
Medicines Banned in Punjab: ਇਸ ਤੋਂ ਪਹਿਲਾਂ ਖੰਘ ਦੀ ਦਵਾਈ ’ਤੇ ਲੱਗੀ ਹੈ ਰੋਕ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ‘ਕੋਲਡਰਿਫ’ ਖੰਘ ਦੀ ਦਵਾਈ ’ਤੇ ਪਾਬੰਦੀ ਲਾਉਣ ਤੋਂ ਬਾਅਦ ਹੁਣ ਸੂਬੇ ’ਚ ਹੋਰ 8 ਦਵਾਈਆਂ ਦੀ ਵਿਕਰੀ ਤੇ ਵਰਤੋਂ ’ਤੇ ਰੋਕ ਲਾ ਦਿੱਤੀ ਹੈ। ਇਹ ਫੈਸਲਾ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵੱਲੋਂ ਮਿਲੀਆਂ ਸ਼ਿਕਾਇਤਾਂ ਅਤੇ ਰਿਪੋਰਟਾਂ ਤੋਂ ਬਾਅਦ ਲਿਆ ਗਿਆ ਹੈ।
ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਕ ਇਨ੍ਹਾਂ ਦਵਾਈਆਂ ਦੀ ਵਰਤੋਂ ਤੋਂ ਬਾਅਦ ਮਰੀਜ਼ਾਂ ਵਿੱਚ ਸਾਈਡ ਇਫੈਕਟ ਜਾਂ ਐਡਵਰਸ ਰਿਐਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਸਨ। ਸਰਕਾਰ ਨੇ ਤਿੰਨ ਫਾਰਮਾ ਕੰਪਨੀਆਂ ਦੀਆਂ ਉਕਤ ਦਵਾਈਆਂ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾਈ ਹੈ। ਹੁਣ ਇਹ ਦਵਾਈਆਂ ਨਾ ਤਾਂ ਮੈਡੀਕਲ ਸਟੋਰਾਂ ’ਤੇ ਵੇਚੀਆਂ ਜਾਣਗੀਆਂ ਅਤੇ ਨਾ ਹੀ ਸਰਕਾਰੀ ਜਾਂ ਨਿੱਜੀ ਹਸਪਤਾਲਾਂ ਵਿੱਚ ਵਰਤੀਆਂ ਜਾਣਗੀਆਂ।
Read Also : Donald Trump: ਟਰੰਪ ਨੇ ਗਾਜ਼ਾ ਸ਼ਾਂਤੀ ਸੰਮੇਲਨ ਬਾਰੇ ਕੀਤਾ ਵੱਡਾ ਐਲਾਨ!
ਸਿਹਤ ਵਿਭਾਗ ਨੇ ਸਭ ਸਿਵਲ ਸਰਜਨਾਂ ਅਤੇ ਡਰੱਗ ਇੰਸਪੈਕਟਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਕਿ ਜਿੱਥੇ ਵੀ ਇਹ ਦਵਾਈਆਂ ਮਿਲਣ, ਉਨ੍ਹਾਂ ਦੀ ਤੁਰੰਤ ਨਮੂਨਾ ਜਾਂਚ ਕੀਤੀ ਜਾਵੇ ਅਤੇ ਸਟਾਕ ਜ਼ਬਤ ਕੀਤਾ ਜਾਵੇ। ਵਿਭਾਗ ਨੇ ਸਾਫ਼ ਕੀਤਾ ਹੈ ਕਿ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਕਿਸੇ ਵੀ ਦਵਾਈ ਕੰਪਨੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਫੈਸਲੇ ਤੋਂ ਬਾਅਦ ਸੂਬੇ ਭਰ ਦੇ ਡਰੱਗ ਅਧਿਕਾਰੀ ਸਖ਼ਤੀ ਨਾਲ ਨਿਗਰਾਨੀ ਕਰਨਗੇ ਤਾਂ ਜੋ ਕਿਸੇ ਵੀ ਵਿਕ੍ਰੇਤਾ ਜਾਂ ਫਿਰ ਮੈਡੀਕਲ ਸਟੋਰ ’ਤੇ ਇਹ ਦਵਾਈ ਦੀ ਵਿਕਰੀ ਨਾ ਹੋਵੇ। ਹੁਣ 8 ਹੋਰ ਦਵਾਈਆਂ ’ਤੇ ਰੋਕ ਨਾਲ ਸਿਹਤ ਵਿਭਾਗ ਨੇ ਸੂਬੇ ਵਿੱਚ ਨਕਲੀ ਜਾਂ ਖ਼ਤਰਨਾਕ ਦਵਾਈਆਂ ਖ਼ਿਲਾਫ਼ ਸਖ਼ਤ ਐਕਸ਼ਨ ਸ਼ੁਰੂ ਕਰ ਦਿੱਤਾ ਹੈ।
ਇਨ੍ਹਾਂ ਦਵਾਈਆਂ ’ਤੇ ਲੱਗੀ ਪਾਬੰਦੀ
ਪਾਬੰਦੀ ਲਾਈਆਂ ਗਈਆਂ ਦਵਾਈਆਂ ਦੀ ਸੂਚੀ ’ਚ ਨਾਰਮਲ ਸੈਲਾਈਨ, ਸੋਡੀਅਮ ਕਲੋਰਾਈਡ ਇਜੈਕਸ਼ਨ ਆਈਪੀ 0.9 ਫੀਸਦੀ, ਡੈਕਸਟ੍ਰੋਜ ਇੰਜੈਕਸ਼ਨ ਆਈਪੀ 5 ਫੀਸਦੀ ਸਿਪ੍ਰੋਫਲੋਕਸਾਸਿਨ ਇੰਜੈਕਸ਼ਨ 200 ਐੱਮਜੀ, ਸਿਪ੍ਰੋਫਲੋਕਸਾਸਿਨ ਇੰਜੈਕਸ਼ਨ 200 ਐੱਮਜੀ ਆਈਪੀ, ਡੀਐੱਨਐੱਸ 0.9 ਫੀਸਦੀ, ਐੱਨ/2 ਡੈਕਸਟ੍ਰੋਜ 5 ਫੀਸਦੀ, ਬੁਪਿਵਾਕੇਨ ਹਾਈਡ੍ਰੋਕਲੋਰਾਈਡ ਅਤੇ ਡੈਕਸਟ੍ਰੋਜ ਇੰਜੈਕਸ਼ਨ ਸ਼ਾਮਲ ਹੈ।
ਦੁਖਦ ਘਟਨਾ ਤੋਂ ਬਾਅਦ ਕਈ ਫ਼ੈਸਲੇ
ਯਾਦ ਰਹੇ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਖੰਘ ਦੀ ਜ਼ਹਿਰੀਲੀ ਦਵਾਈ ਕਾਰਨ 16 ਮਾਸੂਮ ਬੱਚਿਆਂ ਦੀ ਦੁਖਦਾਈ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੇ ਕੋਲਡਰਿਫ ਖੰਘ ਦੀ ਦਵਾਈ ’ਤੇ ਵੀ ਪਾਬੰਦੀ ਲਾਈ ਸੀ, ਜਿਸਦੀ ਲੈਬ ਜਾਂਚ ਦੌਰਾਨ ਇਹ ਨਾਟ ਆਫ ਸਟੈਂਡਰਡ ਕੁਆਲਿਟੀ ਐਲਾਨ ਹੋਈ ਸੀ।