Arvind Kejriwal: ਭਗਵੰਤ ਮਾਨ ਕਰਨਗੇ ਵਿਦੇਸ਼ੀ ਪੰਜਾਬੀਆਂ ਨਾਲ ਗੱਲਬਾਤ, 300 ਐੱਨਆਰਆਈ ਤੋਂ ਮੰਗਣਗੇ ਫੰਡ
- ਅਮਨ ਅਰੋੜਾ ਅਤੇ ਮੀਤ ਹੇਅਰ ਕਰਨਗੇ 20-20 ਕਰੋੜ ਰੁਪਏ ਇਕੱਠੇ | Arvind Kejriwal
- ਖੋਲ੍ਹਿਆ ਕਈ ਮੰਤਰੀਆਂ ਦਿਲ, ਕਈਆਂ ਵੱਟੀ ਚੁੱਪ
Arvind Kejriwal: ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀਰਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਡਿਊਟੀ ਲਾ ਦਿੱਤੀ ਹੈ ਕਿ ਉਹ ਆਪਣੇ ਦੋਸਤਾਂ-ਮਿੱਤਰਾਂ ਤੋਂ ਇਲਾਵਾ ਇੰਡਸਟਰੀਜ਼ ਮਾਲਕਾਂ ਦੀ ਮੱਦਦ ਲੈਂਦੇ ਹੋਏ ਕਰੋੜਾਂ ਰੁਪਏ ਇਕੱਠੇ ਕਰਦੇ ਹੋਏ ਨਵੇਂ ਤਿਆਰ ਕੀਤੇ ਗਏ ਰੰਗਲਾ ਪੰਜਾਬ ਫੰਡ ਵਿੱਚ ਜ਼ਮ੍ਹਾ ਕਰਵਾਉਣ ਤਾਂ ਕਿ ਉਹ ਫੰਡ ਦੀ ਵਰਤੋਂ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਮਦਦ ਕੀਤੀ ਜਾ ਸਕੇ।
ਅਰਵਿੰਦ ਕੇਜਰੀਵਾਲ ਦੀ ਚਲਦੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ 21 ਲੱਖ ਰੁਪਏ ਆਪਣੀ ਨਿੱਜੀ ਜੇਬ੍ਹ ਅਤੇ 20 ਕਰੋੜ ਰੁਪਏ ਆਸੇ-ਪਾਸੇ ਤੋਂ ਇਕੱਠਾ ਕਰਕੇ ਦੇਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਮੌਕੇ ’ਤੇ ਹੀ ਸੰਗਰੂਰ ਲੋਕ ਸਭਾ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ 20 ਕਰੋੜ ਰੁਪਏ ਦੇਣ ਦਾ ਐਲਾਨ ਕਰਦੇ ਹੋਏ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।
Arvind Kejriwal
ਇਨ੍ਹਾਂ ਦੋਵਾਂ ਦੇ ਐਲਾਨ ਕਰਨ ਤੋਂ ਬਾਅਦ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਵੱਲੋਂ ਦਿੱਤੇ ਜਾਣ ਵਾਲੇ ਇੱਕ ਕਰੋੜ ਦੀ ਮਦਦ ਬਾਰੇ ਹੀ ਦੱਸਿਆ, ਜਦੋਂ ਕਿ ਜ਼ਿਆਦਾਤਰ ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰਾਂ ਨੇ ਚੁੱਪ ਵੱਟਦੇ ਹੋਏ ਆਪਣੇ-ਆਪ ਮੀਟਿੰਗ ਨੂੰ ਸੁਨਣ ਤੱਕ ਹੀ ਸੀਮਤ ਰੱਖਿਆ, ਕਿਉਂਕਿ ਜਿਸ ਤਰੀਕੇ ਨਾਲ ਕਰੋੜਾਂ ਰੁਪਏ ਦੀਆਂ ਗੱਲਾਂ ਮੀਟਿੰਗ ਵਿੱਚ ਹੋ ਰਹੀਆ ਸਨ ਤਾਂ ਜ਼ਿਆਦਾਤਰ ਕੈਬਨਿਟ ਮੰਤਰੀਆਂ ਦੀ ਇਹ ਹਿੰਮਤ ਹੀ ਨਹੀਂ ਹੋਈ ਕਿ ਉਹ ਸਾਹਮਣੇ ਆ ਕੇ ਕੁਝ ਬੋਲ ਵੀ ਸਕਣ। ਫਿਰੋਜ਼ਪੁਰ ਤੋਂ ਹਰਜਿੰਦਰ ਸਿੰਘ ਵੱਲੋਂ ਮੀਟਿੰਗ ਵਿੱਚ 5 ਕਰੋੜ ਰੁਪਏ ਲਿਖਵਾਏ ਗਏ ਹਨ, ਉਹ ਆਪਣੇ ਪੱਧਰ ’ਤੇ ਪੈਸਾ ਇਕੱਠਾ ਕਰਕੇ ਦੇਣਗੇ।
ਇਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹ ਵਿਦੇਸ਼ਾਂ ਵਿੱਚ ਰਹਿੰਦੇ 300 ਐੱਨਆਰਆਈ ਨਾਲ ਖ਼ੁਦ ਫੋਨ ’ਤੇ ਗੱਲ ਕਰਨਗੇ ਅਤੇ ਫੋਨ ਰਾਹੀਂ ਉਨਾਂ 300 ਐੱਨਆਰਆਈਜ਼ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਫੰਡ ਭੇਜਣ ਲਈ ਕਹਿਣਗੇ। ਹਾਲਾਂਕਿ ਭਗਵੰਤ ਮਾਨ ਵੱਲੋਂ ਇਥੇ ਸਾਫ਼ ਨਹੀਂ ਕੀਤਾ ਕਿ ਉਨ੍ਹਾਂ ਵੱਲੋਂ 300 ਫੋਨ ਰਾਹੀਂ ਕਿੰਨਾ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ ਪਰ ਇੰਨਾ ਜ਼ਰੂਰ ਹੈ ਕਿ ਇਨ੍ਹਾਂ 300 ਫੋਨ ਕਾਲਾਂ ਨਾਲ ਕਈ ਕਰੋੜਾਂ ਰੁਪਏ ਇਕੱਠੇ ਕਰਨ ਦਾ ਅਹਿਸਾਸ ਜ਼ਰੂਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਵਿੱਚ ਕਰਵਾਇਆ ਗਿਆ ਸੀ।
ਕੈਬਨਿਟ ਮੰਤਰੀ ਰਵਜੋਤ ਸਿੰਘ ਨੇ 20 ਸਕੂਲਾਂ ਨੂੰ ਆਪਣੇ ਨਿੱਜੀ ਖ਼ਰਚੇ ਵਿੱਚ ਠੀਕ ਕਰਵਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਮੀਟਿੰਗ ਵਿੱਚ ਕਿਹਾ ਕਿ ਉਹ 20 ਸਕੂਲਾਂ ’ਤੇ ਆਉਣ ਵਾਲੇ ਹਰ ਖ਼ਰਚੇ ਨੂੰ ਆਪਣੀ ਜੇਬ੍ਹ ਵਿੱਚੋਂ ਹੀ ਕਰਨਗੇ। ਇਸ ਦੇ ਨਾਲ ਹੀ ਰਣਜੀਤ ਸਿੰਘ ਚੇਅਰਮੈਨ ਵੱਲੋਂ 50 ਲੱਖ ਰੁਪਏ ਆਪਣੀ ਜੇਬ੍ਹ ਵਿੱਚੋਂ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀਆਂ ਵੀ ਡਿਊਟੀਆਂ ਲੱਗਣਗੀਆਂ ਕਿ ਉਹ ਆਪਣੇ ਪੱਧਰ ’ਤੇ ਪੈਸਾ ਇਕੱਠਾ ਕਰਕੇ ਦੇਣਗੇ ਤਾਂਕਿ ਰੰਗਲਾ ਪੰਜਾਬ ਫੰਡ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਆ ਸਕੇ।