ਆਸੇ ਪਾਸੇ ਉੱਘੇ ਘਾਹ ਫੂਸ ਅਤੇ ਦਰੱਖਤਾਂ ਦੇ ਜੰਗਲ ਨੇ ਬਣਾਇਆ ਨਸ਼ੇੜੀਆਂ ਦਾ ਅੱਡਾ
ਲੋਕਾਂ ਨੇ ਡਿਪਟੀ ਕਮਿਸ਼ਨਰ ਤੋਂ ਨਾਲੇ ਅਤੇ ਆਸ ਪਾਸ ਦੀ ਸਫਾਈ ਕਰਾਉਣ ਦੀ ਕੀਤੀ ਮੰਗ
Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਕੋਲੋਂ ਲੰਘਦੇ ਲਸਾੜਾ ਨਾਲੇ ਦੀ ਸਫਾਈ ਨਾ ਹੋਣ ਕਾਰਨ ਇਸ ਵਿੱਚੋਂ ਲੰਘਦੇ ਪਾਣੀ ਦਾ ਨਿਕਾਸ ਰੁੱਕ ਗਿਆ ਹੈ। ਜਦੋਂ ਦਾ ਇਹ ਨਾਲ ਬਣਿਆ ਹੈ ਉਦੋਂ ਤੋਂ ਹੁਣ ਤੱਕ ਕਦੇ ਇਸ ਦੀ ਸਫਾਈ ਨਹੀਂ ਹੋਈ ਅਤੇ ਨਾ ਹੀ ਆਸੇ ਪਾਸੇ ਕਦੇ ਸਫਾਈ ਕੀਤੀ ਗਈ ਹੈ। ਆਸੇ-ਪਾਸੇ ਦੀ ਸਫਾਈ ਨਾ ਹੋਣ ਕਾਰਨ ਜਿੱਥੇ ਇਹ ਨਸ਼ੇੜੀਆਂ ਅਤੇ ਚੋਰਾਂ ਦਾ ਅੱਡਾ ਬਣ ਚੁੱਕਿਆ ਹੈ ਉਥੇ ਹੀ ਪਾਣੀ ਦੀ ਨਿਕਾਸੀ ਨਾ ਹੋਣ ਸੂਬੇ ਅੰਦਰ ਹੜ੍ਹਾਂ ਵਰਗੀ ਬਣ ਰਹੀ ਸਥਿਤੀ ਤੋਂ ਲੋਕ ਸਹਿਮੇ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲਸਾੜਾ ਨਾਲਾ ਪਿੰਡ ਜੀਵਨ ਸਿੰਘ ਵਾਲਾ ਤੋਂ ਲੰਘਦਾ ਹੋਇਆ ਅੱਗੇ ਕੋਟ ਬਖਤੂ, ਸ਼ੇਰਗੜ੍ਹ, ਦੂਨੇ ਵਾਲਾ ਅਤੇ ਮਸ਼ਾਨਾ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਅੱਗੇ ਡੱਬਵਾਲੀ ਸਾਈਡ ਵੱਲ ਜਾਂਦਾ ਹੈ। ਇਸ ਵਿੱਚ ਵੱਡੇ-ਵੱਡੇ ਘਾਹ-ਫੂਸ ਅਤੇ ਦਰੱਖਤ ਉੱਘੇ ਹੋਏ ਹਨ ਜੋ ਪਾਣੀ ਵਿੱਚ ਰੁਕਵਾਟ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਵੀ ਪੈ ਰਿਹਾ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: New Supreme Court Judges: ਸੁਪਰੀਮ ਕੋਰਟ ਨੂੰ ਦੋ ਨਵੇਂ ਜੱਜ ਮਿਲੇ, ਜਸਟਿਸ ਆਲੋਕ ਅਰਾਧੇ ਅਤੇ ਜਸਟਿਸ ਵਿਪੁਲ ਪੰਚੋਲੀ …
ਲੋਕਾਂ ਅਨੁਸਾਰ ਇਹ 1965/66 ਦੇ ਨੇੜੇ ਤੇੜੇ-ਹੋਂਦ ਵਿੱਚ ਆਇਆ ਹੈ ਪਰ ਜਿਸ ਸਮੇਂ ਤੋਂ ਇਹ ਨਾਲਾ ਬਣਿਆ ਹੋਇਆ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਦੀ ਕਦੇ ਵੀ ਸਫਾਈ ਨਹੀਂ ਹੋਈ। ਇਸ ਵਿਚ ਤਕਰੀਬਨ ਹਰ ਤਰ੍ਹਾਂ ਦੀ ਘਾਹ ਬੂਟੀ ਉੱਘੀ ਹੋਈ ਹੈ। ਇਹ ਘਾਹ ਬੂਟੀ ਪਾਣੀ ਵਿੱਚ ਰੁਕਾਵਟ ਪੈਦਾ ਕਰਦੀ ਹੈ। ਲੋਕਾਂ ਨੇ ਦੱਸਿਆ ਕਿ ਅੱਜ ਜਿਸ ਸਮੇਂ ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕ ਤਰਾਹ-ਤਰਾਹ ਕਰ ਰਹੇ ਹਨ ਅੱਜ ਜਿਸ ਇਲਾਕੇ ਵਿੱਚੋਂ ਇਹ ਲਸਾੜਾ ਨਾਲਾ ਲੰਘਦਾ ਹੈ ਉਸ ਇਲਾਕੇ ਦੇ ਲੋਕਾਂ ਨੂੰ ਵੀ ਭਾਰੀ ਹੜ੍ਹਾਂ ਦੀ ਲਪੇਟ ਵਿਚ ਆਉਣ ਤੋਂ ਕੋਈ ਵੀ ਨਹੀਂ ਬਚਾ ਸਕਦਾ ਕਿਉਂਕਿ ਇਸ ਡਰੇਨ ਵਿਚ ਘਾਹ ਬੂਟੀ ਤੇ ਛੋਟੇ-ਛੋਟੇ ਵੱਡੇ-ਵੱਡੇ ਦਰੱਖਤਾਂ ਕਾਰਨ ਪਾਣੀ ਅੱਗੇ ਲੰਘਣ ਦੀ ਬਜਾਏ ਰਸਤੇ ਵਿੱਚ ਹੀ ਰੁੱਕਿਆ ਹੋਇਆ ਹੈ। Bathinda News
ਪਿਛਲੀਆਂ ਸਰਕਾਰਾਂ ਇਸ ਪਾਸੇ ਕੋਈ ਧਿਆਨ ਪਿਆ ਅਤੇ ਹੁਣ ਵਾਲੀ ਸਰਕਾਰ ਵੀ ਇਸ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਜਦੋਂ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਗੰਦੇ ਨਾਲੇ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਲਸਾੜਾ ਨਾਲਾ ਨਸ਼ੇੜੀਆਂ ਅਤੇ ਚੋਰਾਂ ਦਾ ਅੱਡਾ ਬਣ ਚੁੱਕਿਆ ਹੈ ਜਿੱਥੇ ਇਸ ਨਾਲ ਲੱਗਦੇ ਪਿੰਡਾਂ ਨੇੜੇ ਟੀਕੇ ਲਾਉਣ ਵਾਲੀਆਂ ਵੇਸਟ ਸਰਿੰਜਾਂ ਆਮ ਹੀ ਡਿੱਗੀਆਂ ਪਈਆਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕਾਂ ਨੇ ਦੱਸਿਆ ਕਿ ਇਥੇ ਚੋਰ ਵੀ ਲੁੱਕ ਕੇ ਬੈਠਦੇ ਹਨ ਅਤੇ ਕਈ ਵਾਰ ਲੋਕ ਇਨ੍ਹਾਂ ਦੇ ਸ਼ਿਕਾਰ ਹੋ ਚੁੱਕੇ ਹਨ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਲਸਾੜੇ ਨਾਲੇ ਦੀ ਸਫਾਈ ਵੱਲ ਤੁਰੰਤ ਧਿਆਨ ਦਿੱਤਾ ਜਾਵੇ।
ਲਸਾੜੇ ਨਾਲੇ ਦੀ ਸਫਾਈ ਲਈ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਕਈ ਵਾਰ ਦਿੱਤਾ ਗਿਆ ਮੰਗ ਪੱਤਰ
ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ ਨੇ ਦੱਸਿਆ ਕਿ ਇਸ ਲਸਾੜੇ ਨਾਲੇ ਦੀ ਸਫਾਈ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਕਈ ਵਾਰ ਮੰਗ ਪੱਤਰ ਦਿੱਤਾ ਗਿਆ ਹੈ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਇਸ ਲਸਾੜੇ ਨਾਲੇ ਸਾਫ ਸਫਾਈ ਤੋਂ ਇਲਾਵਾ ਜੀਵਨ ਸਿੰਘ ਵਾਲਾ ਨੇੜੇ ਲੰਘਦਾ ਪੁਲ ਵੀ ਕਾਫੀ ਤੰਗ ਹੈ ਜਿਥੇ ਬਹੁਤ ਵਾਰੀ ਹਾਦਸੇ ਵਾਪਰ ਚੁੱਕੇ ਹਨ ਜਿਸ ਨੂੰ ਚੌੜਾ ਕਰਨ ਲਈ ਵੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।
ਡਰੇਨਾਂ ’ਚੋਂ ਕੇਲੀ ਬਾਹਰ ਕੱਢ ਕੇ ਚੰਗੀ ਤਰ੍ਹਾਂ ਲਗਾਤਾਰ ਸਾਫ-ਸਫਾਈ ਕੀਤੀ ਜਾ ਰਹੀ ਹੈ: ਐਸ.ਡੀ.ਐਮ. ਬਲਕਰਨ ਸਿੰਘ
ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਡਰੇਨਜ ਵਿਭਾਗ ਵੱਲੋਂ ਚੰਦਭਾਨ ਡਰੇਨ ਅਤੇ ਪਿੰਡ ਅਬਲੂ ਤੋਂ ਕੋਠੇ ਚੇਤ ਸਿੰਘ ਵਾਲੇ ਨੂੰ ਜਾਂਦੀ ਹੋਈ ਸੜਕ ’ਤੇ ਬਣੇ ਪੁਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਬਲਕਰਨ ਸਿੰਘ ਨੇ ਦੱਸਿਆ ਕਿ ਪਿੰਡ ਦਾਨ ਸਿੰਘ ਵਾਲਾ ਤੇ ਪਿੰਡ ਗੰਗਾ ਦੇ ਵਿਚਕਾਰ ਬਣੇ ਡਰੇਨ ਦੇ ਪੁਲ ’ਤੇ ਡਰੇਨਜ ਵਿਭਾਗ ਵੱਲੋਂ ਮਸ਼ੀਨ ਰਾਹੀਂ ਡਰੇਨਾਂ ’ਚੋਂ ਕੇਲੀ ਬਾਹਰ ਕੱਢ ਕੇ ਚੰਗੀ ਤਰ੍ਹਾਂ ਲਗਾਤਾਰ ਸਾਫ-ਸਫਾਈ ਕੀਤੀ ਜਾ ਰਹੀ ਹੈ ਤੇ ਡਰੇਨ ਵਿਚ ਪਾਣੀ ਦਾ ਵਹਾਅ ਹਾਲ ਦੀ ਘੜੀ ਠੀਕ ਸਥਿਤੀ ਵਿਚ ਚੱਲ ਰਿਹਾ ਹੈ ਤੇ ਹੁਣ ਕਿਸੇ ਵੀ ਗੰਭੀਰ ਸਥਿਤੀ ਦਾ ਖਦਸ਼ਾ ਨਹੀਂ ਹੈ।