Patiala News: ਛੋਟੀ ਬਾਰਾਂਦਰੀ ਦੇ ਬੇਅੰਤ ਕੰਪਲੈਕਸ ਦਾ ਸਫਾਈ ਪੱਖੋਂ ਬੁਰਾ ਹਾਲ, ਥਾਂ-ਥਾਂ ਲੱਗੇ ਕੂੜੇ ਦੇ ਢੇਰ

Patiala News
ਪਟਿਆਲਾ: ਛੋਟੀ ਬਾਰਾਂਦਰੀ ਦੇ ਬੇਅੰਤ ਕੰਪਲੈਕਸ ਦੇ ਆਲੇ ਦੁਆਲੇ ਲੱਗੇ ਕੂੜੇ ਦੇ ਢੇਰਾਂ ਦਾ ਦ੍ਰਿਸ਼ ਤੇ ਖੜ੍ਹੇ ਗੰਦੇ ਪਾਣੀ ਦਾ ਦ੍ਰਿਸ਼।

ਕੂੜਾ ਨਾ ਚੁੱਕਣ ਕਾਰਨ ਕਈ-ਕਈ ਮਹੀਨੇ ਲੱਗੇ ਰਹਿੰਦੇ ਨੇ ਕੂੜੇ ਢੇਰ, ਕੰਪਲੈਕਸ ਦਾ ਅਕਸ ਕਰ ਰਹੇ ਨੇ ਖਰਾਬ

Patiala News: (ਨਰਿੰਦਰ ਸਿੰਘ ਬਠੋਈ) ਪਟਿਆਲਾ। ਸ਼ਹਿਰ ਦੀ ਮਸ਼ਹੂਰ ਛੋਟੀ ਬਾਰਾਂਦਰੀ ਦਾ ਸਫਾਈ ਪੱਖੋਂ ਬੁਰਾ ਹਾਲ ਹੈ। ਛੋਟੀ ਬਾਰਾਂਦਰੀ ’ਚ ਸਫਾਈ ਨਾਂਅ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਛੋਟੀ ਬਾਰਾਂਦਰੀ ਦੇ ਬੇਅੰਤ ਕੰਪਲੈਕਸ ’ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਆਲਮ ਇਹ ਹੈ ਕਿ ਇਨ੍ਹਾਂ ਢੇਰਾਂ ਵੱਲ ਕਿਸੇ ਦੀ ਨਿਗ੍ਹਾਂ ਨਹੀਂ ਜਾਂਦੀ ਅਤੇ ਕਈ-ਕਈ ਮਹੀਨੇ ਇਸੇ ਤਰ੍ਹਾਂ ਹੀ ਬੇਅੰਤ ਕੰਪਲੈਕਸ ਦਾ ਅਕਸ ਖਰਾਬ ਕਰਦੇ ਰਹਿੰਦੇ ਹਨ।

ਦੱਸਣਯੋਗ ਹੈ ਕਿ ਛੋਟੀ ਬਾਰਾਂਦਰੀ ’ਚ ਬਣੀ ਤਿੰਨ ਮੰਜਿਲਾਂ ਇਮਾਰਤ ਬੇਅੰਤ ਕੰਪਲੈਕਸ ਦਾ ਨੀਂਹ ਪੱਥਰ ਉਸ ਸਮੇਂ ਦੇ ਫੂਡ ਸਪਲਾਈ ਮੰਤਰੀ ਲਾਲ ਸਿੰਘ ਨੇ 23 ਫਰਵਰੀ 1995 ਨੂੰ ਰੱਖਿਆ ਸੀ। ਇਸ ਕੰਪਲੈਕਸ ’ਚ ਵੱਖ-ਵੱਖ ਮਾਲਕਾਂ ਨੇ ਕਈ-ਕਈ ਦੁਕਾਨਾਂ ਖਰੀਦ ਲਈਆਂ ਅਤੇ ਉਨ੍ਹਾਂ ਨੂੰ ਅੱਗੇ ਕਿਰਾਏ ਆਦਿ ’ਤੇ ਚਾੜ੍ਹ ਦਿੱਤਾ। ਪਰ ਸਮੇਂ ਦੇ ਨਾਲ-ਨਾਲ ਇਸ ਬਿਲਡਿੰਗ ਦੀ ਹਾਲਤ ਖਸਤਾ ਹੋਣ ਲੱਗੀ ਹੈ। ਇਸ ਬਿਲਡਿੰਗ ’ਚ ਸਫਾਈ ਨਾਂਅ ਦੀ ਕੋਈ ਵੀ ਚੀਜ਼ ਨਜ਼ਰ ਨਹੀਂ ਆਉਦੀ।

ਇਹ ਵੀ ਪੜ੍ਹੋ: Weather Alert Punjab: ਆਉਣ ਵਾਲੇ ਦਿਨਾਂ ਤੱਕ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ, ਜਾਰੀ ਹੋਈ ਚੇਤਾਵਨੀ

