
ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ
Faridkot News: ਫ਼ਰੀਦਕੋਟ, (ਅਜੈ ਮਨਚੰਦਾ)। ਆਪਣੀ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਯਾਦ ਵਿੱਚ ਅੱਜ ਪੁਲਿਸ ਲਾਈਨ ਫ਼ਰੀਦਕੋਟ ਵਿਖੇ ਪੁਲਿਸ ਕਮੈਮੋਰੇਸ਼ਨ ਡੇਅ ਸਮਾਰੋਹ ਮਨਾਇਆ ਗਿਆ। ਇਸ ਮੌਕੇ ਡੀ.ਆਈ.ਜੀ ਫ਼ਰੀਦਕੋਟ ਰੇਂਜ਼ ਮੈਡਮ ਨਿਲਾਂਬਰੀ ਜਗਦਲੇ, ਐਸ.ਐਸ.ਪੀ ਡਾ. ਪ੍ਰਗਿਆ ਜੈਨ. ਜੀ.ਏ ਸ. ਗੁਰਕਿਰਨਦੀਪ ਸਿੰਘ ਹੋਰ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਆਪਣੇ ਸੰਬੋਧਨ ਵਿੱਚ ਡੀ.ਆਈ.ਜੀ ਮੈਡਮ ਨਿਲਾਂਬਰੀ ਜਗਦਲੇ ਨੇ ਕਿਹਾ ਕਿ 21 ਅਕਤੂਬਰ ਨੂੰ ਦੇਸ਼ ਭਰ ਵਿੱਚ ਉਹ ਬਹਾਦਰ ਪੁਲਿਸ ਜਵਾਨ ਯਾਦ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਕਾਨੂੰਨ-ਵਿਵਸਥਾ ਦੀ ਰਾਖੀ ਦੌਰਾਨ ਆਪਣੀ ਜਾਨ ਕੁਰਬਾਨ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਅਮਰ ਕੁਰਬਾਨੀਆਂ ਸਦਕਾ ਹੀ ਅਸੀਂ ਅਮਨ ’ਤੇ ਸੁਰੱਖਿਆ ਵਾਲਾ ਜੀਵਨ ਜੀ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਅਦੁੱਤੀ ਬਹਾਦਰੀ ਸਾਨੂੰ ਆਪਣੀ ਡਿਊਟੀ ਇਮਾਨਦਾਰੀ, ਸਮਰਪਣ ਅਤੇ ਨਿਭੇੜੇ ਨਾਲ ਕਰਨ ਲਈ ਪ੍ਰੇਰਿਤ ਕਰਦੀ ਹੈ।
ਇਹ ਵੀ ਪੜ੍ਹੋ: Diwali Celebration: ਪ੍ਰਿੰਸ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਝੁੱਗੀਆਂ ’ਚ ਰਹਿਣ ਵਾਲੇ ਬੱਚਿਆਂ ਨਾਲ ਦੀਵਾਲੀ ਮਨਾਈ
ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੀਨ ਅਤੇ ਲੱਦਾਖ ਖੇਤਰ ਵਿੱਚ ਹਮਲੇ ਦੌਰਾਨ ਸ਼ਹੀਦ ਹੋਏ ਪੁਲਿਸ ਜਵਾਨਾਂ ਦੀਆਂ ਕੁਰਬਾਨੀਆਂ ਹਮੇਸ਼ਾਂ ਸਾਡੀ ਪ੍ਰੇਰਣਾ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਸ਼ਹੀਦ ਸਦੀਵ ਹੀ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਲਈ ਚਾਨਣ ਮੁਨਾਰੇ ਵਜੋਂ ਰਹਿਣਗੇ। ਇਸ ਮੌਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਹਾਜ਼ਰ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਐਸ.ਐਮ.ਓ ਸ੍ਰੀ ਰਾਜੀਵ ਭੰਡਾਰੀ, ਡਾ. ਹਰਜੋਤ ਸਿੰਘ ਸਮੇਤ ਫਰੀਦਕੋਟ ਜ਼ਿਲ੍ਹੇ ਦੇ ਸਮੂਹ ਸੀਨੀਅਰ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਜ਼ੂਦ ਸਨ। Faridkot News