Road Accident: (ਜਸਵੀਰ ਸਿੰਘ ਗਹਿਲ) ਤਪਾ/ ਬਰਨਾਲਾ। ਦੀਵਾਲੀ ਦੀ ਰਾਤ ਤਪਾ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ’ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ ਤੇ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਰੂਪ ਸਿੰਘ ਵਾਸੀ ਬਾਜੀਗਰ ਬਸਤੀ ਆਪਣੇ ਦੋਸਤਾਂ ਰਾਹੁਲ ਸਿੰਘ ਪੁੱਤਰ ਮੇਲਾ ਸਿੰਘ ਤੇ ਰਾਜੂ ਸਿੰਘ ਪੁੱਤਰ ਨਾਇਬ ਸਿੰਘ ਵਾਸੀਆਨ ਤਪਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਤ ਘਰ ਤੋਂ ਬਾਜ਼ਾਰ ਸਾਮਾਨ ਖ਼ਰੀਦਣ ਲਈ ਜਾ ਰਹੇ ਸੀ, ਜਦੋਂ ਸ਼ਾਂਤੀ ਹਾਲ ਨਜ਼ਦੀਕ ਪੁੱਜੇ ਤਾਂ ਅੱਗੇ ਜਾ ਰਹੀ ਪਿੱਕਅਪ ਗੱਡੀ ਨੇ ਇਕਦਮ ਬਰੇਕਾਂ ਮਾਰੀਆਂ ਤਾਂ ਪਿੱਛੇ ਆ ਰਹੇ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਗੱਡੀ ਦੇ ਪਿਛਲੇ ਪਾਸੇ ਟਕਰਾ ਗਏ ਤੇ ਸੜਕ ’ਤੇ ਡਿੱਗ ਕੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: Punjab Crime News: ਫ਼ਰੀਦਕੋਟ ਪੁਲਿਸ ਵੱਲੋਂ ਤਿੰਨ ਸਾਲ ਪੁਰਾਣੇ ਮਾਮਲੇ ’ਚ ਭਗੌੜਾ ਕੀਤਾ ਕਾਬੂ
ਸੂਚਨਾ ਮਿਲਦਿਆਂ ਹੀ ਮਿੰਨੀ ਸਹਾਰਾ ਕਲੱਬ ਦੇ ਮੈਂਬਰ ਨੇ ਜ਼ਖ਼ਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਚੈੱਕਅੱਪ ਕਰਨ ਉਪਰੰਤ ਕੁਲਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜੋ ਚੰਡੀਗੜ੍ਹ ਵਿਖੇ ਚੌਗਾਠਾਂ ਦਾ ਕੰਮ ਕਰਦਾ ਸੀ ਅਤੇ ਦੀਵਾਲੀ ਮਨਾਉਣ ਲਈ ਆਇਆ ਹੋਇਆ ਸੀ। ਇਸ ਦੇ ਸਾਥੀ ਰਾਜੂ ਸਿੰਘ ਤੇ ਰਾਹੁਲ ਸਿੰਘ ਦੀ ਗੰਭੀਰ ਹਾਲਤ ਦੇਖਦਿਆਂ ਬਾਹਰਲੇ ਹਸਪਤਾਲਾਂ ’ਚ ਰੈਫਰ ਕਰ ਦਿੱਤਾ। Road Accident
ਘਟਨਾ ਦਾ ਪਤਾ ਲੱਗਦੇ ਹੀ ਚੌਕੀ ਇੰਚਾਰਜ ਕਰਮਜੀਤ ਸਿੰਘ, ਥਾਣੇਦਾਰ ਸਤਿਗੁਰ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਿਸ ਪਾਰਟੀ ਨੇ ਘਟਨਾ ਥਾਂ ’ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਖੰਘਾਲਣ ’ਤੇ ਪਤਾ ਲੱਗਾ ਕਿ ਪਿੱਕਅਪ ਗੱਡੀ ਨੇ ਇਕਦਮ ਬਰੇਕਾਂ ਲਾਉਣ ਨਾਲ ਇਹ ਹਾਦਸਾ ਵਾਪਰਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਰੂਪ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।