Barnala News: ਜ਼ਿਲ੍ਹਾ ਬਰਨਾਲਾ ’ਚ ਹਵਾ ਦੀ ਗੁਣਵੱਤਾ ਹੋਈ ਖ਼ਰਾਬ, ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਿੱਚ ਹੋਇਆ ਵਾਧਾ
Barnala News: ਬਰਨਾਲਾ (ਜਸਵੀਰ ਸਿੰਘ ਗਹਿਲ)। ਪੰਜਾਬ ਵਿੱਚ ਕੁੱਝ ਦਿਨਾਂ ਤੋਂ ਝੋਨੇ ਦੀ ਕਟਾਈ ਦੇ ਕੰਮ ਵਿੱਚ ਤੇਜੀ ਆਈ ਹੈ, ਜਿਸ ਨਾਲ ਨਾਲ ਫ਼ਸਲੀ ਰਹਿੰਦ- ਖੂੰਹਦ ਨੂੰ ਅੱਗ ਲਗਾਉਣ ਦਾ ਸਿਲਸਿਲਾ ਵੀ ਤੇਜੀ ਫ਼ੜਨ ਲੱਗਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਜ਼ਿਲ੍ਹਾ ਬਰਨਾਲਾ ਵਿੱਚ ਅੱਗ ਲਗਾਉਣ ਦੇ ਮਾਮਲੇ ਭਾਵੇਂ ਬਹੁਤ ਘੱਟ ਸਾਹਮਣੇ ਆਏ ਹਨ ਪਰ ਜ਼ਹਿਰੀਲੀ ਹੋਈ ਆਬੋ- ਹਵਾ ਨੇ ਜ਼ਿਲ੍ਹਾ ਵਾਸੀਆਂ ਦੀ ਸਿਹਤ ਵਿਗਾੜ ਰੱਖੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਜ਼ਿਲ੍ਹਾ ਬਰਨਾਲਾ ਵਿੱਚ ਹੁਣ ਤੱਕ ਦੋ ਦਰਜਨ ਦੇ ਕਰੀਬ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਜ਼ਮੀਨੀ ਹਕੀਕਤ ਵਿਭਾਗ ਦੇ ਅੰਕੜਿਆਂ ਤੋਂ ਕੋਹਾਂ ਵਾਟ ਉਲਟ ਚੱਲ ਰਹੀ ਹੈ ਜਿਸ ’ਚ ਹਰ ਇੱਕ ਕਿਲੋਮੀਟਰ ਦੇ ਏਰੀਏ ਵਿੱਚ ਖੇਤ ਅੰਦਰ ਫ਼ਸਲੀ ਰਹਿੰਦ- ਖੂੰਹਦ ਸਾੜੇ ਜਾਣ ਦੇ ਸਬੂਤ ਮੌਜੂਦ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੰਨੀਏ ਤਾਂ ਹਰ ਇੱਕ ਪਿੰਡ ਵਿੱਚ ਇੱਕ ਨੋਡਲ ਅਫ਼ਸਰ ਤੇ ਇੱਕ ਕਲਸਟਰ ਅਫ਼ਸਰ ਸਿਰਫ਼ ਇਸੇ ਲਈ ਹੀ ਨਿਯੁਕਤ ਕੀਤੇ ਗਏ ਹਨ ਕਿ ਉਹ ਸਬੰਧਿਤ ਪਿੰਡ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ’ਤੇ ਬਾਜ਼ ਅੱਖ ਰੱਖਣ ਤੇ ਵਿਭਾਗ ਨੂੰ ਰਿਪੋਰਟ ਕਰਨ ਪਰ ਦਰਜ਼ ਹੋਏ ਮਾਮਲਿਆਂ ਅਤੇ ਜ਼ਮੀਨੀ ਸਥਿਤੀ ’ਚ ਵੱਡਾ ਅੰਤਰ ਹੈ। Barnala News
Read Also : ਪੀਆਰਟੀਸੀ ਦੀਆਂ ਸੜਕਾਂ ’ਤੇ ਦੌੜ ਰਹੀਆਂ ਕੰਡਮ ਬੱਸਾਂ, ਲੋਕਾਂ ਦੀ ਜਾਨ ਦਾ ਖ਼ੌਅ ਬਣੀਆਂ
ਜਿਸ ਹਿਸਾਬ ਨਾਲ ਪਿੰਡ- ਪਿੰਡ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਉਸ ਹਿਸਾਬ ਨਾਲ ਸਿਰਫ਼ ਇੱਕ ਜ਼ਿਲ੍ਹੇ ਵਿੱਚ ਹੀ ਹੁਣ ਤੱਕ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਦੀ ਗਿਣਤੀ ਹਜ਼ਾਰਾਂ ਤੱਕ ਅੱਪੜ ਜਾਣੀ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਹੁਣ ਤੱਕ ਦੀ ਰਿਪੋਰਟ ਵਿੱਚ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਸਾੜੇ ਜਾਣ ਦੇ ਸੋਮਵਾਰ ਤੱਕ ਕੁੱਲ 20 ਮਾਮਲੇ ਹੀ ਸਾਹਮਣੇ ਆਏ ਹਨ।
