
ਪੰਜਾਬ ’ਚ ਹੈਲਥਕੇਅਰ ਸਕਿੱਲ ਡਿਵੈਲਪਮੈਂਟ ਦੇ ਖੇਤਰ ‘ਚ ਨਵਾਂ ਮੀਲ ਪੱਥਰ ਸਥਾਪਿਤ
Baba Farid University: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ( ਬੀ ਐਫ ਯੂ ਐਚ ਐਸ), ਫਰੀਦਕੋਟ ਨੇ ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ ਦੀ ਦੂਰਦਰਸ਼ੀ ਅਗਵਾਈ ਹੇਠ ਹੈਲਥਕੇਅਰ ਸਕਿਲ ਡਿਵੈਲਪਮੈਂਟ ਦੇ ਖੇਤਰ ਵਿਚ ਇੱਕ ਹੋਰ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ। 6 ਅਕਤੂਬਰ 2025 ਨੂੰ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ (ਐਚ ਐਸ ਡੀ ਸੀ), ਪਟਿਆਲਾ ਦਾ ਪ੍ਰਬੰਧ ਅਧਿਕਾਰਕ ਤੌਰ ‘ਤੇ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ( ਪੀ ਐਸ ਡੀ ਐਮ) ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਨੂੰ ਸੌਂਪਿਆ ਗਿਆ। ਇਸ ਮੌਕੇ ’ਤੇ ਹਰਪ੍ਰੀਤ ਸਿੰਘ ਮਾਨਸਾਹੀਆ, ਡਿਪਟੀ ਡਾਇਰੈਕਟਰ, ਡਿਸਟ੍ਰਿਕਟ ਬਿਊਰੋ ਆਫ਼ ਐਮਪਲੋਇਮੈਂਟ ਜਨਰੇਸ਼ਨ, ਸਕਿਲ ਡਿਵੈਲਪਮੈਂਟ ਐਂਡ ਟ੍ਰੇਨਿੰਗ, ਪਟਿਆਲਾ ਹਾਜਰ ਸਨ।
ਇਸ ਹਵਾਲੇ ਨਾਲ ਬਾਬਾ ਫਰੀਦ ਯੂਨੀਵਰਸਿਟੀ ਨੂੰ ਹੁਣ ਪਟਿਆਲਾ ਸੈਂਟਰ ‘ਤੇ ਨਵੇਂ ਸਕਿੱਲ ਅਧਾਰਤ ਹੈਲਥਕੇਅਰ ਪ੍ਰੋਗਰਾਮ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। (ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ) ਜੌਬ ਰੋਲ ਤਹਿਤ ਪਹਿਲਾ ਬੈਚ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਨੂੰ ਮਨਜ਼ੂਰ ਕੀਤਾ ਗਿਆ ਹੈ, ਜੋ ਪੰਜਾਬ ਭਰ ਵਿੱਚ ਜੈਰੀਐਟ੍ਰਿਕ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਪ੍ਰੋ. (ਡਾ.) ਰਾਜੀਵ ਸੂਦ ਨੇ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ( ਪੀਐਸ ਡੀ ਐਮ) ਵੱਲੋਂ ਮਿਲ ਰਹੇ ਨਿਰੰਤਰ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ ਅਤੇ ਯੂਨੀਵਰਸਿਟੀ ਦੇ ਇਸ ਵਾਅਦੇ ਨੂੰ ਦੁਹਰਾਇਆ ਕਿ ਉਹ ਰਾਸ਼ਟਰੀ ਸਕਿਲ ਡਿਵੈਲਪਮੈਂਟ ਦੇ ਟੀਚਿਆਂ ਅਨੁਸਾਰ ਸਿਹਤ ਸੰਬੰਧੀ ਸਕਿਲ ਟ੍ਰੇਨਿੰਗ ਨੂੰ ਹੋਰ ਵਿਸਤਾਰ ਦੇਣ ਲਈ ਪ੍ਰਤਿਬੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਜਲਦੀ ਹੀ ਪਟਿਆਲਾ ਸੈਂਟਰ ਲਈ ਨਵੇਂ ਜੌਬ ਰੋਲ ਅਤੇ ਹੋਰ ਟਾਰਗਟ ਤਹਿਤ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰਯੋਗ ਸਿਹਤ ਸੇਵਾ ਸਕਿਲ ਪ੍ਰਾਪਤ ਕਰਨ ਦੇ ਹੋਰ ਮੌਕੇ ਮਿਲਣਗੇ।
ਇਹ ਵੀ ਪੜ੍ਹੋ: Crime News: ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨੂੰ ਮਹਿਜ ਚੰਦ ਘੰਟਿਆਂ ਅੰਦਰ ਕੀਤਾ ਕਾਬੂ
ਸਿੱਖਿਆਰਥੀਆਂ ਲਈ ਵੱਡੀ ਪ੍ਰੇਰਨਾ ਦੇ ਤੌਰ ‘ਤੇ, ਹਰ ਵਿਦਿਆਰਥੀ ਨੂੰ ਤਿੰਨ ਮਹੀਨਿਆਂ ਲਈ ਪ੍ਰਤੀ ਮਹੀਨਾ ₹2,000 ਦਾ ਸਟਾਈਪੈਂਡ ਦਿੱਤਾ ਜਾਵੇਗਾ। ਪੂਰਾ ਟ੍ਰੇਨਿੰਗ ਪ੍ਰੋਗਰਾਮ ਮੁਫ਼ਤ ਹੋਵੇਗਾ ਤਾਂ ਜੋ ਹਰ ਵਰਗ ਦੇ ਵਿਦਿਆਰਥੀ ਇਸ ਵਿੱਚ ਭਾਗ ਲੈ ਸਕਣ। ਪ੍ਰੋ. ਸੂਦ ਨੇ ਇਹ ਵੀ ਦੱਸਿਆ ਕਿ ਐਚ.ਐਸ.ਡੀ.ਸੀ. ਸੈਂਟਰ ਅੰਮ੍ਰਿਤਸਰ ਅਤੇ ਬਠਿੰਡਾ ਵੀ ਜਲਦ ਹੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਸੰਭਾਲੇ ਜਾਣਗੇ, ਜਿਸ ਨਾਲ ਯੂਨੀਵਰਸਿਟੀ ਦਾ ਸਕਿਲ ਡਿਵੈਲਪਮੈਂਟ ਨੈੱਟਵਰਕ ਪੂਰੇ ਪੰਜਾਬ ਵਿੱਚ ਵਿਸਤਾਰ ਪਾਵੇਗਾ।
ਉਨ੍ਹਾਂ ਨੇ ਡਾ. ਜਸਬੀਰ ਕੌਰ, ਪ੍ਰਿੰਸੀਪਲ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਲਾਇਡ ਹੈਲਥ ਸਾਇੰਸਿਜ਼ ( ਯੂ ਐਲ ਏ ਐੱਚ ਸੀਐਸ), ਬਾਬਾ ਫਰੀਦ ਯੂਨੀਵਰਸਿਟੀ ਅਤੇ ਡਾ. ਅਰਚਨਾ ਸ਼ਾਹੀ ਬਾਜਾਜ, ਨੋਡਲ ਅਫਸਰ, ਐਚ.ਐਸ.ਡੀ.ਸੀ. ਫਰੀਦਕੋਟ, ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਦੀ ਸਮਰਪਿਤ ਮਿਹਨਤ ਨਾਲ ਪਟਿਆਲਾ ਸੈਂਟਰ ‘ਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਟ੍ਰੇਨਿੰਗ ਜਾਰੀ ਰਹੇਗੀ। ਬਿਲਕੁਲ ਉਹੀ ਮਿਆਰ ਜੋ ਪਹਿਲਾਂ ਹੀ ਫਰੀਦਕੋਟ ਸੈਂਟਰ ‘ਤੇ ਸਥਾਪਿਤ ਕੀਤਾ ਗਿਆ ਹੈ। ਇਹ ਪਹਿਲ ਬਾਬਾ ਫਰੀਦ ਯੂਨੀਵਰਸਿਟੀ ਦੀ ਉਸ ਅਗਵਾਈ ਨੂੰ ਮਜ਼ਬੂਤ ਕਰਦੀ ਹੈ ਜੋ ਸਿਹਤ ਖੇਤਰ ਵਿੱਚ ਰੋਜ਼ਗਾਰਯੋਗ ਸਕਿਲ ਵਿਕਸਤ ਕਰਨ, ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਇੱਕ ਸਕਿਲਡ ਅਤੇ ਆਤਮਨਿਰਭਰ ਪੰਜਾਬ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਕੇਂਦ੍ਰਿਤ ਹੈ। Baba Farid University