
ਕਿਹਾ, ਵਨਡੇ ਵਿਸ਼ਵ ਕੱਪ ਜਿੱਤਣਾ ਮੇਰਾ ਸੁਪਣਾ
- ਬੋਲੇ ਮੈਂ 2027 ਵਾਲਾ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ
Mohammed Shami Retirement News: ਸਪੋਰਟਸ ਡੈਸਕ। ਮੁਹੰਮਦ ਸ਼ਮੀ ਨੇ ਆਪਣੇ ਸੰਨਿਆਸ ਦੀਆਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। 34 ਸਾਲਾਂ ਦੇ ਇਸ ਗੇਂਦਬਾਜ਼ ਸ਼ਮੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜਦੋਂ ਤੱਕ ਉਸ ਨੂੰ ਖੇਡ ਪ੍ਰਤੀ ਜਨੂੰਨ ਤੇ ਪ੍ਰੇਰਨਾ ਹੈ, ਉਹ ਮੈਦਾਨ ’ਤੇ ਰਹੇਗਾ। ਸ਼ਮੀ ਨੂੰ ਇੰਗਲੈਂਡ ਵਿੱਚ ਐਂਡਰਸਨ-ਤੇਂਦੁਲਕਰ ਟਰਾਫੀ ਤੇ 9 ਸਤੰਬਰ ਤੋਂ ਯੂਏਈ ’ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਭਾਰਤੀ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ।
ਇਹ ਖਬਰ ਵੀ ਪੜ੍ਹੋ : Bihar Election News: ਬਿਹਾਰ ’ਚ NDA ਦੀ ਸੀਟਾਂ ਦੀ ਵੰਡ ਫਾਈਨਲ, ਵੇਖੋ
ਸ਼ਮੀ ਨੇ ਗੱਲਬਾਤ ’ਚ ਆਪਣੀ ਸੰਨਿਆਸ ਦੀਆਂ ਅਫਵਾਹਾਂ ਦਾ ਤਿੱਖਾ ਜਵਾਬ ਦਿੰਦੇ ਹੋਏ ਕਿਹਾ, ‘ਜੇਕਰ ਕਿਸੇ ਨੂੰ ਮੇਰੇ ਨਾਲ ਕੋਈ ਸਮੱਸਿਆ ਹੈ, ਤਾਂ ਅੱਗੇ ਆ ਕੇ ਦੱਸੋ। ਜੇਕਰ ਮੈਂ ਸੰਨਿਆਸ ਲੈ ਲਵਾਂ ਤਾਂ ਕਿਸਦੀ ਜ਼ਿੰਦਗੀ ਬਿਹਤਰ ਹੋ ਜਾਵੇਗੀ? ਮੈਂ ਕਿਸੇ ਦੀ ਜ਼ਿੰਦਗੀ ’ਚ ਪੱਥਰ ਕਿਉਂ ਬਣਾਂ ਕਿ ਤੁਸੀਂ ਮੇਰੇ ਤੋਂ ਸੰਨਿਆਸ ਚਾਹੁੰਦੇ ਹੋ? ਜਿਸ ਦਿਨ ਮੈਂ ਬੋਰ ਹੋ ਜਾਵਾਂਗਾ, ਮੈਂ ਖੁਦ ਮੈਦਾਨ ਛੱਡ ਦੇਵਾਂਗਾ। ਤੁਸੀਂ ਮੈਨੂੰ ਨਾ ਚੁਣੋ ਜਾਂ ਮੈਨੂੰ ਨਾ ਖੇਡਾਓ, ਇਸ ਨਾਲ ਮੇਰੇ ਲਈ ਕੋਈ ਫ਼ਰਕ ਨਹੀਂ ਪੈਂਦਾ। ਮੈਂ ਸਖ਼ਤ ਮਿਹਨਤ ਕਰਦਾ ਰਹਾਂਗਾ।’
ਘਰੇਲੂ ਕ੍ਰਿਕੇਟ ਵੀ ਖੇਡਣ ਲਈ ਤਿਆਰ | Mohammed Shami Retirement News
ਸ਼ਮੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਉਸਨੂੰ ਅੰਤਰਰਾਸ਼ਟਰੀ ਕ੍ਰਿਕੇਟ ’ਚ ਮੌਕਾ ਨਹੀਂ ਮਿਲਦਾ, ਤਾਂ ਉਹ ਘਰੇਲੂ ਕ੍ਰਿਕੇਟ ’ਚ ਖੇਡਦੇ ਰਹਿਣਗੇ। ਉਸਨੇ ਕਿਹਾ, ‘ਜੇਕਰ ਤੁਸੀਂ ਮੈਨੂੰ ਅੰਤਰਰਾਸ਼ਟਰੀ ਮੈਚਾਂ ’ਚ ਨਹੀਂ ਚੁਣਿਆ, ਤਾਂ ਮੈਂ ਘਰੇਲੂ ਕ੍ਰਿਕੇਟ ਖੇਡਾਂਗਾ। ਮੈਂ ਕਿਤੇ ਨਾ ਕਿਤੇ ਖੇਡਦਾ ਰਹਾਂਗਾ।’ ਸੰਨਿਆਸ ਵਰਗਾ ਫੈਸਲਾ ਉਦੋਂ ਲਿਆ ਜਾਂਦਾ ਹੈ ਜਦੋਂ ਤੁਸੀਂ ਬੋਰ ਮਹਿਸੂਸ ਕਰਦੇ ਹੋ, ਜਦੋਂ ਤੁਸੀਂ ਟੈਸਟ ਮੈਚ ਲਈ ਸਵੇਰੇ 7 ਵਜੇ ਉੱਠਣਾ ਨਹੀਂ ਚਾਹੁੰਦੇ। ਪਰ ਮੇਰੇ ਲਈ ਅਜੇ ਉਹ ਸਮਾਂ ਨਹੀਂ ਆਇਆ ਹੈ। ਜੇ ਤੁਸੀਂ ਚਾਹੋ, ਤਾਂ ਮੈਂ ਸਵੇਰੇ 5 ਵਜੇ ਵੀ ਉੱਠ ਕੇ ਤਿਆਰ ਹੋ ਜਾਵਾਂਗਾ।’
ਵਨਡੇ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਧੂਰਾ
ਸ਼ਮੀ ਨੇ ਕਿਹਾ ਕਿ ਉਸਦਾ ਸਭ ਤੋਂ ਵੱਡਾ ਟੀਚਾ ਵਨਡੇ ਵਿਸ਼ਵ ਕੱਪ ਜਿੱਤਣਾ ਹੈ, ਜੋ ਕਿ ਉਸਦਾ ਇੱਕੋ ਇੱਕ ਅਧੂਰਾ ਸੁਪਨਾ ਹੈ। 2023 ਵਿਸ਼ਵ ਕੱਪ ’ਚ ਭਾਰਤ ਦੇ ਫਾਈਨਲ ’ਚ ਪਹੁੰਚਣ ਨੂੰ ਯਾਦ ਕਰਦੇ ਹੋਏ, ਉਸਨੇ ਕਿਹਾ, ‘ਮੇਰਾ ਸਿਰਫ ਇੱਕ ਸੁਪਨਾ ਬਚਿਆ ਹੈ, ਉਹ ਹੈ ਵਨਡੇ ਵਿਸ਼ਵ ਕੱਪ ਜਿੱਤਣਾ। 2023 ’ਚ, ਅਸੀਂ ਬਹੁਤ ਨੇੜੇ ਸੀ। ਸਾਡੇ ’ਚ ਵਿਸ਼ਵਾਸ ਸੀ, ਪਰ ਨਾਕਆਊਟ ਪੜਾਅ ’ਚ ਡਰ ਵੀ ਸੀ। ਪ੍ਰਸ਼ੰਸਕਾਂ ਦੇ ਉਤਸ਼ਾਹ ਤੇ ਸਮਰਥਨ ਨੇ ਸਾਨੂੰ ਪ੍ਰੇਰਿਤ ਕੀਤਾ। ਸ਼ਾਇਦ ਇਹ ਉਸ ਸਮੇਂ ਮੇਰੀ ਕਿਸਮਤ ’ਚ ਨਹੀਂ ਸੀ, ਪਰ ਮੈਂ 2027 ’ਚ ਉੱਥੇ ਹੋਣਾ ਚਾਹੁੰਦਾ ਹਾਂ।’