Barnala News
ਜਦਕਿ ਅੱਗ ਲੱਗਣ ਨਾਲ ਜ਼ਿਲ੍ਹੇ ਅੰਦਰ ਹਵਾ ਦੀ ਗੁਣਵੱਤਾ (ਏਅਰ ਕੁਆਲਿਟੀ ਇੰਡੈਕਸ) ਰੈੱਡ ਜ਼ੋਨ (ਸਿਹਤ ਲਈ ਨੁਕਸਾਨਦਾਇਕ) ਸਥਿਤੀ ਵਿੱਚ ਪਹੁੰਚ ਚੁੱਕੀ ਹੈ ਜਿਸ ਦਾ ਅਸਰ ਸਭ ਤੋਂ ਵੱਧ ਸਾਹ ਦੇ ਮਰੀਜ਼ਾਂ ਅਤੇ ਬੱਚਿਆਂ ਦੀ ਸਿਹਤ ’ਤੇ ਪੈ ਰਿਹਾ ਹੈ। ਨਤੀਜੇ ਵਜੋਂ ਹਸਪਤਾਲਾਂ ’ਚ ਸਿਹਤਯਾਬੀ ਲਈ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਹਵਾ ਦੀ ਮਾੜੀ ਗੁਣਵੱਤਾ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਸਲਾਹਕਾਰੀ ਜਾਰੀ ਕੀਤੀ ਗਈ ਹੈ।
ਰੈੱਡ ਜ਼ੋਨ ’ਚ ਹਵਾ ਦੀ ਗੁਣਵੱਤਾ
ਜ਼ਿਲ੍ਹਾ ਬਰਨਾਲਾ ਦੀ ਹਵਾ ਦੀ ਗੁਣਵੱਤਾ ਮੌਜੂਦਾ ਹਾਲਾਤਾਂ ਵਿੱਚ ਖ਼ਰਾਬ ਸਥਿਤੀ ਵਿੱਚ ਚੱਲ ਰਹੀ ਹੈ ਜੋ ਮਾਹਿਰਾਂ ਮੁਤਾਬਕ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੈ। ਜ਼ਿਲ੍ਹੇ ਵਿੱਚ ਮਹਿਲ ਕਲਾਂ ਵਿਖੇ ਏਅਰ ਕੁਆਲਿਟੀ ਇੰਡੈਕਸ 164, ਬਰਨਾਲਾ ਵਿੱਚ 163, ਧਨੌਲਾ, 162 ਅਤੇ ਤਪਾ ਵਿੱਚ 131 ’ਤੇ ਚੱਲ ਰਿਹਾ ਹੈ।
20 ਮਾਮਲੇ, ਇੱਕ ਲੱਖ ਰੁਪਏ ਜ਼ੁਰਮਾਨਾ
ਸੰਪਰਕ ਕਰਨ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸ਼ੀਅਨ ਸੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਤੱਕ ਜ਼ਿਲ੍ਹਾ ਬਰਨਾਲਾ ਵਿੱਚ ਅੱਗ ਲੱਗਣ ਦੇ ਮਾਮਲੇ ’ਤੇ ਕੁੱਲ 20 ਐੱਫ਼ਆਈਆਰ ਦਰਜ਼ ਹੋਈਆਂ ਹਨ। ਇਸੇ ਤਰ੍ਹਾਂ 20 ਕਿਸਾਨਾਂ ਦੀਆਂ ਰੈੱਡ ਐਂਟਰੀਆਂ ਪਾਉਣ ਦੇ ਨਾਲ ਹੀ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ।
‘ਬਿਨਾਂ ਕੰਮ ਤੋਂ ਨਾ ਨਿੱਕਲੋ ਘਰੋਂ’
ਡਾ. ਮੁਨੀਸ ਕੁਮਾਰ ਜ਼ਿਲ੍ਹਾ ਐਪੀਡੀਮਾਲੋਜਿਸਟ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਦਾ ਛੋਟੇ ਬੱਚੇ, ਗਰਭਵਤੀ ਔਰਤਾਂ, 60 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਤੇ ਸਾਹ- ਦਮਾ ਆਦਿ ਬਿਮਾਰੀਆਂ ਤੋਂ ਪੀੜਤਾਂ ਦੀ ਸਿਹਤ ’ਤੇ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਖੰਘ, ਸਾਹ ਚੜਣਾ, ਨਜਲਾ, ਅੱਖਾਂ ’ਚ ਲਾਲੀ ਅਤੇ ਖ਼ਾਰਸ਼ ਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਲਈ ਘਰੋਂ ਬਾਹਰ ਨਿੱਕਲਣ ਤੋਂ ਗੁਰੇਜ ਕੀਤਾ ਜਾਵੇ ਅਤੇ ਲੋੜ ਪੈਣ ’ਤੇ ਤੁਰੰਤ ਡਾਕਟਰੀ ਸਲਾਹ ਲਈ ਜਾਵੇ।














