‘ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਵੇਖਦਾ ਰਿਹਾ ਸਰਕਾਰੀ ਧੱਕੇਸ਼ਾਹੀ’
ਸੰਗਰੂਰ (ਗੁਰਪ੍ਰੀਤ ਸਿੰਘ)। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਨਗਰ ਨਿਗਮਾਂ ਤੇ ਨਗਰ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਕਰਕੇ ਲੋਕਤੰਤਰ ਦਾ ਜਨਾਜ਼ਾ ਕੱਢ ਦਿੱਤਾ ਹੈ। ਆਮ ਆਦਮੀ ਪਾਰਟੀ ਇਸ ਦੇ ਧੱਕੇਸ਼ਾਹੀ ਦੇ ਖਿਲਾਫ਼ ਮੁਹਿੰਮ ਛੇੜੇਗੀ। ਇਹ ਐਲਾਨ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਤੇ ਹਲਕਾ ਸੁਨਾਮ ਤੇ ਵਿਧਾਇਕ ਅਮਨ ਅਰੋੜਾ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅਰੋੜਾ ਨੇ ਕਿਹਾ ਕਿ ਜਦੋਂ ਤੋਂ ਇਨ੍ਹਾਂ ਚੋਣਾਂ ਦਾ ਐਲਾਨ ਹੋਇਆ ਕਾਂਗਰਸ ਸਰਕਾਰ ਨੇ ਦੂਜੀਆਂ ਪਾਰਟੀਆਂ ਦੇ ਆਗੂਆਂ ਨਾਲ ਧੱਕੇਸ਼ਾਹੀ ਕਰਨੀ ਆਰੰਭ ਕਰ ਦਿੱਤੀ, ਉਨ੍ਹਾਂ ਨੂੰ ਕਾਗਜ਼ ਦਾਖ਼ਲ ਨਹੀਂ ਕਰਨ ਦਿੱਤੇ, ਪ੍ਰਸ਼ਾਸਨ ਵੱਲੋਂ ਐਨਓਸੀ ਨਹੀਂ ਦਿੱਤੀ ਗਈ ਅਤੇ ਹਰੇਕ ਜਗ੍ਹਾ ਧੱਕਾ ਮੁੱਕੀ ਤੇ ਰੌਲ਼ੇ ਗੌਲ਼ੇ ਦੀਆਂ ਖ਼ਬਰਾਂ ਆਈਆਂ। (Aman Arora)
ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਬਾਵਜੂਦ ਸੂਬੇ ਦਾ ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਇਸ ਸਰਕਾਰੀ ਧੱਕੇਸ਼ਾਹੀ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ। ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ-ਭਾਜਪਾ ਸਰਕਾਰ ਦੀਆਂ ਲੀਹਾਂ ‘ਤੇ ਤੁਰਨ ਲੱਗ ਪਈ ਹੈ। ਬੇਸ਼ੱਕ ਧੱਕੇਸ਼ਾਹੀ ਨਾਲ ਚੋਣਾਂ ਵਿੱਚ ਕਾਂਗਰਸ ਜਿੱਤ ਪ੍ਰਾਪਤ ਕਰ ਵੀ ਲਵੇ ਪਰ ਇਹ ਸਰਕਾਰ ਲੋਕਾਂ ਦੇ ਦਿਲਾਂ ਵਿੱਚੋਂ ਉਤਰ ਚੁੱਕੀ ਹੈ। ਅਮਨ ਅਰੋੜਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ਼ ਹਰ ਪੱਧਰ ਤੇ ਜੂਝਣ ਲਈ ਪੂਰੀ ਤਰ੍ਹਾਂ ਤਿਆਰ ਹੈ, ਚਾਹੇ ਉਨ੍ਹਾਂ ਨੂੰ ਧਰਨੇ ਲਾਉਣੇ ਪੈਣ ਜਾਂ ਸੜਕਾਂ ਜਾਮ ਕਰਨੀਆਂ ਪੈਣ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਆਗੂ ਮੌਜ਼ੂਦ ਸਨ। (Aman Arora)