Floods Punjab: ਸੱਤ ਪਿੰਡਾਂ ਦਾ ‘ਦੇਸ਼ ਨਾਲੋ’ ਸੰਪਰਕ ਟੁੱਟਿਆ
- ਧੁੱਸੀ ਡੈਮ ਅਤੇ ਚੱਕੀ ਪੁਲ ਟੁੱਟਿਆ, 90 ਰੇਲਾਂ ਨੂੰ ਰੋਕਿਆ, ਸੁਰੱਖਿਅਤ ਥਾਵਾਂ ਵੱਲ ਜਾ ਰਹੇ ਲੋਕ | Floods Punjab
- ਰਾਵੀ ’ਚ 4 ਲੱਖ ਕਿਉਸਿਕ ਪਾਣੀ ਆਉਣ ਦੀ ਸੰਭਾਵਨਾ
Floods Punjab: ਚੰਡੀਗੜ੍ਹ/ਅੰਮ੍ਰਿਤਸਰ (ਅਸ਼ਵਨੀ ਚਾਵਲਾ/ਰਾਜਨ ਮਾਨ)। ਪਹਾੜੀ ਇਲਾਕਿਆਂ ਵਿੱਚ ਬੀਤੇ 24 ਘੰਟਿਆਂ ਤੋਂ ਲਗਾਤਾਰ ਮੀਂਹ ਪੈਣ ਅਤੇ ਰਣਜੀਤ ਸਾਗਰ ਡੈਮ ਤੇ ਭਾਖੜਾ ਡੈਮ ਦੇ ਫਲੱਡ ਗੇਟ ਖੋਲੇ੍ਹ ਜਾਣ ਤੋਂ ਬਾਅਦ ਪੰਜਾਬ ਦੇ ਲੱਗਭੱਗ ਸੱਤ ਜ਼ਿਲ੍ਹਿਆਂ ਦੇ ਕਈ ਦਰਜ਼ਨਾਂ ਪਿੰਡਾਂ ਦੀ ਸਥਿਤੀ ਜ਼ਿਆਦਾ ਖ਼ਰਾਬ ਹੋ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਾਣੀ ਤਬਾਹੀ ਮਚਾ ਰਿਹਾ ਹੈ ਅਤੇ ਕਈ ਪਿੰਡਾਂ ਦਾ ਆਪਸੀ ਸੰਪਰਕ ਹੀ ਟੁੱਟ ਗਿਆ ਹੈ। ਸੜਕੀ ਮਾਰਗ ਬੰਦ ਹੋਣ ਕਾਰਨ ਪਿੰਡਾਂ ਦੇ ਲੋਕਾਂ ਨੂੰ ਬਾਹਰ ਕੱਢਣ ਲਈ ਹੈਲੀਕਾਪਟਰ ਤੱਕ ਦੀ ਮਦਦ ਲਈ ਜਾ ਰਹੀ ਹੈ। ਧੁੱਸੀ ਬੰਨ੍ਹ ਅਤੇ ਚੱਕੀ ਪੁਲ ਦੇ ਟੁੱਟਣ ਤੋਂ ਬਾਅਦ ਇਸ ਇਲਾਕੇ ਦੀ ਸਥਿਤੀ ਹੋਰ ਵੀ ਖ਼ਰਾਬ ਹੋਣ ਦਾ ਡਰ ਹੈ। ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਅੰਮ੍ਰਿਤਸਰ ਦੇ ਕਈ ਪਿੰਡਾਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।
ਤਰਨਤਾਰਨ ਅਤੇ ਫਿਰੋਜ਼ਪੁਰ ਵਿਖੇ ਹਰੀਕੇ ਹੈੱਡਵਰਕਸ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਕਈ ਹੋਰ ਪਿੰਡਾਂ ਵਿੱਚ ਪਾਣੀ ਆ ਗਿਆ ਹੈ ਫਸਲ ਦੇ ਨੁਕਸਾਨ ਦੇ ਨਾਲ ਹੀ ਘਰਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ ਕਈ ਪਿੰਡਾਂ ਦੇ ਲੋਕ ਜਾਨ-ਮਾਲ ਦੀ ਸੁਰੱਖਿਆ ਲਈ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਤੱਕ ਮਜ਼ਬੂਰ ਹੋ ਰਹੇ ਹਨ। ਇਸ ਦੇ ਨਾਲ ਐੱਸਡੀਐੱਮ ਅਜਨਾਲਾ ਰਵਿੰਦਰ ਸਿੰਘ ਵੱਲੋਂ ਨਾਲ ਲੱਗਦੇ 14 ਪਿੰਡਾਂ ਨੂੰ ਰਾਤੋ-ਰਾਤ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। Floods Punjab
