੂਪੁਰ, ਗੁਰਚਰਨ ਸਿੰਘ ਪਰੌੜ, ਅੱਛਰ ਸਿੰਘ ਭੋਜੋ ਮਾਜਰੀ, ਗੁਰਪ੍ਰੀਤ ਸਿੰਘ ਘਣੀਵਾਲ, ਹਰਿੰਦਰਜੀਤ ਸਿੰਘ ਲੁਬਾਣਾ, ਜਗਜੀਤ ਸਿੰਘ ਮੋਹਲਗੁਆਰਾ, ਲਾਭ ਸਿੰਘ ਦਿੱਤੂਪੁਰ, ਪਰਵਿੰਦਰ ਸਿੰਘ ਬਨੇਰਾ ਖੁਰਦ ਅਤੇ ਇੰਦਰਜੀਤ ਸਿੰਘ ਸਹੌਲੀ ਆਦਿ ਵੀ ਸ਼ਾਮਲ ਸਨ।