Protest Warning: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ (ਪੀ.ਡੀ ਐਸ.ਏ) ਪੰਜਾਬ ਦੇ ਸੱਦੇ ’ਤੇ ਸਮੂਹ ਜ਼ਿਲ੍ਹਿਆਂ ਵਿਚ ਮੁੱਖ ਖੇਤੀਬਾੜੀ ਅਫ਼ਸਰਾਂ ਰਾਹੀ ਪੰਜਾਬ ਸਰਕਾਰ ਨੂੰ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਸੰਬੰਧੀ ਮੈਮੋਰੰਡਮ ਦਿੱਤੇ ਗਏ। ਇਸ ਦੌਰਾਨ ਪੀਡੀਐਸਏ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਡਾ. ਨਵਿੰਦਰਪਾਲ ਸਿੰਘ ਅਤੇ ਸਮੂਹ ਜ਼ਿਲ੍ਹੇ ਦੇ ਖੇਤੀਬਾੜੀ ਵਿਕਾਸ ਅਫਸਰਾਂ ਵੱਲੋਂ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕੁਲਵੰਤ ਸਿੰਘ ਅਤੇ ਜ਼ਿਲ੍ਹਾ ਸਿਖਲਾਈ ਅਫਸਰ ਫਰੀਦਕੋਟ ਡਾ. ਅਵੀਨਿੰਦਰਪਾਲ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਦੀ ਸਮੇਂ ਸਿਰ ਪਦਉੱਨਤੀ ਹੋਣ ਨਾਲ ਉਸ ਦਾ ਮਨੋਬਲ ਉੱਚਾ ਹੁੰਦਾ ਹੈ ਅਤੇ ਉਹ ਹੋਰ ਤਨਦੇਹੀ ਨਾਲ ਲੋਕ ਹਿੱਤ ਵਿੱਚ ਕੰਮ ਕਰਦਾ ਹੈ। ਪ੍ਰੰਤੂ ਵਿਭਾਗ ਵਿੱਚ ਯੋਗ ਉਮੀਦਵਾਰ ਖੇਤੀਬਾੜੀ ਵਿਕਾਸ ਅਫ਼ਸਰ ਤੋਂ ਖੇਤੀਬਾੜੀ ਅਫ਼ਸਰ ਦੀ ਪਦਉੱਨਤੀ ਲਈ ਲੋੜੀ੍ਂਦੇ 6 ਸਾਲ ਦੇ ਉਲਟ 13 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਪਦਉੱਨਤੀ ਲਈ ਉਡੀਕ ਕਰ ਰਹੇ ਹਨ।
ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਹਰ ਸਾਲ ਪਦਉੱਨਤੀ ਲਈ ਨਾਂਅ ਵਿਚਾਰੇ ਜਾਣ ਪਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਚ ਪਦਉਨਤੀ ਲਈ ਪਿਛਲੇ ਦੋ ਸਾਲਾ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਅਫ਼ਸਰਾਂ ਦੀਆਂ 93 ਅਸਾਮੀਆਂ ਖਾਲੀ ਹਨ ਅਤੇ ਵਿਭਾਗ ਵਿੱਚ ਵੱਖ-ਵੱਖ ਆਸਾਮੀਆਂ ਲਈ ਸਾਰੇ ਕੇਡਰਾਂ ਦੀਆਂ ਤਰੱਕੀਆਂ ਹੋ ਚੁਕੀਆ ਹਨ ਪਰ ਕੇਵਲ ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਤਰੱਕੀ ਤੋਂ ਵਾਂਝੇ ਰੱਖਣਾ ਸਰਾਸਰ ਨਾ-ਇਨਸਾਫੀ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਵਿੱਚ ਬਾਗਬਾਨੀ ਵਿਕਾਸ ਅਫ਼ਸਰਾਂ ਦੀ ਲੰਮੇ ਸਮੇਂ ਤੋਂ ਤਰੱਕੀ ਨਹੀਂ ਹੋਈ ਹੈ ਅਤੇ ਕਈ ਅਧਿਕਾਰੀ 25 ਸਾਲ ਤੋਂ ਤਰੱਕੀ ਦੀ ਉਡੀਕ ਲਗਾਈ ਬੈਠੇ ਹਨ। Protest Warning
ਇਹ ਵੀ ਪੜ੍ਹੋ: Cyclone Motha: ਚੱਕਰਵਾਤੀ ਤੂਫਾਨ ਮੋਂਥਾ ਦਾ ਪੰਜਾਬ ’ਤੇ ਅਸਰ, ਤਾਪਮਾਨ ਡਿੱਗਿਆ
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਵਿਭਾਗ ਵਿਚ ਕੰਮ ਕਰਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਪੇਪੈਰਿਟੀ ਜੋ ਕਿ ਵੈਟਨਰੀ ਅਫ਼ਸਰਾਂ ਦੇ ਬਰਾਬਰ ਹੁਣ ਤੱਕ ਚੱਲਦੀ ਆ ਰਹੀ ਹੈ, ਪ੍ਰੰਤੂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਜਾਣ-ਬੁੱਝ ਕੇ ਤਨਖਾਹ ਸਕੇਲ ਘਟਾਏ ਜਾ ਰਹੇ ਹਨ ਜਿਸ ਕਾਰਨ ਸਾਨੂੰ ਮਜ਼ਬੂਰਨ ਸਰਕਾਰ ਖਿਲਾਫ ਸੰਘਰਸ਼ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਰਕਾਰ ਸਾਡੀਆਂ ਉਪਰੋਕਤ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਅਸੀਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਾਂਗੇ ।














