India ASEAN Relations: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2026 ਨੂੰ ਆਸੀਆਨ-ਭਾਰਤ ਸਮੁੰਦਰੀ ਸਹਿਯੋਗ ਸਾਲ ਦੱਸਿਆ। ਅਕਤੂਬਰ ਮਹੀਨੇ ਕੁਆਲਾਲੰਪੁਰ ਵਿੱਚ ਹੋਏ 22ਵੇਂ ਆਸੀਆਨ ਸਿਖਰ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਸੀਆਨ ਭਾਰਤ ਦੀ ‘ਐਕਟ ਈਸਟ ਪਾਲਿਸੀ’ ਦਾ ਮੁੱਖ ਥੰਮ੍ਹ ਹੈ ਅਤੇ ਵਿਸ਼ਵ ਸਥਿਰਤਾ ਤੇ ਵਿਕਾਸ ਦਾ ਮਜ਼ਬੂਤ ਆਧਾਰ ਹੈ। ਇਸ ਸਾਲ ਦੇ ਸੰਮੇਲਨ ਦਾ ਵਿਸ਼ਾ ਸਮਾਵੇਸ਼ਿਤਾ ਤੇ ਸਥਿਰਤਾ ਸੀ। ਭਾਰਤ ਨੇ ਇਸ ਮੌਕੇ ਅੰਤਰਰਾਸ਼ਟਰੀ ਵਿਕਾਸ ਲਈ ਸਾਂਝੇ ਯਤਨਾਂ ’ਤੇ ਜ਼ੋਰ ਦਿੱਤਾ। ਆਪਣੇ ਭਾਸ਼ਣ ਵਿੱਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਨੂੰ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।
ਇਹ ਇੱਕ ਲਗਾਤਾਰ ਤੇ ਤਬਾਹਕਾਰੀ ਖ਼ਤਰਾ ਹੈ। ਉਨ੍ਹਾਂ ਨੇ ਬਹੁ-ਧਰੁਵੀ ਵਿਸ਼ਵ ਵਿਵਸਥਾ ਦੀ ਆਪਣੀ ਪਸੰਦੀਦਾ ਧਾਰਨਾ ਨੂੰ ਦੁਹਰਾਇਆ ਅਤੇ ਕਿਹਾ ਕਿ ਇਹ ਹਮੇਸ਼ਾ ਲਈ ਹੈ। ਪਰ ਇਹ ਵੱਖਰੀ ਗੱਲ ਹੈ ਕਿ ਬਹੁ-ਧਰੁਵੀ ਵਿਸ਼ਵ ਵਿੱਚ ਸ਼ਕਤੀ ਦੇ ਥੰਮ੍ਹ ਕੌਣ ਹੋਣਗੇ। ਅਜਿਹੇ ਸਿਖ਼ਰ ਸੰਮੇਲਨਾਂ ਵਿੱਚ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ। ਇਨ੍ਹਾਂ ਵਿੱਚ ਸਭ ਤੋਂ ਮੁੱਖ ਸਮਝੌਤਾ ਸਮੁੰਦਰੀ ਸਹਿਯੋਗ ਸੀ। ਭਾਰਤ ਲਈ ਇਸ ਸਹਿਯੋਗ ਨੂੰ ਹੋਰ ਡੂੰਘਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਆਸੀਆਨ ਦੇਸ਼ਾਂ ਕੋਲ ਵਪਾਰ ਤੇ ਵਣਜ ਲਈ ਮਹੱਤਵਪੂਰਨ ਸਮੁੰਦਰੀ ਮਾਰਗ ਹਨ; ਖ਼ਾਸਕਰ ਮਲੱਕਾ ਜਲਡਮਰੂਮੱਧ, ਜਿਸ ਰਾਹੀਂ ਭਾਰਤ ਦਾ 80 ਪ੍ਰਤੀਸ਼ਤ ਊਰਜਾ ਆਯਾਤ ਹੁੰਦਾ ਹੈ।
ਇਹ ਖਬਰ ਵੀ ਪੜ੍ਹੋ : Farmer News: SKM ਗੈਰ ਸਿਆਸੀ ਦਾ ਸੱਤਵਾਂ ਕੈਂਪ ਜਾਰੀ: ਹੜ੍ਹ ਪੀੜਤਾਂ ਦੀ ਕਣਕ ਬੀਜੀ
ਇਸ ਸਹਿਯੋਗ ਵਿੱਚ ਚਾਰ ਮੁੱਖ ਗਤੀਵਿਧੀਆਂ ਸ਼ਾਮਲ ਹਨ: ਸਮੁੰਦਰੀ ਸੁਰੱਖਿਆ, ਨੀਲੀ ਆਰਥਿਕਤਾ, ਐੱਚਏਡੀਆਰ (ਮਨੁੱਖੀ ਸਹਾਇਤਾ ਤੇ ਆਫ਼ਤ ਰਾਹਤ) ਅਤੇ ਸੰਪਰਕ ਢਾਂਚਾ। ਦੂਜਾ, ਕਿਉਂਕਿ ਧਿਆਨ ਤੇਜ਼ ਆਰਥਿਕ ਏਕੀਕਰਨ ’ਤੇ ਸੀ, ਇਸ ਲਈ ਭਾਰਤ-ਆਸੀਆਨ ਨੇ ਏਆਈਟੀਆਈਜੀਏ (ਆਸੀਆਨ-ਭਾਰਤ ਵਸਤੂ ਵਪਾਰ ਸਮਝੌਤਾ) ਦੀ ਸਮੀਖਿਆ ’ਤੇ ਦਸਤਖ਼ਤ ਕੀਤੇ। ਭਾਰਤ ਨੇ ਇਸ ਨੂੰ ਅੱਗੇ ਵਧਾਉਣ ਦੀ ਤੁਰੰਤ ਲੋੜ ਮਹਿਸੂਸ ਕੀਤੀ ਕਿਉਂਕਿ ਆਸੀਆਨ ਨਾਲ ਭਾਰਤ ਦਾ ਵਪਾਰ ਘਾਟਾ ਤੇਜ਼ੀ ਨਾਲ ਵਧ ਰਿਹਾ ਸੀ। 2016-17 ਵਿੱਚ 9.66 ਅਰਬ ਅਮਰੀਕੀ ਡਾਲਰ ਦੇ ਮੁਕਾਬਲੇ 2022-23 ਵਿੱਚ ਇਹ 43.57 ਅਰਬ ਅਮਰੀਕੀ ਡਾਲਰ ਹੋ ਗਿਆ ਸੀ।
ਭਾਰਤ ਦੇ ਕੁੱਲ ਵਿਸ਼ਵ ਵਪਾਰ ਦੇ 11 ਪ੍ਰਤੀਸ਼ਤ ਨਾਲ ਆਸੀਆਨ ਭਾਰਤ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ, ਮੌਜੂਦਾ ਸਮੀਖਿਆ ਦਾ ਮਕਸਦ ਵਪਾਰ ਸੁਵਿਧਾ ਵਧਾਉਣਾ, ਕਸਟਮ ਪ੍ਰਕਿਰਿਆਵਾਂ ਸਰਲ ਬਣਾਉਣਾ, ਗ਼ੈਰ-ਟੈਰਿਫ ਰੁਕਾਵਟਾਂ ਹਟਾਉਣਾ ਅਤੇ ਸੇਵਾਵਾਂ ਤੇ ਨਿਵੇਸ਼ ਖੇਤਰ ਵਿੱਚ ਨਵੇਂ ਮੌਕੇ ਲੱਭਣਾ ਹੈ। ਤੀਜਾ, ਪ੍ਰਧਾਨ ਮੰਤਰੀ ਨੇ ਸਬੰਧ ਮਜ਼ਬੂਤ ਕਰਨ ਲਈ ਕਈ ਨਵੀਆਂ ਪਹਿਲਕਦਮੀਆਂ ਪੇਸ਼ ਕੀਤੀਆਂ। ਉਨ੍ਹਾਂ ਨੇ ਆਸੀਆਨ-ਭਾਰਤ ਵਿਆਪਕ ਰਣਨੀਤਕ ਭਾਈਵਾਲੀ ਦੇ ਲਾਗੂਕਰਨ ਲਈ ਸਮੱਰਥਨ ਜ਼ਾਹਿਰ ਕੀਤਾ, ਜਿਸ ਵਿੱਚ ਹੋਰ ਖੇਤਰਾਂ ਤੋਂ ਇਲਾਵਾ ਸੈਰ-ਸਪਾਟਾ ਸਹਿਯੋਗ ਵੀ ਸ਼ਾਮਲ ਹੈ।
ਕਿਉਂਕਿ ਦੋਵੇਂ ਪਾਸੇ 2025 ਨੂੰ ਸੈਰ-ਸਪਾਟੇ ਸਾਲ ਵਜੋਂ ਮਨਾ ਰਹੇ ਹਨ; ਨਵਿਆਉਣਯੋਗ ਊਰਜਾ ਵਿੱਚ 400 ਪੇਸ਼ੇਵਰਾਂ ਨੂੰ ਸਿਖਲਾਈ, ਖ਼ਾਸਕਰ ਆਸੀਆਨ ਪਾਵਰ ਗ੍ਰਿਡ ਪਹਿਲਕਦਮੀ ਨੂੰ ਸਮੱਰਥਨ, ਖੇਤਰੀ ਮੁਹਾਰਤ ਵਿਕਸਿਤ ਕਰਨ ਲਈ ਨਾਲੰਦਾ ਯੂਨੀਵਰਸਿਟੀ ਵਿੱਚ ਦੱਖਣੀ-ਪੂਰਬੀ ਏਸ਼ੀਆਈ ਯੂਨੀਵਰਸਿਟੀ ਅਧਿਐਨ, ਗੁਜਰਾਤ ਵਿੱਚ ਪੂਰਬੀ ਏਸ਼ੀਆ ਸਿਖਰ ਸੰਮੇਲਨ ਸਮੁੰਦਰੀ ਵਿਰਾਸਤ ਫ਼ੈਸਟੀਵਲ ਦਾ ਆਯੋਜਨ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ ’ਤੇ ਇੱਕ ਕਾਨਫਰੰਸ। 2026-30 ਦੀ ਕਾਰਜ-ਯੋਜਨਾ ਲਾਓਸ ਦੇ ਵੀਅਨਤਿਆਨੇ ਵਿੱਚ 2024 ਵਿੱਚ ਹੋਏ 21ਵੇਂ ਆਸੀਆਨ ਸਿਖਰ ਸੰਮੇਲਨ ਵਿੱਚ ਐਲਾਨੇ 10-ਸੂਤਰੀ ਏਜੰਡੇ ’ਤੇ ਅਧਾਰਿਤ ਹੈ।
ਇਸ ਯੋਜਨਾ ਦਾ ਮਕਸਦ ਇਨ੍ਹਾਂ ਵਚਨਬੱਧਤਾਵਾਂ ਨੂੰ ਸਮਾਂ-ਹੱਦ ਤੇ ਨਤੀਜਿਆਂ ਨਾਲ ਇੱਕ ਵਿਸਤ੍ਰਿਤ ਕਾਰਜ-ਪ੍ਰਣਾਲੀ ਵਿੱਚ ਬਦਲਣਾ ਹੈ। ਚੌਥਾ, ਡਿਜ਼ੀਟਲੀਕਰਨ ’ਤੇ ਭਾਰਤ ਦੀ ਮੁੱਖ ਤਾਕਤ ਡਿਜੀਟਲ ਜਨਤਕ ਢਾਂਚਾ– ਸੀਮਾ-ਪਾਰ ਭੁਗਤਾਨ ਪ੍ਰਣਾਲੀਆਂ ਤੇ ਫ਼ਿਨਟੈੱਕ ਹੱਲਾਂ ’ਤੇ ਸਹਿਯੋਗ ਵਧਾਉਣ ਵਿੱਚ ਦਿਖਾਈ ਦਿੱਤੀ। ਭਾਰਤ ਦਾ ਯੂਪੀਆਈ ਮਾਡਲ (ਏਕੀਕ੍ਰਿਤ ਭੁਗਤਾਨ ਪ੍ਰਣਾਲੀ) ਨੇ ਆਸੀਆਨ ਦੇਸ਼ਾਂ ਸਮੇਤ ਵਿਕਾਸਸ਼ੀਲ ਦੁਨੀਆਂ ਵਿੱਚ ਭਾਰੀ ਦਿਲਚਸਪੀ ਪੈਦਾ ਕੀਤੀ ਹੈ। ਇਸ ਉੱਦਮ ਵਿੱਚ ਡਿਜ਼ੀਟਲ ਭਵਿੱਖ ਲਈ ਆਸੀਆਨ-ਭਾਰਤ ਫ਼ੰਡ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿੱਚ ਸਪਲਾਈ ਚੇਨ ਪ੍ਰਬੰਧਨ ਤੇ ਡਿਜ਼ੀਟਲ ਸਿਹਤ ਪਲੇਟਫਾਰਮਾਂ ਲਈ ਏਆਈ, ਬਲਾਕਚੇਨ ਤਕਨਾਲੋਜੀ ’ਤੇ ਸਹਿਯੋਗ ਸ਼ਾਮਲ ਹੈ। ਰਣਨੀਤਕ ਨਜ਼ਰੀਏ ਤੋਂ ਭਾਰਤ-ਆਸੀਆਨ ਭਾਈਵਾਲੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ।
ਕਿਉਂਕਿ ਦੱਖਣੀ-ਪੂਰਬੀ ਏਸ਼ੀਆਈ ਦੇਸ਼ ਵਾਸ਼ਿੰਗਟਨ ਤੇ ਬੀਜਿੰਗ ਵਿਚਕਾਰ ਵਪਾਰ ਤਣਾਅ ਤੇ ਹਕੂਮਤੀ ਮੁਕਾਬਲੇਬਾਜ਼ੀ ਵਿੱਚ ਫਸੇ ਹੋਏ ਹਨ। ਭਾਰਤ ਉਨ੍ਹਾਂ ਨੂੰ ਸਥਿਰਤਾ ਦੇਣ ਲਈ ਕੁਝ ਮੱਦਦ ਮੁਹੱਈਆ ਕਰਵਾ ਸਕਦਾ ਹੈ। ਕਈ ਦੇਸ਼ ਤੇ ਖੇਤਰੀ ਸਮੂਹ ਭਾਰਤ ਨੂੰ ਤੀਜਾ ਬਾਜ਼ਾਰ ਤੇ ਇੱਕ ਆਰਥਿਕ-ਰਾਜਨੀਤਿਕ ਸ਼ਕਤੀ ਵਜੋਂ ਦੇਖਣਾ ਚਾਹੁੰਦੇ ਹਨ। ਕੀ ਭਾਰਤ ਇਸ ਉਮੀਦ ’ਤੇ ਖਰਾ ਉੱਤਰਨ ਲਈ ਕਾਫ਼ੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਇਹ ਬਹਿਸ ਦਾ ਵਿਸ਼ਾ ਹੈ। ਪਰ ਸਭ ਤੋਂ ਵੱਡੇ ਦੇਸ਼ ਅਤੇ ਕਾਰਜਸ਼ੀਲ ਲੋਕਤੰਤਰ ਵਜੋਂ ਇਸ ਪੱਧਰ ਤੱਕ ਪਹੁੰਚਣ ਲਈ ਭਾਰਤ ਨੂੰ ਪੂਰੀ ਤਨਦੇਹੀ ਨਾਲ ਅੱਗੇ ਵਧਣਾ ਪਵੇਗਾ। India ASEAN Relations
