Nelson Mandela: 18 ਜੁਲਾਈ ਸਿਰਫ਼ ਇੱਕ ਤਰੀਕ ਨਹੀਂ, ਸਗੋਂ ਇਨਸਾਨੀਅਤ, ਸੰਘਰਸ਼, ਖਿਮਾ ਅਤੇ ਬਦਲਾਅ ਦੀ ਪ੍ਰੇਰਨਾ ਦੀ ਪ੍ਰਤੀਕ ਹੈ। ਇਹ ਦਿਨ ‘ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ’ ਵਜੋਂ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਇਹ ਮਹਾਨ ਨੇਤਾ ਸਾਨੂੰ ਇਹ ਸਿਖਾਉਂਦੇ ਹਨ ਕਿ ਇਤਿਹਾਸ ਵਿੱਚ ਸਥਾਈ ਬਦਲਾਅ ਲਿਆਉਣ ਲਈ ਸਿਰਫ਼ ਵਿਚਾਰ ਨਹੀਂ, ਕਰਮ ਲਾਜ਼ਮੀ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਸਮਾਜ ਵਿੱਚ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ। ਨੈਲਸਨ ਮੰਡੇਲਾ ਦਾ ਜਨਮ 18 ਜੁਲਾਈ 1918 ਨੂੰ ਦੱਖਣੀ ਅਫਰੀਕਾ ਦੇ ਮਵੇਜੋ ਪਿੰਡ ’ਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂਅ ‘ਰੋਹਿਲਾਹਲਾ ਮੰਡੇਲਾ’ ਸੀ, ਜਿਸ ਦਾ ਅਰਥ ਹੈ ‘ਸ਼ਰਾਰਤੀ’। Nelson Mandela
ਇਹ ਖਬਰ ਵੀ ਪੜ੍ਹੋ : Iraq Shopping Mall Fire: ਸ਼ਾਪਿੰਗ ਮਾਲ ’ਚ ਭਿਆਨਕ ਅੱਗ, 50 ਲੋਕ ਸੜੇ, ਕਈ ਜ਼ਖਮੀ
ਬਾਅਦ ਵਿੱਚ ਇੱਕ ਅੰਗਰੇਜ਼ੀ ਅਧਿਆਪਕ ਨੇ ਉਨ੍ਹਾਂ ਨੂੰ ‘ਨੈਲਸਨ’ ਨਾਂਅ ਦਿੱਤਾ। ਉਹ ਥੇਂਬੂ ਘਰਾਣੇ ਦੀ ਮਦੀਵਾ ਸ਼ਾਖਾ ਨਾਲ ਸਬੰਧਤ ਸਨ। ਉਨ੍ਹਾਂ ਦਾ ਬਚਪਨ ਇੱਕ ਆਮ ਅਫਰੀਕੀ ਬੱਚੇ ਵਾਂਗ ਹੀ ਸੀ, ਪਰ ਉਨ੍ਹਾਂ ਦੇ ਅੰਦਰ ਅਨਿਆਂ ਦੇ ਵਿਰੁੱਧ ਡੂੰਘੀ ਸੰਵੇਦਨਾ ਅਤੇ ਅਗਵਾਈ ਦੀ ਵਿਲੱਖਣ ਸਮਰੱਥਾ ਸੀ, ਜਿਸ ਨੇ ਉਨ੍ਹਾਂ ਨੂੰ ਇਤਿਹਾਸ ਦਾ ਨਾਇਕ ਬਣਾ ਦਿੱਤਾ। ਮੰਡੇਲਾ ਨੇ ਆਪਣੀ ਸਿੱਖਿਆ ਕਲਾਰਕਬਰੀ ਮਿਸ਼ਨਰੀ ਸਕੂਲ ਤੋਂ ਸ਼ੁਰੂ ਕੀਤੀ ਅਤੇ ਫੋਰਟ ਹੇਅਰ ਯੂਨੀਵਰਸਿਟੀ ਅਤੇ ਵਿਟਵਾਟਰਸਰੈਂਡ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਨਸਲੀ ਭੇਦਭਾਵ ਅਤੇ ਸਮਾਜਿਕ ਨਾਬਰਾਬਰੀ ਵਿਰੁੱਧ ਅਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ।
ਦੱਖਣੀ ਅਫਰੀਕਾ ਵਿੱਚ ਉਸ ਸਮੇਂ ‘ਅਪਰਥਾਈਡ’ ਦੀ ਨੀਤੀ ਚੱਲ ਰਹੀ ਸੀ, ਜਿਸ ਤਹਿਤ ਗੋਰੇ ਘੱਟ-ਗਿਣਤੀਆਂ ਨੇ ਕਾਲੇ ਲੋਕਾਂ ਦੇ ਮੂਲ ਅਧਿਕਾਰ ਖੋਹ ਰੱਖੇ ਸਨ, ਨਾ ਉਨ੍ਹਾਂ ਨੂੰ ਵੋਟ ਦੇਣ ਦਾ ਹੱਕ ਸੀ, ਨਾ ਜਾਇਦਾਦ ਰੱਖਣ ਦਾ, ਨਾ ਸਿੱਖਿਆ ਦਾ ਅਤੇ ਨਾ ਹੀ ਬਰਾਬਰ ਇਲਾਜ ਸਹੂਲਤਾਂ ਦਾ। ਮੰਡੇਲਾ ਨੇ ਇਸ ਅਨਿਆਂ ਦੇ ਖਿਲਾਫ ਸੰਘਰਸ਼ ਦਾ ਝੰਡਾ ਚੁੱਕਿਆ। 1944 ਵਿੱਚ ਉਹ ਅਫਰੀਕਨ ਨੈਸ਼ਨਲ ਕਾਂਗਰਸ ਨਾਲ ਜੁੜ ਗਏ ਅਤੇ ਇਸ ਦੇ ਯੁਵਾ ਸੰਗਠਨ ਦੀ ਸਥਾਪਨਾ ਕੀਤੀ। ਪਹਿਲਾਂ ਉਹ ਅਹਿੰਸਾਵਾਦੀ ਅੰਦੋਲਨਾਂ ਨਾਲ ਸਰਕਾਰ ’ਤੇ ਦਬਾਅ ਬਣਾਉਂਦੇ ਰਹੇ, ਪਰ ਜਦੋਂ ਉਨ੍ਹਾਂ ਦੇ ਪ੍ਰਦਰਸ਼ਨਾਂ ਨੂੰ ਬੇਰਹਿਮੀ ਨਾਲ ਕੁਚਲਿਆ ਗਿਆ। Nelson Mandela
ਤਾਂ 1961 ਵਿੱਚ ਉਨ੍ਹਾਂ ਨੇ ‘ਉਮਖੋਂਤੋ ਵੇ ਸਿਜਵੇ’ ਨਾਂਅ ਦੇ ਹਥਿਆਰਬੰਦ ਸੰਗਠਨ ਦਾ ਗਠਨ ਕੀਤਾ ਇਹ ਕ੍ਰਾਂਤੀ ਦਾ ਰਸਤਾ ਸੀ, ਜਿਸ ਨੂੰ ਉਨ੍ਹਾਂ ਨੇ ਮਜ਼ਬੂਰੀ ਵਿਚ ਚੁਣਿਆ 1962 ’ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ’ਤੇ ਦੇਸ਼ਦ੍ਰੋਹ, ਹਿੰਸਾ ਭੜਕਾਉਣ ਅਤੇ ਵਿਦੇਸ਼ੀ ਮੱਦਦ ਲੈਣ ਦੇ ਦੋਸ਼ ਲਾਏ ਗਏ। ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 27 ਸਾਲ ਤੱਕ ਉਹ ਜੇਲ੍ਹ ਵਿੱਚ ਬੰਦ ਰਹੇ, ਜਿਸ ’ਚੋਂ ਜ਼ਿਆਦਾਤਰ ਸਮਾਂ ਉਨ੍ਹਾਂ ਨੇ ਖ਼ਤਰਨਾਕ ਰੋਬੇਨ ਦੀਪ ’ਤੇ ਬਿਤਾਇਆ ਪਰ ਉਨ੍ਹਾਂ ਦੀ ਆਤਮਾ ਕਦੇ ਕੈਦ ਨਹੀਂ ਹੋਈ। ਜੇਲ੍ਹ ਵਿੱਚ ਵੀ ਉਨ੍ਹਾਂ ਨੇ ਪੜ੍ਹਾਈ ਜਾਰੀ ਰੱਖੀ, ਹੋਰ ਕੈਦੀਆਂ ਨੂੰ ਪੜ੍ਹਾਇਆ ਅਤੇ ਸੰਘਰਸ਼ ਦਾ ਰਾਹ ਨਾ ਛੱਡਿਆ। Nelson Mandela
ਜੇਲ੍ਹ ਤੋਂ ਬਾਹਰ ਉਨ੍ਹਾਂ ਦੀ ਰਿਹਾਈ ਦੀ ਮੰਗ ਦੱਖਣੀ ਅਫਰੀਕਾ ਤੋਂ ਲੈ ਕੇ ਸੰਯੁਕਤ ਰਾਸ਼ਟਰ ਤੱਕ ਉੱਠੀ। ਆਖ਼ਰ 11 ਫ਼ਰਵਰੀ 1990 ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਹ ਉਹ ਪਲ ਸੀ ਜੋ ਇਤਿਹਾਸ ਬਣਿਆ, ਜਦੋਂ ‘ਅੱਤਵਾਦੀ’ ਕਹੇ ਜਾਣ ਵਾਲੇ ਮੰਡੇਲਾ, ਹੁਣ ਆਜ਼ਾਦੀ, ਨਿਆਂ ਅਤੇ ਮਾਨਵਤਾ ਦਾ ਚਿਹਰਾ ਬਣ ਚੁੱਕੇ ਸਨ। ਰਿਹਾਈ ਤੋਂ ਬਾਅਦ ਉਨ੍ਹਾਂ ਨੇ ਨਫ਼ਰਤ ਦੀ ਜਗ੍ਹਾ ਮਾਫੀ ਨੂੰ ਚੁਣਿਆ। ਉਨ੍ਹਾਂ ਨੇ ਐਨਐਸਸੀ ਨੂੰ ਦੁਬਾਰਾ ਗਠਿਤ ਕੀਤਾ ਅਤੇ ‘ਸੱਚ ਤੇ ਮੇਲ-ਮਿਲਾਪ ਕਮਿਸ਼ਨ’ ਦੀ ਸਥਾਪਨਾ ਕੀਤੀ, ਜਿੱਥੇ ਪੀੜਤਾਂ ਤੇ ਅਪਰਾਧੀਆਂ ਨੂੰ ਇਕੱਠੇ ਲਿਆਂਦਾ ਗਿਆ ਤਾਂ ਜੋ ਗੱਲਬਾਤ ਦੁਆਰਾ ਨਵਾਂ ਰਾਹ ਖੋਲ੍ਹਿਆ ਜਾ ਸਕੇ।
1994 ਵਿੱਚ ਦੱਖਣੀ ਅਫਰੀਕਾ ਵਿੱਚ ਪਹਿਲੀ ਵਾਰ ਸਾਰੀਆਂ ਜਾਤੀਆਂ ਲਈ ਨਿਰਪੱਖ ਚੋਣਾਂ ਹੋਈਆਂ, ਜਿੱਥੇ ਹਰ ਨਾਗਰਿਕ ਨੂੰ ਵੋਟ ਦਾ ਅਧਿਕਾਰ ਮਿਲਿਆ। ਨਤੀਜੇ ਵਜੋਂ, ਨੈਲਸਨ ਮੰਡੇਲਾ ਦੇਸ਼ ਦੇ ਪਹਿਲੇ ਗੈਰ-ਗੋਰੇ ਰਾਸ਼ਟਰਪਤੀ ਬਣੇ। ਇਹ ਸਿਰਫ਼ ਸਿਆਸੀ ਜਿੱਤ ਨਹੀਂ ਸੀ, ਸਗੋਂ ਸਦੀਆਂ ਦੇ ਸੰਘਰਸ਼ ਦਾ ਨਤੀਜਾ ਸੀ। ਉਨ੍ਹਾਂ ਦੀ ਰਾਜਨੀਤਿਕ ਸੋਚ ‘ਉਬੁੰਟੂ’ ਫ਼ਲਸਫੇ ’ਤੇ ਆਧਾਰਿਤ ਸੀ, ਜੋ ਅਫਰੀਕੀ ਸੰਸਕ੍ਰਿਤੀ ਵਿੱਚ ਆਪਸੀ ਸਾਂਝ, ਸਹਿ-ਹੋਂਦ ਅਤੇ ਮਨੁੱਖਤਾ ਨੂੰ ਸਰਵਉੱਚ ਮੰਨਦਾ ਹੈ। ਉਨ੍ਹਾਂ ਨੇ ਸਾਬਤ ਕੀਤਾ ਕਿ ਬਦਲੇ ਦੀ ਭਾਵਨਾ ਨਾਲ ਨਹੀਂ, ਸਗੋਂ ਮਾਫੀ ਅਤੇ ਗੱਲਬਾਤ ਨਾਲ ਹੀ ਸਥਾਈ ਸ਼ਾਂਤੀ ਸੰਭਵ ਹੈ।ਉਨ੍ਹਾਂ ਦੇ ਯੋਗਦਾਨ ਨੂੰ ਦੁਨੀਆ ਭਰ ’ਚ ਸਲਾਹਿਆ ਗਿਆ।
1993 ਵਿੱਚ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ। 1990 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਭਾਰਤ ਰਤਨ’ ਨਾਲ ਨਿਵਾਜ਼ਿਆ, ਇਹ ਸਨਮਾਨ ਪਾਉਣ ਵਾਲੇ ਉਹ ਪਹਿਲੇ ਵਿਦੇਸ਼ੀ ਬਣੇ। 18 ਜੁਲਾਈ 2009 ਨੂੰ ਸੰਯੁਕਤ ਰਾਸ਼ਟਰ ਨੇ ‘ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ’ ਦਾ ਐਲਾਨ ਕੀਤਾ। ਇਸ ਦਿਨ ਹਰ ਵਿਅਕਤੀ ਨੂੰ ਮੰਡੇਲਾ ਦੇ ਜਨ ਜੀਵਨ ਦੇ 67 ਸਾਲਾਂ ਦੀ ਯਾਦ ਵਿੱਚ ਘੱਟੋ-ਘੱਟ 67 ਮਿੰਟ ਸਮਾਜ ਸੇਵਾ ਲਈ ਸਮਰਪਿਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਨੈਲਸਨ ਮੰਡੇਲਾ ਦੇ ਵਿਚਾਰ ਅਤੇ ਕਰਮ ਸਿਰਫ਼ ਦੱਖਣੀ ਅਫਰੀਕਾ ਤੱਕ ਸੀਮਤ ਨਹੀਂ ਰਹੇ। ਉਨ੍ਹਾਂ ਨੇ ਦੁਨੀਆ ਨੂੰ ਸਿਖਾਇਆ ਕਿ ਅਸਲ ਅਗਵਾਈ ਦਾ ਮਤਲਬ ਸੱਤਾ ਨਹੀਂ, ਸਗੋਂ ਜ਼ਿੰਮੇਵਾਰੀ ਹੁੰਦੀ ਹੈ। ਉਹ ਰਾਸ਼ਟਰਪਤੀ ਬਣੇ, ਪਰ ਸਿਰਫ਼ ਇੱਕ ਕਾਰਜਕਾਲ ਲਈ। Nelson Mandela