ਪੂਰੀ ਬਿਲਡਿੰਗ ’ਚ ਹਰ ਸਮੇਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਜਿੰਨ੍ਹਾਂ ਵੱਲ ਨਗਰ ਨਿਗਮ ਦਾ ਕੋਈ ਵੀ ਧਿਆਨ ਨਹੀਂ। ਬਿਲਡਿੰਗ ’ਚ ਕੋਈ ਵੀ ਪੱਕਾ ਸਫਾਈ ਕਰਮਚਾਰੀ ਨਾ ਹੋਣ ਕਾਰਨ ਪੂਰੀ ਬਿਲਡਿੰਗ ’ਚ ਗੰਦਗੀ ਫੈਲੀ ਰਹਿੰਦੀ ਹੈ। ਬਿਲਡਿੰਗ ਦੀਆਂ ਪੋੜੀਆਂ ਚੜਦਿਆਂ ਹੀ ਕੂੜੇ ਦੇ ਢੇਰ ਮਿਲਣੇ ਸ਼ੁਰੂ ਹੋ ਜਾਂਦੇ ਹਨ, ਜੋ ਕਿ ਬਿਲਡਿੰਗ ’ਚ ਬਣੇ ਦਫਤਰਾਂ ਵਾਲਿਆਂ ਵੱਲੋਂ ਹੀ ਲਗਾਏ ਜਾਂਦੇ ਹਨ। ਉਹ ਆਪਣੇ ਦਫਤਰਾਂ ਦੇ ਇੱਕਠੇ ਹੋਏ ਕੂੜੇ ਨੂੰ ਕੂੜਾਦਾਨ ’ਚ ਪਾਉਣ ਦੀ ਬਿਜਾਏ ਪੋੜੀਆਂ ਦੇ ਵਿਚਕਾਰ ਹੀ ਰੱਖ ਕੇ ਚਲੇ ਜਾਂਦੇ ਹਨ। ਜਿਸ ਕਾਰਨ ਹੋਲੀ-ਹੋਲੀ ਇਹ ਵੱਡੇ ਕੂੜੇ ਦੇ ਢੇਰ ਦਾ ਰੂਪ ਧਾਰਨ ਕਰ ਲੈਦੇ ਹਨ।

ਬਿਲਡਿੰਗ ’ਚ ਦਾਖਲ ਹੁੰਦਿਆ ਹੀ ਮੱਥੇ ਲੱਗਦੇ ਨੇ ਕੂੜੇ ਦੇ ਢੇਰ, ਪੂਰਾ ਦਿਨ ਹੁੰਦਾ ਹੈ ਖਰਾਬ-ਦੁਕਾਨਦਾਰ

ਇਸ ਸਬੰਧੀ ਗੱਲ ਕਰਦਿਆਂ ਇੱਥੋਂ ਦੇ ਕੁੱਝ ਦੁਕਾਨਦਾਰਾਂ ਸੰਜੇ ਕੁਮਾਰ, ਰਾਹੁਲ ਕੁਮਾਰ, ਆਸੂ ਵਰਮਾ, ਨੀਰਜ਼ ਕੁਮਾਰ, ਨਰੈਣ ਸਿੰਘ, ਰਣਜੀਤ ਸਿੰਘ ਆਦਿ ਨੇ ਕਿਹਾ ਕਿ ਜਦੋਂ ਉਹ ਆਪਣੇ ਦਫਤਰ ਆਉਣ ਲਈ ਬਿਲਡਿੰਗ ’ਚ ਦਾਖਲ ਹੁੰਦੇ ਹਨ ਤਾਂ ਸਭ ਤੋਂ ਸਾਡੇ ਮੱਥੇ ਇਹ ਕੂੜੇ ਦੇ ਢੇਰ ਲੱਗਦੇ ਹਨ। ਜਿਸ ਕਾਰਨ ਪੂਰਾ ਦਿਨ ਹੀ ਖਰਾਬ ਹੋ ਜਾਂਦਾ ਹੈ।

ਉਨ੍ਹਾਂ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਤੋਂ ਮੰਗ ਕੀਤੀ ਕਿ ਇੱਥੇ ਦੋ ਪੱਕੇ ਸਫਾਈ ਕਰਮਚਾਰੀ ਪਹਿਲਾ ਦੀ ਤਰ੍ਹਾਂ ਲਗਾਏ ਜਾਣ ਤਾਂ ਜੋ ਇਸ ਬਿਲਡਿੰਗ ਦੀ ਰੋਜ਼ਾਨਾ ਸਫਾਈ ਹੁੰਦੀ ਰਹੇ। ਇਸ ਤੋਂ ਇਲਾਵਾ ਐਫ ਟੂ ਜੀ ਹੋਟਲ ਨੇੜੇ ਖੜਦਾ ਸਿਵਰੇਜ ਦਾ ਪਾਣੀ ਵੀ ਆਉਣ ਜਾਣ ਵਾਲੇ ਲੋਕਾਂ ਲਈ ਮੁਸ਼ਕਿਲਾਂ ਦਾ ਕਾਰਨ ਬਣਿਆ ਹੋਇਆ ਹੈ। ਇਥੇ ਕਈ-ਕਈ ਦਿਨ ਪਾਣੀ ਖੜਾ ਰਹਿੰਦਾ ਹੈ। ਜਿਸ ਕਾਰਨ ਡੇਂਗੂ ਦਾ ਲਾਰਵਾ ਪੈਦਾ ਹੋਣ ਦਾ ਡਰ ਬਣਿਆ ਹੋਇਆ ਹੈ ਅਤੇ ਕੋਈ ਵੀ ਬਿਮਾਰੀ ਇਸ ਗੰਦੇ ਪਾਣੀ ਕਾਰਨ ਫੈਲ ਸਕਦੀ ਹੈ। ਇਸ ਦਾ ਵੀ ਪੱਕਾ ਹੱਲ ਕੀਤਾ ਜਾਵੇ।

