Roshan Punjab Campaign: ਸਰਕਾਰ ਦੀ ਪੰਜਾਬ ਰੌਸ਼ਨ ਮੁਹਿੰਮ : ਮੁਲਾਜ਼ਮਾਂ ’ਚ ਜਾਇਦਾਦਾਂ ਵੇਚਣ ਦੇ ਡਰ ਨੇ ਪਾਇਆ ‘ਹਨ੍ਹੇਰਾ’

Roshan Punjab Campaign
Roshan Punjab Campaign: ਸਰਕਾਰ ਦੀ ਪੰਜਾਬ ਰੌਸ਼ਨ ਮੁਹਿੰਮ : ਮੁਲਾਜ਼ਮਾਂ ’ਚ ਜਾਇਦਾਦਾਂ ਵੇਚਣ ਦੇ ਡਰ ਨੇ ਪਾਇਆ ‘ਹਨ੍ਹੇਰਾ’

Roshan Punjab Campaign: ਪਾਵਰਕੌਮ ਤੇ ਟਰਾਂਸਕੋ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਝੰਡਾ ਚੁੱਕਿਆ, ਵਿਭਾਗ ਨੂੰ ਕਮਜ਼ੋਰ ਕਰਨ ਵਾਲਾ ਕਦਮ ਗਰਦਾਨਿਆ

  • ਪਾਵਰਕੌਮ ਤੇ ਟਰਾਂਸਕੋ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੀਐੱਮਡੀ ਨੂੰ ਦਿੱਤਾ ਮੰਗ ਪੱਤਰ

Roshan Punjab Campaign: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇੱਕ ਪਾਸੇ ਆਪ ਸਰਕਾਰ ਵੱਲੋਂ ‘ਰੌਸ਼ਨ ਪੰਜਾਬ ਮੁਹਿੰਮ’ ਦਾ ਅਗਾਜ਼ ਕੀਤਾ ਗਿਆ ਹੈ ਦੂਜੇ ਪਾਸੇ ਪੰਜਾਬ ਨੂੰ ਰੁਸਨਾਉਣ ਵਾਲੇ ਪਾਵਰਕੌਮ ਦੇ ਅਧਿਕਾਰੀ ਅਤੇ ਮੁਲਾਜ਼ਮ ਆਪਣੀਆਂ ਸਰਕਾਰੀ ਜਾਇਦਾਦਾਂ ਨੂੰ ਬਚਾਉਣ ਲਈ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਲੱਗੇ ਹਨ। ਮੁਲਾਜ਼ਮਾਂ ਵਿੱਚ ਇਸ ਗੱਲ ਦਾ ਧੁੜਕੂ ਲੱਗ ਗਿਆ ਹੈ ਕਿ ਪਾਵਰਕੌਮ ਤੇ ਟਰਾਂਸਕੋ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਨੂੰ ਸਰਕਾਰ ਵੱਲੋਂ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਪਾਵਰਕੌਮ ਅਤੇ ਟਰਾਂਸਕੋ ਦੀਆਂ ਕਈ ਜ਼ਮੀਨਾਂ ਤੇ ਜਾਇਦਾਦਾਂ ਨੂੰ ਸਰਕਾਰ ਵੱਲੋਂ ਵੇਚਣ ਜਾਂ ਲੀਜ਼ ’ਤੇ ਦੇਣ ਦੀ ਵਿਉਂਤਬੰਦੀ ਹੈ, ਜਿਸ ਦੀ ਭਿਣਕ ਲੱਗਣ ਕਾਰਨ ਪਾਵਰਕੌਮ ਤੇ ਟਰਾਂਸਕੋ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਇਸ ਖਿਲਾਫ਼ ਝੰਡਾ ਚੁੱਕ ਲਿਆ ਹੈ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ ਆਦਿ ’ਚ ਸਥਿਤ ਪ੍ਰਮੁੱਖ ਜਾਇਦਾਦਾਂ ਜਿਨ੍ਹਾਂ ’ਚ ਪਾਵਰ ਹਾਊਸ, ਦਫ਼ਤਰ, ਸਟੋਰ ਸਥਿਤ ਸਮੇਤ ਕੁਝ ਖਾਲੀ ਜ਼ਮੀਨਾਂ ’ਤੇ ਅੱਖ ਰੱਖੀ ਹੋਈ ਹੈ।

Roshan Punjab Campaign

ਇਨ੍ਹਾਂ ਜ਼ਮੀਨਾਂ ਨੂੰ ਪਾਵਰਕੌਮ ਦੇ ਭਵਿੱਖ ਸਬੰਧੀ ਵਰਤਿਆ ਜਾ ਸਕਦਾ ਹੈ, ਪਰ ਸਰਕਾਰ ਵੱਲੋਂ ਇਨ੍ਹਾਂ ਨੂੰ ਵੇਚ ਵੱਟ ਕੇ ਪੈਸੇ ਇਕੱਠੇ ਕਰਨ ਦੀ ਯੋਜਨਾ ਹੈ ਤਾਂ ਜੋ ਕੰਮ ਚਲਾਇਆ ਜਾ ਸਕੇ। ਪਾਵਰਕੌਮ ਪਹਿਲਾਂ ਹੀ ਮੁਲਾਜ਼ਮਾਂ ਦੀ ਥੋੜ੍ਹ ਨਾਲ ਜੂਝ ਰਿਹਾ ਹੈ ਤੇ ਲੋਕਾਂ ਨੂੰ ਬਿਜਲੀ ਦੀ ਸਪਲਾਈ ਪੱਖੋਂ ਨੁਕਸ ਪੈਣ ’ਤੇ ਸਮੇਂ ਸਿਰ ਸਹੂਲਤਾਂ ਹਾਸਲ ਨਹੀਂ ਹੋ ਰਹੀਆਂ। ਮੁਲਾਜ਼ਮ ਜਥੇਬੰਦੀਆਂ ਦਾ ਤਰਕ ਹੈ ਕਿ ਸਰਕਾਰ ਤੇ ਪ੍ਰਬੰਧਨ ਲੋੜੀਂਦੇ ਸਟਾਫ ਦੀ ਭਰਤੀ ਕਰਨ ਤਾਂ ਜੋ ਜਨਤਾ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ, ਨਾ ਕਿ ਵਿਭਾਗੀ ਜ਼ਮੀਨਾਂ ਵੇਚ ਕੇ ਵਿਭਾਗ ਨੂੰ ਕਮਜ਼ੋਰ ਕੀਤਾ ਜਾ ਸਕੇ।