ਜੇ ਉਹ ਚਾਹੁੰਦੇ ਤਾਂ ਜੀਵਨ ਭਰ ਰਾਜ ਕਰ ਸਕਦੇ ਸਨ, ਪਰ ਉਨ੍ਹਾਂ ਨੇ ਸਵੈ-ਇੱਛਾ ਨਾਲ ਅਹੁਦਾ ਤਿਆਗ ਦਿੱਤਾ। 5 ਦਸੰਬਰ 2013 ਨੂੰ ਉਨ੍ਹਾਂ ਦਾ 95 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਪੂਰੀ ਦੁਨੀਆਂ ਵਿੱਚ ਸੋਗ ਦੀ ਲਹਿਰ ਛਾ ਗਈ। ਲੱਖਾਂ ਲੋਕ ਉਨ੍ਹਾਂ ਨੂੰ ਆਖਰੀ ਵਿਦਾਈ ਦੇਣ ਲਈ ਸੜਕਾਂ ’ਤੇ ਆ ਗਏ। ਕਿਸੇ ਨੇ ਉਨ੍ਹਾਂ ਨੂੰ ‘ਦੱਖਣੀ ਅਫਰੀਕਾ ਦਾ ਗਾਂਧੀ’ ਕਿਹਾ, ਤਾਂ ਕਿਸੇ ਨੇ ‘ਮਨੁੱਖਤਾ ਦਾ ਚਾਨਣ-ਮੁਨਾਰਾ’। ਅੱਜ ਉਨ੍ਹਾਂ ਦੇ ਨਾਂਅ ’ਤੇ ਯੂਨੀਵਰਸਿਟੀਆਂ, ਸੜਕਾਂ, ਹਸਪਤਾਲ ਅਤੇ ਪੁਰਸਕਾਰ ਹਨ।
ਜੋ ਉਨ੍ਹਾਂ ਦੀ ਵਿਰਾਸਤ ਨੂੰ ਜਿੰਦਾ ਰੱਖਦੇ ਹਨ।ਮੰਡੇਲਾ ਦਾ ਜੀਵਨ ਅੱਜ ਵੀ ਪ੍ਰੇਰਣਾ ਦਾ ਸਰੋਤ ਹੈ, ਖਾਸ ਕਰਕੇ ਉਸ ਦੌਰ ਵਿੱਚ ਜਦੋਂ ਦੁਨੀਆ ਨਸਲਵਾਦ, ਅਸਹਿਣਸ਼ੀਲਤਾ ਅਤੇ ਜੰਗਾਂ ਨਾਲ ਜੂਝ ਰਹੀ ਹੈ। ਉਨ੍ਹਾਂ ਦਾ ਇਹ ਕਹਿਣਾ ਅੱਜ ਵੀ ਓਨਾ ਹੀ ਸੱਚ ਹੈ:-‘‘ਮੈਂ ਦੇਖਿਆ ਕਿ ਹੌਂਸਲਾ ਡਰ ਦੀ ਗੈਰ-ਹਾਜ਼ਰੀ ਨਹੀਂ, ਸਗੋਂ ਉਸ ’ਤੇ ਕਾਬੂ ਪਾਉਣਾ ਹੈ। ਬਹਾਦਰ ਉਹ ਨਹੀਂ ਜੋ ਡਰਦਾ ਨਹੀਂ, ਸਗੋਂ ਉਹ ਹੈ ਜੋ ਡਰ ਨੂੰ ਹਰਾਉਂਦਾ ਹੈ।’’ Nelson Mandela
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਯੋਗੇਸ਼ ਕੁਮਾਰ ਗੋਇਲ