ਦੂਜੇ ਪਾਸੇ ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਵੱਲੋਂ ਆਉਂਦੇ ਦਿਨਾਂ ਵਿੱਚ ਵੀ ਫਲੱਡ ਗੇਟ ਖੋਲੇ੍ਹ ਜਾਣ ਦੇ ਐਲਾਨ ਨਾਲ ਹੀ ਰਾਵੀ ਅਤੇ ਸਤਲੁਜ ਸਣੇ ਬਿਆਸ ਨਦੀ ਵਿੱਚ ਪਾਣੀ ਦਾ ਪੱਧਰ ਹੋਰ ਜ਼ਿਆਦਾ ਵਧਣ ਦੇ ਆਸਾਰ ਪੈਦਾ ਹੋ ਗਏ ਹਨ। ਮੌਜ਼ੂਦਾ ਸਥਿਤੀ ਵਿੱਚ ਪੰਜਾਬ ਦੇ 7 ਜ਼ਿਲ੍ਹਿਆਂ ਤੋਂ ਬਾਅਦ 2-3 ਹੋਰ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਦਾ ਡਰ ਸਤਾ ਰਿਹਾ ਹੈ।
Floods Punjab
ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧੇ ਨੇ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਇਲਾਕੇ ਦੇ ਪਿੰਡ ਆਹਲੀ ਕਲਾਂ ਵਿੱਚ ਸਥਿਤ ਐਡਵਾਂਸ ਆਰਜੀ ਡੈਮ ਦੇ ਟੁੱਟਣ ਦੀ ਖ਼ਬਰ ਨੇ ਪਿੰਡ ਵਾਸੀਆਂ ਅਤੇ ਕਿਸਾਨਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਾਨਕ ਲੋਕਾਂ ਅਨੁਸਾਰ ਭਾਰੀ ਮੀਂਹ ਦੇ ਦਬਾਅ ਕਾਰਨ ਬੰਨ੍ਹ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ। ਬੰਨ੍ਹ ਟੁੱਟਦੇ ਹੀ ਆਲੇ-ਦੁਆਲੇ ਦੇ ਖੇਤਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ, ਜਿਸ ਕਾਰਨ ਫ਼ਸਲਾਂ ਤਬਾਹ ਹੋਣ ਦੇ ਕੰਢੇ ’ਤੇ ਸਨ। ਕਿਸਾਨਾਂ ਨੇ ਖੁਦ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਬੰਨ੍ਹ ਨੂੰ ਅਸਥਾਈ ਤੌਰ ’ਤੇ ਜੋੜਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ, ਪਰ ਪਾਣੀ ਦਾ ਦਬਾਅ ਇੰਨਾ ਜ਼ਿਆਦਾ ਹੈ ਕਿ ਸਥਿਤੀ ਨੂੰ ਕਾਬੂ ਕਰਨਾ ਇੱਕ ਚੁਣੌਤੀ ਬਣ ਗਿਆ ਹੈ।
ਜ਼ਿਆਦਾ ਪਾਣੀ ਆਉਣ ਕਰਕੇ ਚੱਕੀ ਰੇਲਵੇ ਪੁਲ ਟੁੱਟ ਗਿਆ ਹੈ, ਜਿਸ ਕਾਰਨ ਪਠਾਨਕੋਟ ਅਤੇ ਜਲੰਧਰ ਵਿਚਕਾਰ ਰੇਲ ਲਾਈਨ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਰੂਟ ’ਤੇ ਚੱਲਣ ਵਾਲੀਆਂ 90 ਰੇਲਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਕੁਝ ਨੂੰ ਫਿਰ ਹੋਰ ਰੂਟ ਰਾਹੀਂ ਭੇਜਿਆ ਜਾ ਰਿਹਾ ਹੈ।
ਗੁਰਦਾਸਪੁਰ ਦੇ ਮਕੋੜਾ ਪੱਤਣ ਦੇ 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਕੱਟ ਗਿਆ, ਜਿਸ ਕਾਰਨ ਗੁਰਦਾਸਪੁਰ ਪ੍ਰਸ਼ਾਸਨ ਵੀ ਘਬਰਾਹਟ ਵਿੱਚ ਇਨ੍ਹਾਂ ਪਿੰਡਾਂ ਵਿੱਚ ਆਪਣਾ ਸੰਪਰਕ ਜੋੜਨ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ।
ਐੱਨਡੀਆਰਐੱਫ ਅਤੇ ਫੌਜ ਨੇ ਸੰਭਾਲਿਆ ਮੋਰਚਾ