Patiala News
ਪਟਿਆਲਾ: ਛੋਟੀ ਬਾਰਾਂਦਰੀ ਦੇ ਬੇਅੰਤ ਕੰਪਲੈਕਸ ਦੇ ਆਲੇ ਦੁਆਲੇ ਲੱਗੇ ਕੂੜੇ ਦੇ ਢੇਰਾਂ ਦਾ ਦ੍ਰਿਸ਼ ਤੇ ਖੜ੍ਹੇ ਗੰਦੇ ਪਾਣੀ ਦਾ ਦ੍ਰਿਸ਼।

Patiala News

ਬਿਲਡਿੰਗ ਦੇ ਆਲੇ ਦੁਆਲੇ ਵੀ ਲੱਗੇ ਹੋਏ ਕੂੜੇ ਦੇ ਢੇਰ

ਬਿਲਡਿੰਗ ਦੀ ਅੰਦਰੋ ਦੀ ਸਫਾਈ ਤਾਂ ਛੱਡੋ ਬਿਲਡਿੰਗ ਦੇ ਬਾਹਰਲੇ ਹਿੱਸੇ ਦੀ ਸਫਾਈ ਵੱਲ ਵੀ ਨਿਗਮ ਕਰਮਚਾਰੀਆਂ ਦਾ ਕੋਈ ਵੀ ਧਿਆਨ ਨਹੀਂ ਹੈ। ਬਿਲਡਿੰਗ ਦੇ ਆਲੇ ਦੁਆਲੇ ਕੰਧਾਂ ਦੇ ਨੇੜੇ ਲੋਕਾਂ ਵੱਲੋਂ ਵੱਡੇ-ਵੱਡੇ ਕੂੜੇ ਦੇ ਢੇਰ ਲਗਾਏ ਹੋਏ ਹਨ। ਇਨ੍ਹਾਂ ਕੋਲੋ ਦੀ ਰੋਜ਼ਾਨਾ ਨਿਗਮ ਦੇ ਕਰਮਚਾਰੀ ਕੂੜੇ ਦੀਆਂ ਗੱਡੀਆਂ ਲੈ ਕੇ ਲੱਗਦੇ ਹਨ। ਪਰ ਫਿਰ ਵੀ ਇਨ੍ਹਾਂ ਲੱਗੇ ਕੂੜੇ ਢੇਰਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਜਿਸ ਕਾਰਨ ਪੂਰੀ ਬਿਲਡਿੰਗ ਦੀ ਦਿੱਖ ਖਰਾਬ ਹੋ ਰਹੀ ਹੈ। Patiala News

ਖੜੇ ਗੰਦੇ ਪਾਣੀ ’ਤੇ ਲਾਰਵੀਸਾਈਡ ਦਾ ਕਰਵਾਇਆ ਜਾਵੇਗਾ ਛਿੜਕਾਅ : ਸਿਵਲ ਸਰਜਨ

ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਭੇਜ ਕੇ ਇਸ ਥਾਂ ’ਤੇ ਖੜੇ ਗੰਦੇ ਪਾਣੀ ’ਤੇ ਲਾਰਵੀਸਾਈਡ ਦਾ ਛਿੜਕਾਅ ਕਰਵਾਉਣਗੇ ਤਾਂ ਜੋ ਇੱਥੋਂ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਜਲਦ ਮਿਲੇਗੀ ਬੇਅੰਤ ਕੰਪਲੈਕਸ ਨੂੰ ਕੂੜੇ ਦੇ ਢੇਰਾਂ ਤੋਂ ਨਿਯਾਤ-ਨਿਗਮ ਕਮਿਸ਼ਨਰ

ਇਸ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਥਾਂ ਤੋਂ ਕੂੜੇ ਢੇਰਾਂ ਦੀ ਸਫਾਈ ਕਰਵਾਈ ਜਾਵੇਗੀ ਅਤੇ ਬੇਅੰਤ ਕੰਪਲੈਕਸ ’ਚ ਜੋ ਵੀ ਹੋਰ ਘਾਟਾਂ ਹਨ। ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਲਡਿੰਗ ਦੇ ਲੋਕਾਂ ਨੂੰ ਵੀ ਨਿਗਮ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕੂੜੇ ਨੂੰ ਸਹੀ ਟਿਕਾਣੇ, ਕੂੜੇਦਾਨ ’ਚ ਹੀ ਕੂੜਾ ਪਾਉਣਾ ਚਾਹੀਦਾ ਹੈ।