Student Vidhan Sabha Punjab: ਪੰਜਾਬ ’ਚ ਪਹਿਲੀ ਵਾਰ ‘ਸਟੂਡੈਂਟ ਵਿਧਾਨ ਸਭਾ’, ਸਦਨ ਨੂੰ ਚਲਾਉਣਗੇ ਨੌਜਵਾਨ ਵਿਦਿਆਰਥੀ

Student Vidhan Sabha Punjab
Student Vidhan Sabha Punjab: ਪੰਜਾਬ ’ਚ ਪਹਿਲੀ ਵਾਰ ‘ਸਟੂਡੈਂਟ ਵਿਧਾਨ ਸਭਾ’, ਸਦਨ ਨੂੰ ਚਲਾਉਣਗੇ ਨੌਜਵਾਨ ਵਿਦਿਆਰਥੀ

Student Vidhan Sabha Punjab: ਸਪੀਕਰ ਕੁਲਤਾਰ ਸੰਧਵਾ ਦਾ ਉਪਰਾਲਾ, ਸਿਆਸਤ ਲਈ ਪ੍ਰੇਰਿਤ ਹੋਣ ਪੰਜਾਬ ਦੇ ਵਿਦਿਆਰਥੀ

  • ਸੱਤਾ ਤੇ ਵਿਰੋਧੀ ਧਿਰ ’ਚ ਸ਼ਾਮਲ ਹੋਣਗੇ ਵਿਦਿਆਰਥੀ, ਕਰਵਾਈ ਜਾਏਗੀ ਤਿੱਖੀ ਬਹਿਸ

Student Vidhan Sabha Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ‘ਸਟੂਡੈਂਟ ਵਿਧਾਨ ਸਭਾ ਸੈਸ਼ਨ’ ਕਰਵਾਇਆ ਜਾ ਰਿਹਾ ਹੈ ਤੇ ਇਸ ਮੌਕ ਵਿਧਾਨ ਸਭਾ ਸੈਸ਼ਨ ਕਰਵਾਉਣ ਦੀ ਤਿਆਰੀ ਪੰਜਾਬ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਕਰ ਲਈ ਗਈ ਹੈ। ਅਗਲੇ ਮਹੀਨੇ ਨਵੰਬਰ ਵਿੱਚ ਹੀ ਪੰਜਾਬ ਦੀ ਵਿਧਾਨ ਸਭਾ ਵਿੱਚ 11ਵੀਂ ਤੇ 12ਵੀ ਕਲਾਸ ਦੇ ਵਿਦਿਆਰਥੀ ਸਦਨ ਦੀ ਕਾਰਵਾਈ ਨੂੰ ਚਲਾਉਂਦੇ ਹੋਏ ਸੱਤਾਧਿਰ ਤੇ ਵਿਰੋਧੀ ਧਿਰ ਵਜੋਂ ਤਿੱਖੀ ਬਹਿਸ ਕਰਦੇ ਨਜ਼ਰ ਆਉਣਗੇ।

ਸੱਤਾਧਿਰ ’ਚ ਸ਼ਾਮਲ ਵਿਦਿਆਰਥੀਆਂ ਵੱਲੋਂ ਸਰਕਾਰ ਦੀ ਪ੍ਰਾਪਤੀਆਂ ਗਿਣਾਉਣ ਦੀ ਕੋਸ਼ਿਸ਼ ਹੋਏਗੀ ਤਾਂ ਵਿਰੋਧੀ ਧਿਰ ਦੇ ਵਿਦਿਆਰਥੀਆਂ ਵੱਲੋਂ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਖੜ੍ਹੇ ਕਰਦੇ ਹੋਏ ਉਸ ਨੂੰ ਘੇਰਨ ਦੀ ਹਰ ਸੰਭਵ ਕੋਸ਼ਿਸ਼ ਦੇ ਨਾਲ ਹੀ ਆਪਣੇ ਆਪਣੇ ਇਲਾਕੇ ਦੇ ਮੁਦੇ ਚੁੱਕਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਨਿਵੇਕਲੀ ਕੋਸ਼ਿਸ਼ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਵਿਧਾਨ ਸਭਾ ਦੇ ਮੌਕ ਸੈਸ਼ਨ ’ਚ ਕੋਈ ਵੀ ਘਾਟ ਨਾ ਰਹਿ ਜਾਵੇ, ਇਸ ਲਈ ਖ਼ੁਦ ਸਪੀਕਰ ਨੇ ਤਿਆਰੀਆਂ ਦਾ ਮੋਰਚਾ ਸੰਭਾਲਿਆ ਹੋਇਆ ਹੈ।

Student Vidhan Sabha Punjab

ਸਪੀਕਰ ਇਸ ਮੌਕੇ ਵਿਧਾਨ ਸਭਾ ਦੇ ਸੈਸ਼ਨ ਨੂੰ 26 ਨਵੰਬਰ ਨੂੰ ਕਰਵਾਉਣਾ ਚਾਹੁੰਦੇ ਹਨ ਹਾਲਾਂਕਿ ਮੌਕੇ ’ਤੇ ਕਿਸੇ ਕਾਰਨ ਇੱਕ ਦੋ ਦਿਨ ਲਈ ਅੱਗੇ ਪਿੱਛੇ ਕੀਤਾ ਜਾ ਸਕਦਾ ਹੈ ਉਸ ਲਈ ਵੀ ਵਿਧਾਨ ਸਭਾ ਮੁਕੰਮਲ ਤਿਆਰ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾ ਚਾਹੁੰਦੇ ਹਨ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਈ ਕਰ ਰਹੇ 11ਵੀਂ ਤੇ 12ਵੀ ਕਲਾਸ ਦੇ ਵਿਦਿਆਰਥੀ ਸਿਆਸਤ ’ਚ ਆਪਣੀ ਰੁਚੀ ਜਰੂਰ ਦਿਖਾਉਣ ਤੇ ਭਵਿੱਖ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਵੱਡੇ ਸਿਆਸਤਦਾਨ ਨਿਕਲ ਕੇ ਆਉਣ।

Read Also : ਵਿਸ਼ਵ ਬੈਂਕ ਨੇ ਕੇਰਲ ਦੇ ਸਿਹਤ ਸੁਧਾਰ ਪ੍ਰੋਗਰਾਮ ਨੂੰ ਦਿੱਤੀ ਮਨਜ਼ੂਰੀ

ਇਸ ਲਈ ਵਿਦਿਆਰਥੀਆਂ ਨੂੰ ਵਿਧਾਨ ਸਭਾ ਵਿੱਚ ਲਿਆ ਕੇ ਉਨ੍ਹਾਂ ਨੂੰ ਦਿਖਾਇਆ ਜਾਏਗਾ ਕਿ ਉਹ ਆਪਣੇ ਪੰਜਾਬ ਤੇ ਦੇਸ਼ ਲਈ ਕੀ ਕੁਝ ਕਰ ਸਕਦੇ ਹਨ। ਉਨ੍ਹਾਂ ਵੱਲੋਂ ਹਰ ਵਿਧਾਨ ਸਭਾ ਖੇਤਰ ਵਿੱਚੋਂ ਇੱਕ ਵਿਦਿਆਰਥੀ ਨੂੰ ਮੌਕ ਸੈਸ਼ਨ ਲਈ ਸ਼ਾਮਲ ਹੋਣ ਲਈ ਸੱਦਾ ਭੇਜਿਆ ਜਾਏਗਾ ਤੇ ਹਰ ਹਲਕੇ ਵਿੱਚੋਂ ਵਿਦਿਆਰਥੀ ਦੀ ਚੋਣ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਵੱਲੋਂ ਕੀਤੀ ਜਾਏਗੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਆਪਣੇ ਪੱਧਰ ’ਤੇ ਵਿਦਿਆਰਥੀਆਂ ਦੀ ਰੁਚੀ ਅਨੁਸਾਰ ਉਨ੍ਹਾਂ ਦਾ ਟਰਾਇਲ ਲੈਂਦੇ ਹੋਏ ਇੱਕ ਵਿਦਿਆਰਥੀ ਦੀ ਚੋਣ ਕੀਤੀ ਜਾਏਗੀ।

ਪੰਜਾਬ ਵਿੱਚ 117 ਵਿਧਾਇਕ ਚੋਣ ਹੋ ਕੇ ਆਉਂਦੇ ਹਨ ਤਾਂ 117 ਵਿਦਿਆਰਥੀਆਂ ਨੂੰ ਹੀ ਵਿਧਾਨ ਸਭਾ ਵਿੱਚ ਬਿਠਾਇਆ ਜਾਏਗਾ ਤਾਂ ਕਿ ਉਨਾਂ ਨੂੰ ਪੰਜਾਬ ਦੀ ਹਰ ਜਾਣਕਾਰੀ ਅਸਲ ਰੂਪ ਵਿੱਚ ਹੀ ਮਿਲ ਸਕੇ। ਇਨਾਂ ਤਿਆਰੀਆਂ ਨੂੰ ਲੈ ਕੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਭਰ ਦੇ ਜ਼ਿਲਾ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਦੇ ਹੋਏ ਉਨਾਂ ਨੂੰ ਵਿਦਿਆਰਥੀਆਂ ਦੀ ਚੋਣ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਧਾਨ ਸਭਾ ਦੇ ਅਧਿਕਾਰੀ ਇਸ ਮੌਕ ਸੈਸ਼ਨ ਦੀ ਤਿਆਰੀਆਂ ਵਿੱਚ ਜੁੱਟ ਗਏ ਹਨ।