
ਸਾਲ 2024 ’ਚ ਪਰਾਲੀ ਸਾੜਨ ’ਚ ਦੂਜੇ ਨੰਬਰ ’ਤੇ ਸੀ ਹੀਰੋ ਕਲਾਂ
Punjab Success Story: (ਸੁਖਜੀਤ ਮਾਨ) ਮਾਨਸਾ। ਜ਼ਿਲ੍ਹਾ ਮਾਨਸਾ ਦਾ ਪਿੰਡ ਹੀਰੋ ਕਲਾਂ ਪਰਾਲੀ ਪ੍ਰਬੰਧਲ ਮੁਹਿੰਮ ਦਾ ‘ਹੀਰੋ’ ਬਣ ਕੇ ਉੱਭਰਿਆ ਹੈ। ਇਹ ਪਿੰਡ ਪਿਛਲੇ ਸਾਲ ਵੱਧ ਪਰਾਲੀ ਸਾੜਨ ਵਾਲੇ ਪਿੰਡਾਂ ’ਚੋਂ ਦੂਜੇ ਨੰਬਰ ’ਤੇ ਸੀ ਜਦੋਂਕਿ ਇਸ ਸੀਜਨ ’ਚ ਕਿਸਾਨਾਂ ਨੇ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਾਈ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਇਸ ਪਿੰਡ ਨੂੰ ਰੋਲ ਮਾਡਲ ਮੰਨ ਕੇ ਹੁਣ ਹੋਰਨਾਂ ਪਿੰਡਾਂ ’ਚ ਇਸ ਦੀਆਂ ਉਦਾਹਰਨਾਂ ਦੇਣ ਲੱਗੇ ਹਨ।
ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਅੱਜ ਪਿੰਡ ਹੀਰੋ ਕਲਾਂ ਦੇ ਖੇਤਾਂ ਦਾ ਦੌਰਾ ਕੀਤਾ ਜਿੱਥੇ ਕਿਸਾਨ ਮਲਚਰ, ਉਲਟਾਵੇਂ ਹਲਾਂ ਅਤੇ ਸੁਪਰ ਸੀਡਰ ਨਾਲ ਪਰਾਲੀ ਦਾ ਨਿਬੇੜਾ ਕਰਕੇ ਕਣਕ ਦੀ ਬਿਜਾਈ ਕਰ ਰਹੇ ਸਨ। ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਿਸਾਨ ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਹੀਰੋ ਕਲਾਂ ਨੇ ਦੱਸਿਆ ਕਿ ਉਹ ਦੋਵੇਂ ਭਰਾ 26 ਏਕੜ ਵਿੱਚ ਪਰਾਲੀ ਦਾ ਨਿਬੇੜਾ ਕਰਦੇ ਹਨ ਅਤੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ। ਉਨ੍ਹਾਂ ਦੇ ਤਾਏ ਦਾ ਪਰਿਵਾਰ ਵੀ 26 ਏਕੜ ਵਿੱਚ ਪਰਾਲੀ ਦਾ ਨਿਬੇੜਾ ਕਰ ਰਿਹਾ ਹੈ। ਉਨ੍ਹਾਂ ਨੂੰ ਸੁਪਰ ਸੀਡਰ ਸਬਸਿਡੀ ’ਤੇ ਪ੍ਰਾਪਤ ਹੋਇਆ ਹੈ, ਉਲਟਾਵੇਂ ਹਲ ਸਹਿਕਾਰੀ ਸੁਸਾਇਟੀ ਤੋਂ ਅਤੇ ਮਲਚਰ ਜਾਣਕਾਰਾਂ ਦਾ ਹੈ ਜੋ ਕਿ ਸਬਸਿਡੀ ’ਤੇ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: Malerkotla News: ਕੌਂਸਲਰ ਹਬੀਬ ਵੱਲੋਂ ਪੁਲਿਸ ’ਤੇ ਭੇਦਭਾਵ ਦੇ ਦੋਸ਼, ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫਾ
ਇਸ ਮੌਕੇ ਮੌਜ਼ੂਦ ਖੇਤੀਬਾੜੀ ਵਿਕਾਸ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿਚ 2023 ਵਿੱਚ ਪਰਾਲੀ ਨੂੰ ਅੱਗ ਲੱਗਣ ਦੇ 45 ਮਾਮਲੇ ਆਏ ਸਨ, 2024 ਵਿੱਚ 15 ਸਨ ਤੇ ਇਹ ਪਿੰਡ ਜ਼ਿਆਦਾ ਅੱਗ ਲਾਉਣ ਵਾਲੇ ਪਿੰਡਾਂ ਵਿਚ ਦੂਜੇ ਨੰਬਰ ’ਤੇ ਸੀ ਤੇ ਇਸ ਵਾਰ ਹੁਣ ਤੱਕ ਜ਼ੀਰੋ ਮਾਮਲੇ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ ਕਰਨ ਨੂੰ ਕਿਹਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੇ ਪਿੰਡ ਕੋਟੜਾ ਕਲਾਂ ਵਿੱਚ ਕੁਲਵਿੰਦਰ ਸਿੰਘ ਦੇ ਖੇਤ ਦਾ ਦੌਰਾ ਕੀਤਾ, ਜਿੱਥੇ 20 ਏਕੜ ਵਿੱਚ ਸੁਪਰ ਸੀਡਰ ਅਤੇ ਗੱਠਾਂ ਬਣਾ ਕੇ ਪਰਾਲੀ ਦਾ ਨਿਬੇੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਪਿੰਡ ਭੀਖੀ ਦਾ ਵੀ ਦੌਰਾ ਕੀਤਾ ਜਿੱਥੇ ਕਿਸਾਨ ਮਨਜੀਤ ਸਿੰਘ ਵੱਲੋਂ ਬੇਲਰ ਨਾਲ 20 ਏਕੜ ਵਿੱਚ ਗੱਠਾਂ ਬਣਾਈਆਂ ਜਾ ਰਹੀਆਂ ਸਨ। Punjab Success Story
ਪਰਾਲੀ ਸਾੜਨ ਦੇ 60 ਫੀਸਦੀ ਮਾਮਲੇ ਘਟੇ : ਅਧਿਕਾਰੀ
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਪੂਰੇ ਜ਼ਿਲ੍ਹੇ ਵਿੱਚ ਅੱਗ ਲੱਗਣ ਦੇ ਕਰੀਬ 60 ਫੀਸਦੀ ਘੱਟ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ 2 ਨਵੰਬਰ ਤੱਕ 185 ਮਾਮਲੇ ਆਏ ਸਨ, ਜਦੋਂਕਿ ਇਸ ਵਾਰ ਅੱਗ ਲੱਗਣ ਦੀਆਂ ਸਿਰਫ 76 ਘਟਨਾਵਾਂ ਦਰਜ ਹੋਈਆਂ ਹਨ। Punjab Success Story












