
14 ਪਿੰਡਾਂ ’ਤੇ ਖਤਰਾ
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਸਥਾਨਕ ਲੋਕਾਂ ਦੇ ਨਾਲ ਬੰਨ ਨੂੰ ਮਜਬੂਤ ਕਰਨ ’ਚ ਜੁਟੇ
Flood Punjab News: (ਜਸਵੀਰ ਸਿੰਘ ਗਹਿਲ/ ਸਾਹਿਲ ਅਗਰਵਾਲ) ਲੁਧਿਆਣਾ। ਜ਼ਿਲ੍ਹੇ ਦੇ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ਦੇ ਬੰਨ ਖੁਰਨ ਲੱਗੇ ਹਨ, ਜਿਸ ਕਾਰਨ ਨੇੜਲੇ ਇੱਕ ਦਰਜਨ ਪਿੰਡਾਂ ਦੇ ਲੋਕਾਂ ਨੂੰ ਆਪਣੀ ਜਾਨ ਤੇ ਮਾਲ ਦਾ ਫ਼ਿਕਰ ਸਤਾਉਣ ਲੱਗਾ ਹੈ। ਸਤਲੁਜ ਦਰਿਆ ਦਾ ਬੰਨ੍ਹ ਨਾ ਟੁੱਟੇ ਇਸ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਬਚਾਅ ਕਾਰਜ਼ਾਂ ’ਚ ਤਨੋ-ਮਨੋ ਹੱਥ ਵਟਾ ਰਹੇ ਹਨ। ਪਿੰਡ ਸਸਰਾਲੀ ਲਾਗੇ ਸਤਲੁਜ ਦਰਿਆ ਦੇ ਮੁੱਖ ਬੰਨ ਦੇ ਖੁਰਨ ਤੋਂ ਬਾਅਦ ਕੁੱਝ ਹੀ ਦੂਰੀ ’ਤੇ ਨਵਾਂ ਬੰਨ ਬਣਾਇਆ ਜਾ ਰਿਹਾ ਹੈ। ਜਿਸ ਨੂੰ ਮਜ਼ਬੂਤ ਕਰਨ ਦੇ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਸਥਾਨਕ ਲੋਕਾਂ ਦੇ ਨਾਲ ਮਿੱਟੀ ਦੇ ਬੋਰੇ ਭਰ ਕੇ ਬੰਨ ’ਤੇ ਪਹੁੰਚਾ ਰਹੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਸਸਰਾਲੀ ਪਿੰਡ ਦੇ ਨੇੜੇ ਸਤਲੁਜ ਦਰਿਆ ਦੇ ਬੰਨ੍ਹ ਦੀ ਤਾਜ਼ਾ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਜਿੱਥੇ ਪਾਣੀ ਦਾ ਵਹਾਅ ਬੇਹੱਦ ਤੇਜ਼ ਹੈ, ਜੋ ਹਰ ਦਸ ਮਿੰਟ ਬਾਅਦ ਦਰਿਆ ਦਾ ਕਿਨਾਰੇ ਨੂੰ ਖੋਰਾ ਲਾ ਕੇ ਆਪਣੇ ਵਿੱਚ ਮਿਲਾ ਰਿਹਾ ਹੈ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਰਾਤ ਭਰ ਵਿੱਚ ਬੰਨ ਦਰਿਆ ਦਾ ਪਾਣੀ ਬੰਨ ਨੂੰ ਖੋਰ ਕੇ ਤਕਰੀਬਨ 20 ਫੁੱਟ ਅੱਗੇ ਵਧ ਚੁੱਕਾ ਹੈ। ਜਿਸ ਕਰਕੇ ਪਿੰਡ ਸਸਰਾਲੀ ਲਾਗਿਓਂ ਕਿਸੇ ਵੀ ਸਮੇਂ ਸਥਿਤੀ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ। ਜਿਸ ਨਾਲ ਇਲਾਕੇ ਦੇ 14 ਪਿੰਡ ਤੁਰੰਤ ਹੜ੍ਹ ਦੀ ਮਾਰ ਹੇਠ ਆ ਸਕਦੇ ਹਨ।

ਇਹ ਵੀ ਪੜ੍ਹੋ: CM Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜੀ, ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਕਰਵਾਇਆ ਭਰਤੀ
