
ਸਰਕਾਰ ਵੱਲੋਂ ਐਲਾਨੀ 1 ਕਰੋੜ ਦੀ ਵਿੱਤੀ ਸਹਾਇਤਾ ਦੇ ਹਿੱਸੇ ਵਜੋਂ ਪਰਿਵਾਰ ਨੂੰ 6 ਲੱਖ ਰੁਪਏ ਦਾ ਚੈੱਕ ਸੌਂਪਿਆ, ਬਾਕੀ ਰਾਸੀ ਜਲਦੀ ਹੋਵੇਗੀ ਜਾਰੀ
- ਸ਼ਹੀਦ ਹਰਮਿੰਦਰ ਸਿੰਘ ਦੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ, ਪਿੰਡ ਵਿੱਚ ਬਣੇਗੀ ਯਾਦਗਾਰ
Tribute To Martyr: (ਅਨਿਲ ਲੁਟਾਵਾ/ਅਮਿਤ ਸ਼ਰਮਾ) ਅਮਲੋਹ। ਸ੍ਰੀਨਗਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸ਼ਹੀਦ ਹੋਏ ਭਾਰਤੀ ਫੌਜ ਦੇ ਜਾਂਬਾਜ ਸਿਪਾਹੀ ਸਵ. ਹਰਮਿੰਦਰ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ, ਅੱਜ ਪਿੰਡ ਬਦੀਨਪੁਰ ਵਿਖੇ ਹੋਈ ਜਿਸ ’ਚ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਦੇ ਸੁਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਵਿਸੇਸ ਤੌਰ ’ਤੇ ਸਰਧਾਂਜਲੀ ਭੇਂਟ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸ਼ਹੀਦ ਹਰਮਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ਼ਹੀਦ ਦੀ ਬਹਾਦਰੀ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਜਿੱਥੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੀ ਹੈ ਓੁਥੇ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮੱਦਦ ਲਈ ਵੀ ਵਚਨਬੱਧ ਹੈ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਹਰਮਿੰਦਰ ਸਿੰਘ ਦੇ ਪਰਿਵਾਰ ਲਈ ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਅੱਜ ਪਰਿਵਾਰ ਨੂੰ 6 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਹੈ ਅਤੇ ਦਸਤਾਵੇਜੀ ਪ੍ਰਕਿਰਿਆ ਪੂਰੀ ਹੋਣ ਮਗਰੋਂ, ਪੰਜਾਬ ਸਰਕਾਰ ਵੱਲੋਂ ਛੇਤੀ ਹੀ ਪਰਿਵਾਰ ਨੂੰ ਬਾਕੀ ਦੇ 94 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਪ੍ਰਦਾਨ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਭਰਾ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ ਤਾਂ ਕਿ ਭਵਿੱਖ ਵਿੱਚ ਵੀ ਇਹ ਪਰਿਵਾਰ ਵਿੱਤੀ ਤੌਰ ਉੱਤੇ ਸੁਰੱਖਿਅਤ ਰਹੇ। ਉਨ੍ਹਾਂ ਕਿਹਾ ਕਿ 28 ਸਾਲਾਂ ਦੇ ਸ਼ਹੀਦ ਹਰਮਿੰਦਰ ਸਿੰਘ ਦੀ ਸ਼ਹਾਦਤ ਨਾਲ ਨਾ ਕੇਵਲ ਮਾਪਿਆਂ ਤੇ ਪਿੰਡ ਵਾਸੀਆਂ ਸਗੋਂ ਸਾਰੇ ਪੰਜਾਬੀਆਂ ਤੇ ਦੇਸ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
ਇਹ ਵੀ ਪੜ੍ਹੋ: ਇਹ ਪ੍ਰੋਜੈਕਟ ਹਰਿਆਣਾ ਦੇ ਇਸ ਸ਼ਹਿਰ ਦੀ ਬਦਲ ਦੇਵੇਗਾ ਕਿਸਮਤ, ਪੰਜਾਬ ਸਮੇਤ ਇਹ ਸੂਬੇ ਦੀ ਪਰੇਸ਼ਾਨੀ ਹੋ ਜਾਵੇਗੀ ਖਤਮ
ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਜਿਹੜਾ ਇਨਸਾਨ ਦੇਸ਼ ਲਈ ਕੁਰਬਾਨੀ ਦਿੰਦਾ ਹੈ ਉਸ ਨੂੰ ਦੁਨੀਆਂ ਹਮੇਸ਼ਾ ਯਾਦ ਰੱਖਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸ਼ਹੀਦ ਦੇ ਪਿਤਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਵੱਲੋਂ ਭਰੋਸਾ ਦਿਵਾਇਆ ਕਿ ਸਰਕਾਰ ਹਰ ਸੁੱਖ-ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਡਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮਾਪਿਆਂ ਦੇ ਬੱਚੇ ਦੇਸ਼ ਦੀ ਆਨ ਤੇ ਸਾਨ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਦਿੰਦੇ ਹਨ, ਉਨ੍ਹਾਂ ਤੋਂ ਅਮੀਰ ਕੋਈ ਵੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਹਰਮਿੰਦਰ ਸਿੰਘ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਪਿੰਡ ਵਿੱਚ ਵਿਸ਼ੇਸ਼ ਯਾਦਗਾਰ ਬਣਾਈ ਜਾਵੇਗੀ। Tribute To Martyr
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਚੇਅਰਮੈਨ ਅਜੇ ਸਿੰਘ ਲਿਬੜਾ, ਡੀਸੀ ਡਾ. ਸੋਨਾ ਥਿੰਦ ਸਮੇਤ ਵੱਡੀ ਗਿਣਤੀ ਸਖਸੀਅਤਾਂ ਵੱਲੋਂ ਵੀ ਸ਼ਰਧਾਂਜਲੀਆਂ
ਇਸ ਮੌਕੇ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪਰਿਵਾਰ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸ਼ਹੀਦ ਹਰਮਿੰਦਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਤੇ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦਾ ਵਿਸਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਫੌਜੀ ਜਵਾਨ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤਾਂ ਵਿੱਚ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ ਜਿਨ੍ਹਾਂ ਸਦਕਾ ਹੀ ਅਸੀਂ ਸਾਰੇ ਆਰਾਮ ਦੀ ਨੀਂਦ ਸੌਂਦੇ ਹਾਂ। ਇਸ ਮੌਕੇ ਡਿਪਟੀ ਕਮਿਸਨਰ ਡਾ. ਸੋਨਾ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਸੁਭਮ ਅਗਰਵਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅਜੇ ਸਿੰਘ ਲਿਬੜਾ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਬਲਜਿੰਦਰ ਸਿੰਘ ਵਿਰਕ, ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਹਰਪ੍ਰੀਤ ਸਿੰਘ ਪ੍ਰਿੰਸ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਪ੍ਰਸਾਸਨਿਕ, ਪੁਲਿਸ ਤੇ ਫੌਜ ਦੇ ਅਧਿਕਾਰੀਆਂ, ਪਿੰਡਾਂ ਤੇ ਸਹਿਰਾਂ ਦੇ ਪਤਵੰਤਿਆਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।