
ਕਿਸਾਨ ਯੂਨੀਅਨ ’ਚ ਰੋਸ, ਮਾਰਕੀਟ ਕਮੇਟੀ ਨੇ ਕੀਤੀ ਕਾਰਵਾਈ
Rajasthan Paddy Smuggling: (ਜਗਤਾਰ ਜੱਗਾ) ਗੋਨਿਆਣਾ ਮੰਡੀ। ਪਿਛਲੇ ਦਿਨੀ ਗੋਨਿਆਣਾ ਮੰਡੀ ’ਚ ਪਏ ਲਵਾਰਸ ਝੋਨੇ ਦੀ ਅਖਬਾਰੀ ਸਿਆਹੀ ਹਾਲੇ ਸੁੱਕੀ ਨਹੀਂ ਸੀ ਕਿ ਅੱਜ ਇੱਥੋਂ ਨੇੜਲੇ ਪਿੰਡ ਜੰਡਾਂਵਾਲਾ ਦੇ ਫੋਕਲ ਪੁਆਇੰਟ ਵਿੱਚ ਰਾਜਸਥਾਨ ਤੋਂ ਆਏ ਝੋਨੇ ਬਾਰੇ ਜਦੋਂ ਕਿਸਾਨ ਯੂਨੀਅਨ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ । ਜਦੋਂ ਇਹ ਮਾਮਲਾ ਹਾਈ ਪ੍ਰੋਫਾਈਲ ਹੋ ਗਿਆ ਤਾਂ ਕਿਸਾਨਾਂ ਵੱਲੋਂ ਚੁੱਪ ਚੁਪੀਤੇ ਮਾਰਕੀਟ ਕਮੇਟੀ ਨੂੰ ਸੂਚਿਤ ਕਰ ਦਿੱਤਾ ਗਿਆ।
ਸੂਚਨਾ ਮਿਲਦਿਆਂ ਹੀ ਮਾਰਕੀਟ ਕਮੇਟੀ ਗੋਨਿਆਣਾ ਮੰਡੀ ਦੇ ਚੇਅਰਮੈਨ ਬਲਕਾਰ ਸਿੰਘ ਅਤੇ ਸੈਕਟਰੀ ਬਲਕਾਰ ਸਿੰਘ ਆਪਣੀ ਪੂਰੀ ਟੀਮ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ। ਮੌਕੇ ’ਤੇ ਪਹੁੰਚੀ ਟੀਮ ਵੱਲੋਂ ਲਗਭਗ 1000 ਕੁਇੰਟਲ ਝੋਨੇ ਦਾ ਮੁਆਇਨਾ ਕੀਤਾ ਗਿਆ ਅਤੇ ਝੋਨਾ ਲੈ ਕੇ ਆਏ ਡਰਾਈਵਰਾਂ ਤੋਂ ਵੀ ਲੰਮੀ ਪੁੱਛਕਿੱਛ ਕੀਤੀ ਗਈ ਜਿਸ ਤੋਂ ਇਹ ਪਤਾ ਲੱਗਿਆ ਕਿ ਇਹ ਝੋਨਾ ਰਾਜਸਥਾਨ ਦੇ ਖੇਤਾਂ ਵਿੱਚੋਂ ਆਇਆ ਹੈ। ਚੇਅਰਮੈਨ ਬਲਕਾਰ ਸਿੰਘ ਨੇ ਮੌਕੇ ’ਤੇ ਹੀ ਸਾਫ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਵੀ ਵਪਾਰੀ ਜਾਂ ਆੜਤੀਆ ਨੂੰ ਪੰਜਾਬ ਤੋਂ ਬਾਹਰਲੇ ਰਾਜਾਂ ਦਾ ਝੋਨਾ ਲਿਆ ਕੇ ਪੰਜਾਬ ਵਿੱਚ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Punjab Polio Campaign: ਡਾ. ਬਲਬੀਰ ਸਿੰਘ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਪਲਸ ਪੋਲੀਓ ਰਾਊਂਡ ਦਾ ਆਗਾਜ਼
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਨਾਲ ਨਾ ਸਿਰਫ਼ ਪੰਜਾਬੀ ਕਿਸਾਨਾਂ ਦੀ ਮਿਹਨਤ ਦੀ ਬੇਇਜ਼ਤੀ ਹੁੰਦੀ ਹੈ, ਸਗੋਂ ਪੰਜਾਬ ਸਰਕਾਰ ਅਤੇ ਸ਼ੈਲਰ ਮਾਲਕਾਂ ਨੂੰ ਵੀ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਸ ਮੌਕੇ ਚੇਅਰਮੈਨ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਵਿਅਕਤੀ ਜੇਕਰ ਬਾਹਰਲੇ ਸੂਬੇ ਦਾ ਝੋਨਾ ਲਿਆਉਂਦੇ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਗੋਨਿਆਣਾ ਮੰਡੀ ਦੀ ਟੀਮ ਹੁਣ ਸਿਰਫ਼ ਮੁੱਖ ਅਨਾਜ ਮੰਡੀ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਸਾਰੇ ਫੋਕਲ ਪੁਆਇੰਟਾਂ ਦੀ ਸਖ਼ਤ ਚੈਕਿੰਗ ਕੀਤੀ ਜਾਵੇਗੀ। ਜਿੱਥੇ ਵੀ ਕਿਸੇ ਬਾਹਰਲੇ ਰਾਜ ਦਾ ਅਨਾਜ ਮਿਲਿਆ, ਉਥੇ ਤੁਰੰਤ ਕਾਰਵਾਈ ਹੋਵੇਗੀ।
ਇਹ ਸਾਰਾ ਮਾਮਲਾ ਹੁਣ ਮਾਰਕੀਟ ਕਮੇਟੀ ਵੱਲੋਂ ਜਾਂਚ ਹੇਠ ਹੈ ਅਤੇ ਦੋਵੇਂ ਟਰਾਲਿਆਂ ਵਿੱਚ ਪਿਆ ਝੋਨਾ ਫਿਲਹਾਲ ਸੀਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ, ਮਾਰਕੀਟ ਕਮੇਟੀ ਨੇ ਇਸ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਅਤੇ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਝੋਨਾ ਕਿਹੜੇ ਵਪਾਰੀ ਜਾਂ ਸ਼ੈਲਰ ਲਈ ਲਿਆਇਆ ਗਿਆ ਸੀ। Rajasthan Paddy Smuggling