ਜਿੰਨਾਂ ਵਿੱਚ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥ ਗੜ, ਮੰਗਲੀ ਟਾਂਡਾ, ਢੇਰੀ, ਖਵਾਜਕਾ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗੜ ਤੇ ਮਿਹਰਬਾਨ ਪਿੰਡਾਂ ’ਚ ਦਰਿਆ ਦਾ ਪਾਣੀ ਕਹਿਰ ਢਾਹ ਸਕਦਾ ਹੈ। ਦੱਸ ਦੇਈਏ ਕਿ ਜਿਸ ਜਗਾ ’ਤੇ ਦਰਿਆ ਦਾ ਪਾਣੀ ਸਤਲੁਜ ਦੇ ਬੰਨ ਨੂੰ ਜ਼ਿਆਦਾ ਖੋਰਾ ਲਗਾ ਰਿਹਾ ਹੈ, ਤੋਂ ਪਿੰਡ ਸਸਰਾਲੀ ਤਕਰੀਬਨ ਅੱਧਾ ਕੁ ਕਿਲੋਮੀਟਰ ਹੀ ਦੂਰ ਹੈ।

ਇਸ ਜਗਾ ਤੋਂ ਹੀ ਟੱਕਰਾਉਣ ਤੋਂ ਬਾਅਦ ਪਾਣੀ ਦਾ ਤੇਜ਼ ਵਹਾਅ ਪਿੰਡ ਕਾਕੋਵਾਲ ਤੇ ਸੁਜਾਤਵਾਲਾ ਵੱਲ ਨੂੰ ਮੁੜ ਰਿਹਾ ਹੈ, ਜਿਸ ਕਾਰਨ ਪਿੰਡ ਸਸਰਾਲੀ ਵਾਲੇ ਪਾਸੇ ਦਰਿਆ ਦਾ ਬੰਨ੍ਹ ਲਗਾਤਾਰ ਖੁਰਦਾ ਜਾ ਰਿਹਾ ਹੈ। ਜਿਸ ਕਰਕੇ ਸਸਰਾਲੀ ਵਾਸੀ ਵਧੇਰੇ ਚਿੰਤਤ ਨਜ਼ਰ ਆ ਰਹੇ ਹਨ ਬੰਨ ’ਤੇ ਮੌਜੂਦ ਪਿੰਡ ਵਾਸੀ ਸੁੱਖਾ ਸਿੰਘ, ਬਲਵੀਰ ਸਿੰਘ ਤੇ ਬਲਰਾਮ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦੇ ਉਚੇਚੇ ਪ੍ਰਬੰਧ ਨਹੀਂ ਕੀਤੇ ਗਏ। ਜਿਸ ਕਰਕੇ ਪਿਛਲੇ 12 ਘੰਟਿਆਂ ਵਿੱਚ ਸਤਲੁਜ ਦਾ ਪਾਣੀ ਬੰਨ ਨੂੰ ਢਾਹ ਕੇ 20 ਫੁੱਟ ਪਿੰਡ ਵੱਲ ਨੂੰ ਆ ਚੁੱਕਾ ਹੈ।
ਸਥਿਤੀ ਕਾਬੂ ਹੇਠ : ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ
ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਨੇ ਪਿੰਡ ਸਸਰਾਲੀ ਲਾਗੇ ਬੰਨ ਦੇ ਕੁੱਝ ਹਿੱਸੇ ਦੇ ਖੁਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਲੋਕ ਜ਼ਿਲ੍ਹਾ ਲੁਧਿਆਣਾ ਪ੍ਰਸ਼ਾਸਨ ਦੇ ਅਧਿਕਾਰਤ ਪਲੇਟ ਫਾਰਮਾਂ ਤੋਂ ਸਾਂਝੀ ਕੀਤੀ ਜਾ ਰਹੀ ਜਾਣਕਾਰੀ ’ਤੇ ਹੀ ਯਕੀਨ ਕਰਨ। ਕਿਸੇ ਵੀ ਤਰਾਂ ਦੇ ਬਹਿਕਾਵੇ ਵਿੱਚ ਨਾ ਆਉਣ। ਉਨਾਂ ਦੱਸਿਆ ਕਿ ਉਨਾਂ ਵੱਲੋਂ ਅਸਥਾਈ ਰਿੰਗ ਬੰਨ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਮੱਦਦ ਨਾਲ ਸਥਿਤੀ ਪਾਣੀ ਰੋਕ ਲਿਆ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਫ਼ਿਲਹਾਲ ਬੀਬੀਐੱਮਬੀ ਵੱਲੋਂ ਪਾਣੀ ਦਾ ਪੱਧਰ ਘਟਾ ਦਿੱਤਾ ਗਿਆ ਹੈ।