
Faridkot Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆਂ ਥਾਣਾ ਸਿਟੀ ਕੋਟਕਪੂਰਾ ਵੱਲੋਂ ਲੁੱਟ-ਖੋਹ ਕਰਨ ਫਿਰਾਕ ਵਿੱਚ ਬੈਠੇ ਗਿਰੋਹ ਦੇ 04 ਵਿਅਕਤੀਆਂ ਨੂੰ ਵਾਰਦਾਤ ਕਰਨ ਤੋਂ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਜਤਿੰਦਰ ਸਿੰਘ ਡੀ.ਐਸ.ਪੀ(ਸ.ਡ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।
ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਧਰਮਿੰਦਰ ਸਿੰਘ (ਵਾਸੀ ਦੁਆਰੇਆਣਾ ਰੋਡ ਨੇੜੇ ਬਾਬਾ ਹੁਕਮੀ ਦਾਸ), ਅਮਨਦੀਪ ਸਿੰਘ ਊਰਫ ਦੀਪੂ (ਵਾਸੀ ਚੋਪੜਿਆ ਵਾਲਾ ਬਾਗ), ਬਲਵਿੰਦਰ ਸਿੰਘ ਉਰਫ ਕਾਕਾ (ਵਾਸੀ ਬੀੜ ਰੋਡ) ਅਤੇ ਹਰਸ਼ ਕੁਮਾਰ ਉਰਫ ਕਾਕੂ (ਵਾਸੀ ਦੁਆਰੇਆਣਾ ਰੋਡ) ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਕੋਟਕਪੂਰਾ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋਂ 01 ਲੋਹੇ ਦੀ ਸੱਬਲ, 01 ਗੰਡਾਸੀ ਅਤੇ 02 ਕ੍ਰਿਪਾਨਾਂ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Theft Gang Arrested: ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰ ਚੋਰੀ ਦੇ ਸਮਾਨ ਸਮੇਤ ਕਾਬੂ
ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਉਹਨਾ ਦੱਸਿਆ ਕਿ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਭਰੋਸੇਯੋਗ ਗੁਪਤ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਲੁੱਟਾ-ਖੋਹਾਂ ਅਤੇ ਜੁਰਮ ਕਰਨ ਦੇ ਆਦਿ ਹਨ ਜਿਨ੍ਹਾਂ ਨੂੰ ਫਰੀਦਕੋਟ ਰੋਡ ਕੋਟਕਪੂਰਾ ਫਲਾਈਓਵਰ ਨੇੜੇ ਮਹਿੰਗਾ ਸਿੰਘ ਦੀ ਵਰਕਸਾਪ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਇਹਨਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਇਹਨਾਂ ਮੁਲਜ਼ਮਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿੱਚ ਸ਼ਾਮਿਲ ਮੁਲਜ਼ਮਾਂ ਖਿਲਾਫ ਨਸ਼ੇ ਦੀ ਤਸਕਰੀ, ਚੋਰੀ ਦੀਆਂ ਵਾਰਦਾਤਾਂ, ਸੰਗਠਿਤ ਅਪਰਾਧ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 17 ਮਾਮਲੇ ਦਰਜ ਰਜਿਸਟਰ ਹਨ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਕੱਦਮਾ ਨੰਬਰ 188 ਅ/ਧ 310(4), 310(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। Faridkot Crime News