ਪਠਾਨਕੋਟ ਬਮਿਆਲ ਸੈਕਟਰ ਅਤੇ ਗੁਰਦਾਸਪੁਰ ਵਿੱਚ ਐੱਨਡੀਆਰਐੱਫ਼ ਅਤੇ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਇਸ ਜ਼ਿਲੇ੍ਹ ਦੇ ਕਈ ਪਿੰਡਾਂ ਵਿੱਚ ਹਾਲਾਤ ਮਾੜੇ ਹਨ ਅਤੇ ਕਾਜਲਾ ਤੇ ਹੋਰ ਪਿੰਡਾਂ ’ਚੋਂ 6 ਬੰਦਿਆਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ। ਰਾਵੀ ਦੇ ਪਾਣੀ ਵਧਣ ਕਰਕੇ ਕਰਕੇ ਇਨ੍ਹਾਂ ਪਿੰਡਾਂ ਵਿੱਚ 5 ਫੁੱਟ ਨੂੰ ਵੀ ਪਾਣੀ ਦਾ ਪੱਧਰ ਪਾਰ ਕਰ ਗਿਆ ਹੈ, ਜਿਸ ਕਾਰਨ ਕਾਜਲਾ ਅਤੇ ਪੱਤਣ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Read Also : ਵੈਸ਼ਨੋ ਦੋਵੀ ’ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 31 ਪਹੁੰਚੀ
ਸੜਕੀ ਮਾਰਗਾਂ ਅਤੇ ਕਿਸ਼ਤੀ ਰਾਹੀਂ ਮੱਦਦ ਨਾ ਪੁੱਜਣ ਕਰਕੇ ਹੈਲੀਕਾਪਟਰ ਦੀ ਮਦਦ ਲਈ ਗਈ ਹੈ। ਹਵਾਈ ਫੌਜ ਦੇ ਹੈਲੀਕਾਪਟਰਾਂ ਰਾਹੀਂ ਖਾਣ-ਪੀਣ ਦਾ ਸਮਾਨ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਐੱਨਡੀਆਰਐੱਫ ਦੀਆਂ ਟੀਮਾਂ ਕਿਸ਼ਤੀਆਂ ਦੀ ਵਰਤੋਂ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਪ੍ਰਭਾਵਿਤ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ
ਪੰਜਾਬ ਭਰ ’ਚ 30 ਅਗਸਤ ਤੱਕ ਸਕੂਲ ਬੰਦ
ਪੰਜਾਬ ਭਰ ਵਿੱਚ 30 ਅਗਸਤ ਤੱਕ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਇਸ ਸਬੰਧੀ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਤੇਜ਼ ਮੀਂਹ ਅਤੇ ਅੱਗੇ ਵੀ ਮੀਂਹ ਪੈਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ ਲਈ ਸੂਬੇ ਭਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਨੂੰ 27 ਅਗਸਤ ਤੋਂ 30 ਅਗਸਤ ਤੱਕ ਬੰਦ ਕੀਤਾ ਜਾ ਰਿਹਾ ਹੈ।
ਅੱਜ ਵੀ ਭਾਰੀ ਮੀਂਹ ਦੀ ਚਿਤਾਵਨੀ
ਮੌਸਮ ਵਿਭਾਗ ਨੇ 27 ਅਗਸਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਕਾਰ ਸੇਵਾ ਅਤੇ ਹੋਰ ਸੰਪਰਦਾਵਾਂ ਦੇ ਨਾਲ-ਨਾਲ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਹੜ੍ਹ ਪੀੜਤਾਂ ਦੀ ਮਦਦ ਵਿੱਚ ਦਿਨ ਰਾਤ ਲੱਗੇ ਹੋਏ ਹਨ। ਮੌਸਮ ਵਿਭਾਗ ਨੇ ਸੂਬੇ ਦੇ 9 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਹੈ।