CM Punjab: ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਪਰਵਾਸੀ ਭਾਰਤੀਆਂ ਨਾਲ ਕੀਤੀ ਗੱਲਬਾਤ, ਮਿਸ਼ਨ ਚੜ੍ਹਦੀ ਕਲਾ ਲਈ ਮੰਗਿਆ ਸਾਥ
- ਹੜ੍ਹ ਪ੍ਰਭਾਵਿਤ ਪੰਜਾਬ ਨੂੰ ਮੁੜ ਲੀਹ ’ਤੇ ਲਿਆਉਣ ਲਈ ਉਨ੍ਹਾਂ ਤੋਂ ਠੋਸ ਸਹਾਇਤਾ ਅਤੇ ਸਹਿਯੋਗ ਦੀ ਕੀਤੀ ਮੰਗ
CM Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਹੜ੍ਹ ਪ੍ਰਭਾਵਿਤ ਸੂਬੇ ਦੀ ਮੱਦਦ ਲਈ ਆਪਣੀ ਦ੍ਰਿੜ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ ਪਰਵਾਸੀ ਭਾਰਤੀਆਂ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੀ ਕਲਾ ਨੂੰ ਪੂਰਾ ਸਮਰਥਨ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ ਪਰਵਾਸੀ ਭਾਰਤੀਆਂ ਨਾਲ ਇੱਕ ਆਨਲਾਈਨ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦੇਸ਼ ਨਾਲ ਪਰਵਾਸੀ ਭਾਰਤੀਆਂ ਦੇ ਮਜ਼ਬੂਤ ਭਾਵਨਾਤਮਕ ਤੇ ਵਿਕਾਸ ਦੇ ਰਿਸ਼ਤੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਬਾਹਰਲੇ ਮੁਲਕਾਂ ’ਚ ਆਪਣੀ ਪਛਾਣ ਬਣਾਈ ਹੈ ਫਿਰ ਵੀ ਉਹ ਕਦੇ ਆਪਣੀ ਮਾਤ ਭੂਮੀ ਨੂੰ ਨਹੀਂ ਭੁੱਲੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨੇ ਹਮੇਸ਼ਾ ਆਪਣੇ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ, ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਇੱਥੋਂ ਤੱਕ ਕਿ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਕਾਇਮ ਰੱਖਣ ’ਚ ਵੀ ਅਹਿਮ ਭੂਮਿਕਾ ਨਿਭਾਈ ਹੈ।
CM Punjab
ਮੁੱਖ ਮੰਤਰੀ ਨੇ ਕਿਹਾ ਕਿ ਇਹ ਐਨਆਰਆਈ ਟਾਊਨ ਹਾਲ ਇੱਕ ਆਨਲਾਈਨ ਗੱਲਬਾਤ ਸੈਸ਼ਨ ਹੈ, ਜੋ ਆਸਟਰੇਲੀਆ ਤੇ ਨਿਊਜ਼ੀਲੈਂਡ ਵਿੱਚ ਵੱਸਦੇ ਪਰਵਾਸੀ ਪੰਜਾਬੀਆਂ ਨੂੰ ਮਿਸ਼ਨ ਚੜ੍ਹਦੀ ਕਲਾ ਨਾਲ ਜੋੜਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਪੰਜਾਬ ਦੇ ਰਾਹਤ ਤੇ ਮੁੜ ਵਸੇਬਾ ਯਤਨਾਂ ਲਈ ਆਲਮੀ ਸਮਰਥਨ ਇਕੱਠਾ ਕਰਨਾ ਹੈ।
Read Also : ਖਿੜਦੇ ਦੁਪਹਿਰਿਆਂ ਨੇ ਝੋਨੇ ’ਚ ਨਮੀ ਦਾ ਫਿਕਰ ਘਟਾਇਆ
ਉਨ੍ਹਾਂ ਅੱਗੇ ਕਿਹਾ ਕਿ ਪਰਵਾਸੀ ਭਾਰਤੀ ਸੂਬੇ ਦੇ ਪੁਨਰ ਨਿਰਮਾਣ ਕਾਰਜ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਪਰਵਾਸੀ ਭਾਰਤੀਆਂ ਨੂੰ ਚੱਲ ਰਹੇ ਰਿਕਵਰੀ ਪ੍ਰੋਜੈਕਟਾਂ ਬਾਰੇ ਦੱਸਿਆ ਤੇ ਪਰਵਾਸੀ ਭਾਰਤੀਆਂ ਨੂੰ ਸੀਐੱਸਆਰ ਰਾਹੀਂ ਰੰਗਲਾ ਪੰਜਾਬ ਫੰਡ ’ਚ ਯੋਗਦਾਨ ਦੇਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਪਰਵਾਸੀ ਭਾਰਤੀਆਂ ਨੂੰ ਦੱਸਿਆ ਕਿ ਸੂਬੇ ਨੇ ਹਾਲ ਹੀ ’ਚ ਇੰਨੇ ਭਿਆਨਕ ਹੜ੍ਹ ਦੇਖੇ ਹਨ ਕਿ ਇਹ ਪੀੜ੍ਹੀਆਂ ਤੱਕ ਲੋਕਾਂ ਦੇ ਮਨਾਂ ’ਚ ਰਹਿਣਗੇ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਸਿਰਫ਼ ਪਾਣੀ ਹੀ ਨਹੀਂ ਲਿਆਂਦਾ, ਸਗੋਂ ਇਹ ਲੱਖਾਂ ਸੁਪਨਿਆਂ ਨੂੰ ਵਹਾ ਕੇ ਲੈ ਗਏ ਤੇ ਇਹ ਪੰਜਾਬ ਦੇ ਹਾਲੀਆ ਇਤਿਹਾਸ ’ਚ ਸਭ ਤੋਂ ਵੱਡੇ ਦੁਖਾਂਤਾਂ ’ਚੋਂ ਇੱਕ ਹੈ।
ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪੰਜਾਬ ਦਾ ਸਭ ਤੋਂ ਵੱਡਾ ਇਮਤਿਹਾਨ ਵੀ ਹੈ, ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੂਬਾ ਹਮੇਸ਼ਾ ਹਰ ਸੰਕਟ ’ਚੋਂ ਮਜ਼ਬੂਤੀ ਨਾਲ ਉੱਭਰਦਾ ਆਇਆ ਹੈ।