ਜਦਕਿ ਚੀਨ ਇੱਕ ਕੇਂਦਰੀਕ੍ਰਿਤ ਬਾਜ਼ਾਰ ਅਰਥਵਿਵਸਥਾ ਤੇ ਅਮਰੀਕਾ ਇੱਕ ਵਿਸ਼ਾਲ ਸੈਨਿਕ ਸ਼ਕਤੀ ਰਿਹਾ ਹੈ। ਫਿਰ ਵੀ, ਭਾਰਤ ਤੇ ਆਸੀਆਨ ਦੇ ਹਿੱਤਾਂ ਵਿੱਚ ਕਾਫ਼ੀ ਸਮਾਨਤਾ ਹੈ। ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੇ ਜ਼ਿਆਦਾਤਰ ਦੇਸ਼ਾਂ ਨਾਲ ਭਾਰਤ ਦੇ ਮਜ਼ਬੂਤ ਸੱਭਿਆਚਾਰਕ ਸਬੰਧ ਹਨ, ਜੋ ਲੋਕਾਂ-ਲੋਕਾਂ ਵਿਚਕਾਰ ਆਪਸੀ ਸੰਪਰਕ ਦਾ ਮਜ਼ਬੂਤ ਆਧਾਰ ਹਨ। ਭਾਰਤ ਨੇ 3 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਸਾਂਝੇ ਜੀਡੀਪੀ ਵਾਲੇ ਇਸ ਖੇਤਰ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਵਜੋਂ ਆਸੀਆਨ ਦਾ ਅਟੱਲ ਸਮੱਰਥਨ ਕੀਤਾ ਹੈ। ਆਸੀਆਨ, ਚੀਨ-ਕੇਂਦਰਿਤ ਵਪਾਰ ਤੇ ਅਰਥਵਿਵਸਥਾ ਦੇ ਵਿਕਲਪ ਵਜੋਂ ਭਾਰਤ ਨੂੰ ਨਿਵੇਸ਼।
ਬਾਜ਼ਾਰ ਪਹੁੰਚ ਤੇ ਸਪਲਾਈ ਚੇਨ ਦੇ ਮਹੱਤਵਪੂਰਨ ਮੌਕੇ ਦਿੰਦਾ ਹੈ। ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੱਲ ਰਹੀ ਸ਼ਕਤੀ ਮੁਕਾਬਲੇਬਾਜ਼ੀ ਵਿੱਚ ਭਾਰਤ-ਆਸੀਆਨ ਭਾਈਵਾਲੀ ਰਣਨੀਤਕ ਸੁਤੰਤਰਤਾ ਤੇ ਸਾਂਝੀ ਖੁਸ਼ਹਾਲੀ ਤੇ ਸੁਰੱਖਿਆ ’ਤੇ ਅਧਾਰਤ ਦੂਜੇ ਕਿਸਮ ਦਾ ਦੁਵੱਲਾ ਮਾਡਲ ਪੇਸ਼ ਕਰਦੀ ਹੈ। ਭਾਰਤ ਦੇ ਸੰਦਰਭ ਵਿੱਚ ਸਬੰਧ ਲਗਾਤਾਰ ਡੂੰਘੇ ਹੋ ਰਹੇ ਹਨ। 1995 ਵਿੱਚ ਇਹ ਸੰਵਾਦ ਭਾਈਵਾਲ ਬਣਿਆ ਸੀ, ਜਿਸ ਨੂੰ ਬਾਅਦ ਵਿੱਚ ਸਿਖਰ ਪੱਧਰ ਤੱਕ ਉਠਾਇਆ ਗਿਆ। ਭਾਰਤ ਤੇ ਆਸੀਆਨ ਵਿਚਕਾਰ ਨੇੜਤਾ ਤੇ ਉਮੀਦਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। India ASEAN Relations
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਡਾ. ਡੀ. ਕੇ. ਗਿਰੀ