ਫਿਟਨੈਸ ’ਤੇ ਸਖ਼ਤ ਮਿਹਨਤ | Mohammed Shami Retirement News
ਸ਼ਮੀ ਨੇ ਆਪਣੀ ਫਿਟਨੈਸ ਬਾਰੇ ਵੀ ਗੱਲ ਕੀਤੀ। ਹਾਲ ਹੀ ਦੇ ਸਮੇਂ ’ਚ ਸੱਟਾਂ ਨਾਲ ਜੂਝਣ ਦੇ ਬਾਵਜੂਦ, ਉਸਨੇ ਪਿਛਲੇ ਦੋ ਮਹੀਨਿਆਂ ’ਚ ਆਪਣੀ ਫਿਟਨੈਸ ’ਤੇ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਭਾਰ ਘਟਾਇਆ, ਗੇਂਦਬਾਜ਼ੀ ’ਚ ਲੈਅ ਹਾਸਲ ਕੀਤੀ ਤੇ ਲੰਬੇ ਸਪੈੱਲ ਸੁੱਟਣ ਦੀ ਤਿਆਰੀ ਕੀਤੀ। ਸ਼ਮੀ ਨੇ ਕਿਹਾ, ‘ਮੈਂ ਸਿਖਲਾਈ ਲਈ, ਆਪਣੇ ਹੁਨਰਾਂ ’ਚ ਸੁਧਾਰ ਕੀਤਾ, ਬੱਲੇਬਾਜ਼ੀ ਤੇ ਫੀਲਡਿੰਗ ਦਾ ਅਭਿਆਸ ਕੀਤਾ, ਜਿੰਮ ’ਚ ਪਸੀਨਾ ਵਹਾਇਆ। ਸਭ ਕੁਝ ਕੀਤਾ। ਮੇਰਾ ਧਿਆਨ ਲੈਅ ਹਾਸਲ ਕਰਨ ਤੇ ਲੰਬੇ ਸਪੈੱਲ ਸੁੱਟਣ ’ਤੇ ਹੈ।’
ਆਖਰੀ ਵਾਰ ਚੈਂਪੀਅਨਜ਼ ਟਰਾਫੀ ’ਚ ਭਾਰਤੀ ਟੀਮ ਲਈ ਖੇਡੇ
ਸ਼ਮੀ ਆਖਰੀ ਵਾਰ 2025 ਦੇ ਸ਼ੁਰੂ ’ਚ ਚੈਂਪੀਅਨਜ਼ ਟਰਾਫੀ ’ਚ ਭਾਰਤ ਲਈ ਖੇਡੇ ਸਨ। ਭਾਰਤ ਨੇ ਫਾਈਨਲ ’ਚ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਤੇ ਸ਼ਮੀ ਨੇ 5 ਮੈਚਾਂ ’ਚ 9 ਵਿਕਟਾਂ ਲਈਆਂ, ਜੋ ਕਿ ਵਰੁਣ ਚੱਕਰਵਰਤੀ ਦੇ ਨਾਲ ਭਾਰਤ ਲਈ ਸਾਂਝੇ ਤੌਰ ’ਤੇ ਸਭ ਤੋਂ ਵੱਧ ਹਨ। ਹਾਲਾਂਕਿ, ਉਨ੍ਹਾਂ ਦੀ ਗੇਂਦਬਾਜ਼ੀ ਮਹਿੰਗੀ ਸੀ, ਕਿਉਂਕਿ ਉਨ੍ਹਾਂ ਪ੍ਰਤੀ ਓਵਰ 5.68 ਦੌੜਾਂ ਦਿੱਤੀਆਂ।