Jagraon Firing News: (ਜਸਵੰਤ ਰਾਏ) ਜਗਰਾਓਂ। ਘਰ ਦੇ ਬਾਹਰ ਫਾਇਰਿੰਗ ਕਰਨ ਦੇ ਦੋਸ਼ ’ਚ ਜਗਰਾਓਂ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਦੋਂਕਿ ਇੱਕ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਾਖਾ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਅਮਰੀਕ ਸਿੰਘ ਵਾਸੀ ਪਿੰਡ ਸਹੌਲੀ ਨੇ ਇਤਲਾਹ ਦਿੱਤੀ ਕਿ 8 ਸਤੰਬਰ ਨੂੰ ਰਾਤ ਕਰੀਬ ਪੌਣੇ ਗਿਆਰਾਂ ਵਜੇ ਉਹ ਆਪਣੇ ਘਰ ਹਾਜਰ ਸੀ। ਉਸਦੇ ਘਰ ਦੇ ਬਾਹਰ ਰਾਸਤੇ ਵਿੱਚ ਇੱਕ ਸਵਿਫਟ ਕਾਰ ਰੁਕੀ, ਜਿਸ ਵਿੱਚੋਂ ਤਿੰਨ ਲੜਕੇ ਉੱਤਰੇ।
ਇਹ ਵੀ ਪੜ੍ਹੋ: Punjab News: ਪੰਚਾਇਤ ਦਾ ਫੈਸਲਾ, ਬਰਨਾਲਾ ਦੇ ਇਸ ਪਿੰਡ ’ਚ ਬਾਹਰੀ ਲੋਕਾਂ ’ਤੇ ਪਾਬੰਦੀ
ਜਦ ਉਨ੍ਹਾਂ ਲੜਕਿਆਂ ਵੱਲ ਵੇਖਿਆ ਤਾਂ ਉਨਾਂ ਉਸ ਵੱਲ ਫਾਇਰ ਕਰ ਦਿੱਤਾ। ਜਿਸ ਦੀ ਅਵਾਜ ਸੁਣਕੇ ਉਸਦਾ ਗੁਆਂਢੀ ਹਰਵਿੰਦਰ ਸਿੰਘ ਵੀ ਆਪਣੇ ਘਰੋਂ ਬਾਹਰ ਆ ਗਿਆ, ਜਿਸ ਤੋਂ ਬਾਅਦ ਤਿੰਨੋਂ ਵਿਅਕਤੀ ਕਾਰ ’ਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਨਾਂ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਮੁਕੱਦਮੇ ਦੇ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਲੱਕੀ ਵਾਸੀ ਤੁਗਲ ਥਾਣਾ ਸੁਧਾਰ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਤੋਂ ਪੁੱਛਗਿੱਛ ਦੌਰਾਨ ਅਰਸ਼ਦੀਪ ਸਿੰਘ ਉਰਫ ਅਬੀ, ਜਗਜੀਤ ਸਿੰਘ ਉਰਫ ਸਨੀ ਅਤੇ ਗੁਰਜੰਟ ਸਿੰਘ ਉਰਫ ਗੋਲਡੀ ਵਾਸੀ ਪਿੰਡ ਅਕਾਲਗੜ ਨੂੰ ਮਾਮਲੇ ’ਚ ਨਾਮਜਦ ਕਰਦੇ ਹੋਏ ਅਰਸ਼ਦੀਪ ਸਿੰਘ ਉਰਫ ਅਬੀ ਅਤੇ ਜਗਜੀਤ ਸਿੰਘ ਉਰਫ ਸਨੀ ਉਕਤਾਨ ਨੂੰ ਗ੍ਰਿਫਤਾਰ ਕੀਤਾ ਅਤੇ ਵਾਰਦਾਤ ’ਚ ਵਰਤੀ ਸਵਿੱਫਟ ਕਾਰ ਅਤੇ ਹਥਿਆਰ ਬਰਾਮਦ ਕੀਤੇ। ਉਨਾਂ ਦੱਸਿਆ ਕਿ ਗੁਰਜੰਟ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ।