Punjab Farmers News: ਪਰਾਲੀ ਦੇ ਮਸਲੇ ’ਤੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ

Punjab Farmers News
ਬੁਢਲਾਡਾ: ਇਕੱਠ ਨੂੰ ਸੰਬੋਧਨ ਕਰਦਾ ਹੋਇਆ ਬੁਲਾਰਾ। ਤਸਵੀਰ: ਸੱਚ ਕਹੂੰ ਨਿਊਜ਼

Punjab Farmers News: (ਸੰਜੀਵ ਤਾਇਲ) ਬੁਢਲਾਡਾ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪਿੰਡ ਗੁਰਨੇ ਕਲਾਂ ਵਿੱਚ ਪਰਾਲੀ ਦੇ ਮਸਲੇ ਨੂੰ ਲੈ ਕੇ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗਵਾਈ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਨੇ ਕੀਤੀ। ਪਿੰਡ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਨਿਗੂਣਾ ਤੇ ਨਾਕਾਫ਼ੀ ਕਰਾਰ ਦਿੱਤਾ।

ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਸਮੇਟਣ ਲਈ ਕੀਤੇ ਗਏ ਪ੍ਰਬੰਧ ਅਧੂਰੇ ਹਨ। ਪਿੰਡਾਂ ਵਿੱਚ ਬੇਲਰ ਮਸ਼ੀਨਾਂ ਸਮੇਂ ਸਿਰ ਨਹੀਂ ਆ ਰਹੀਆਂ ਅਤੇ ਕਿਸਾਨਾਂ ਤੋਂ ਪ੍ਰਤੀ ਏਕੜ ਇੱਕ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਕਾਰਨ ਵੱਡੇ ਪੱਧਰ ’ਤੇ ਵਾਢੀ ਹੋ ਜਾਣ ਨਾਲ ਪਰਾਲੀ ਅਜੇ ਵੀ ਖੇਤਾਂ ਵਿੱਚ ਪਈ ਹੈ, ਜਿਸ ਨਾਲ ਕਣਕ ਦੀ ਬਿਜਾਈ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਸਮੇਟਣ ਲਈ ਜਲਦ ਤੋਂ ਜਲਦ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਵੇ ਜਾਂ ਸਰਕਾਰ ਖੁਦ ਆਪਣੀ ਪੱਧਰ ’ਤੇ ਪਰਾਲੀ ਦੀ ਚੁਕਾਈ ਕਰਵਾਏ, ਤਾਂ ਜੋ ਕਿਸਾਨ ਸਮੇਂ ਸਿਰ ਆਪਣੀ ਬਿਜਾਈ ਕਰ ਸਕਣ।

ਇਹ ਵੀ ਪੜ੍ਹੋ: Ludhiana News: ਪਟਾਕਿਆਂ ਦੀ ਚੰਗਿਆੜੀ ਕਾਰਨ ਘਰ ’ਚ ਧਮਾਕਾ, 10 ਜਣੇ ਜ਼ਖਮੀ

ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕੋਈ ਢੁਕਵਾਂ ਹੱਲ ਨਾ ਕੀਤਾ ਅਤੇ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਨਾ ਕਰਵਾਈ, ਸਗੋਂ ਉਲਟ ਕਿਸਾਨਾਂ ਉੱਤੇ ਜੁਰਮਾਨੇ, ਗ੍ਰਿਫ਼ਤਾਰੀਆਂ ਜਾਂ ਪਾਬੰਦੀਆਂ ਲਗਾਈਆਂ ਤਾਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਕਿਸਾਨਾਂ ਦੀਆਂ ਮਜ਼ਬੂਰੀਆਂ ਦੇ ਹੱਕ ਵਿੱਚ ਵੱਡਾ ਵਿਰੋਧ ਕਰੇਗੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਬਾਹਰੀ ਸੂਬਿਆਂ ਤੋਂ ਝੋਨਾ ਸ਼ੈਲਰਾਂ ’ਚ ਲਿਆਉਣ ਦੇ ਫ਼ੈਸਲੇ ਦੀ ਵੀ ਨਿੰਦਾ ਕੀਤੀ ਗਈ ਅਤੇ ਇਸਨੂੰ ਸਖਤੀ ਨਾਲ ਰੋਕਣ ਦੀ ਮੰਗ ਉਠਾਈ ਗਈ। ਰੈਲੀ ਦੌਰਾਨ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਜ਼ਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਬਲਜੀਤ ਸਿੰਘ ਭੈਣੀ ਬਾਘਾ ਸਮੇਤ ਪਿੰਡ ਇਕਾਈ ਗੁਰਨੇ ਕਲਾਂ ਦੀ ਕਮੇਟੀ ਗੁਰਦਰਸ਼ਨ ਸਿੰਘ, ਲਾਭ ਸਿੰਘ, ਬਲਵੀਰ ਸਿੰਘ, ਗੁਰਤੇਜ ਸਿੰਘ, ਹਰਜੀਤ ਸਿੰਘ, ਬਾਬੂ ਸਿੰਘ ਅਤੇ ਜਗਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜ਼ੂਦ ਸਨ।