Read Also : ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਦੇਹਾਂਤ

ਪਾਵਰਕੌਮ ਤੇ ਟਰਾਂਸਕੋਂ ਅੰਦਰ ਬਿਜਲੀ ਖੇਤਰ ਦੀ ਨੁਮਾਇੰਦਗੀ ਕਰਨ ਵਾਲੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ ਤੇ ਇਸ ਮਾਮਲੇ ਵਿੱਚ ਸਰਕਾਰ ਖਿਲਾਫ਼ ਸੰਘਰਸ਼ ਕਰਨ ਦਾ ਤਹੱਈਆਂ ਕੀਤਾ ਗਿਆ। ਮੀਟਿੰਗ ਦੌਰਾਨ ਇੰਜ. ਜਤਿੰਦਰ ਗਰਗ, ਇੰਜ. ਦਵਿੰਦਰ ਗੋਇਲ, ਇੰਜ ਅਜੇ ਪਾਲ ਸਿੰਘ ਅਟਵਾਲ, ਇੰਜ. ਅਮਨਦੀਪ ਜੇਹਲਵੀ, ਇੰਜ. ਚੰਚਲ ਕੁਮਾਰ, ਇੰਜ. ਵਿਕਾਸ ਗੁਪਤਾ, ਜੂਨੀਅਰ ਇੰਜੀਨੀਅਰਜ਼ ਕੌਂਸਲ ਤੋਂ ਕੁਲਦੀਪ ਸਿੰਘ ਉਧੋਕੇ, ਹਰਪ੍ਰੀਤ ਸਿੰਘ, ਅਵਤਾਰ ਸਿੰਘ ਕੈਂਥ, ਇੰਜ. ਤੇਜਿੰਦਰ ਸਿੰਘ ਤੇ ਰੀਤਿੰਦਰ ਗਲਵੱਟੀ ਆਦਿ ਨੇ ਕਿਹਾ ਕਿ ਮੀਟਿੰਗ ਦੌਰਾਨ ਬਿਜਲੀ ਖੇਤਰ ਦੀਆਂ ਕੀਮਤੀ ਜ਼ਮੀਨਾਂ ਤੇ ਜਾਇਦਾਦਾਂ ਨੂੰ ਵੇਚਣ ਜਾਂ ਲੀਜ਼ ’ਤੇ ਦੇਣ ਦੇ ਕਦਮ ਦਾ ਵਿਰੋਧ ਕਰਨ ਕੀਤਾ ਜਾਵੇਗਾ।

ਇਸ ਸਬੰਧੀ ਜਥੇਬੰਦੀਆਂ ਵੱਲੋਂ ਇਸ ਕਦਮ ਦੇ ਵਿਰੋਧ ’ਚ ਸੀਐੱਮਡੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਆਗੂਆਂ ਨੇ ਤਲਖ ਭਰੇ ਲਹਿਜੇ ਵਿੱਚ ਆਖਿਆ ਕਿ ਜੇਕਰ ਵਿਭਾਗ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਭਰ ਦੀਆਂ ਸਾਰੀਆਂ ਯੂਨੀਅਨਾਂ ਤੁਰੰਤ ਰੋਸ ਪ੍ਰਦਰਸ਼ਨ ਕਰਨਗੀਆਂ।

ਆਰਡੀਐੱਸਐੱਸ ਸਕੀਮ ਰਾਹੀਂ ਆਉਂਦਾ ਰਹਿੰਦੈ ਪੈਸਾ

ਪੰਜ ਹਜਾਰ ਕਰੋੜ ਨਾਲ ਪਾਵਰਕੌਮ ਦੇ ਢਾਂਚੇ ਦੇ ਨਵੀਨੀਕਰਨ ਸਬੰਧੀ ਜੋ ਉਦਘਾਟਨ ਕੀਤੇ ਜਾ ਰਹੇ ਹਨ, ਜਿਸ ਸਬੰਧੀ ਆਗੂਆਂ ਦਾ ਕਹਿਣਾ ਹੈ ਕਿ ਇਹ ਪੈਸਾ ਆਰਡੀਐੱਸਐੱਸ ਸਕੀਮ ਰਾਹੀਂ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਤੋਂ ਹੀ ਪ੍ਰੋਸੈਸ ਚੱਲ ਰਿਹਾ ਹੈ ਅਤੇ ਸਰਕਾਰ ਵੱਲੋਂ ਇਸ ਨੂੰ ਆਪਣੇ ਪ੍ਰਚਾਰ ਲਈ ਵਰਤਿਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਪਿਛਲੀਆਂ ਸਰਕਾਰਾਂ ਦੌਰਾਨ ਵੀ ਆਉਂਦਾ ਰਹਿੰਦਾ ਹੈ।