
ਸ਼ਾਹੀ ਸ਼ਹਿਰ ’ਚ ਅਵਾਰਾ ਪਸ਼ੂਆਂ ਦੀ ਗਿਣਤੀ ’ਚ ਹੋ ਰਿਹੈ ਵਾਧਾ, ਜ਼ਿਲ੍ਹਾ ਪ੍ਰਸ਼ਾਸਨ ਬੇਖਬਰ
ਲੋਕਾਂ ਦਾ ਸੜਕਾਂ ’ਤੇ ਸਫ਼ਰ ਕਰਨਾ ਹੋਇਆ ਮੁਸ਼ਕਿਲ, ਆਏ ਦਿਨ ਵਾਪਰ ਰਹੇ ਨੇ ਹਾਦਸੇ
Patiala Stray Animal Problem: (ਨਰਿੰਦਰ ਸਿੰਘ ਬਠੋਈ) ਪਟਿਆਲਾ। ਸ਼ਹਿਰ ’ਚ ਅਵਾਰਾ ਪਸ਼ੂਆਂ ਦੀ ਗਿਣਤੀ ’ਚ ਹਰ ਰੋਜ਼ ਕਾਫੀ ਜਿਆਦਾ ਵਾਧਾ ਹੋ ਰਿਹਾ ਹੈ ਜੋ ਆਉਂਦੇ-ਜਾਂਦੇ ਰਾਹਗੀਰਾਂ ਲਈ ਮੁਸੀਬਤ ਦਾ ਸਬੱਬ ਬਣ ਰਹੇ ਹਨ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਇਸ ਸਭ ਤੋਂ ਬੇਖਬਰ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ। ਅਵਾਰਾ ਪਸ਼ੂਆਂ ਦੀ ਸ਼ਹਿਰ ਦੀਆਂ ਸੜਕਾਂ ਅਤੇ ਮੁਹੱਲਿਆਂ ’ਚ ਖੌਰੂ ਪਾਉਣ ਦੀਆਂ ਵੀਡੀਓ ਵੀ ਸ਼ੋੋਸਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਇੱਧਰ ਆਮ ਲੋਕਾਂ ’ਚ ਰੋਸ ਹੈ ਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਗਊ ਸੈੱਸ ਦੇ ਰੂਪ ਵਿੱਚ ਇਕੱਠੇ ਕਰਨ ਦੇ ਬਾਵਜੂਦ ਸ਼ਹਿਰ ਦੇ ਚੌਂਕਾਂ ਅਤੇ ਸੜਕਾਂ ’ਤੇ ਅਵਾਰਾ ਪਸ਼ੂਆਂ ਦੇ ਝੁੰਡ ਆਮ ਦੇਖੇ ਜਾ ਸਕਦੇ ਹਨ।
ਜਾਣਕਾਰੀ ਅਨੁਸਾਰ ਸ਼ਹਿਰ ’ਚ ਸਰਹਿੰਦ ਰੋਡ, ਰਾਜਪੁਰਾ ਰੋਡ, ਲੀਲਾ ਭਵਨ, ਸ਼ੇਰਾਂ ਵਾਲਾ ਗੇਟ, ਪੁਰਾਣਾ ਬੱਸ ਸਟੈਂਡ, ਐੱਨਆਈਐੱਸ ਚੌਂਕ, ਛੋਟੀ ਬਾਰਾਂਦਰੀ, ਮਾਲ ਰੋਡ, ਸੰਗਰੂਰ ਰੋਡ, ਸ਼ੀਸ਼ ਮਹਿਲ ਤੋਂ ਇਲਾਵਾ ਪਟਿਆਲਾ ਤੋਂ ਡਕਾਲਾ ਨੂੰ ਜਾਂਦੇ ਰੋਡ ’ਤੇ ਸਥਿਤ ਬੀੜ ਕੋਲ ਝੁੰਡਾਂ ਦੇ ਝੁੰਡ ਅਵਾਰਾ ਪਸ਼ੂ ਸੜਕਾਂ ’ਤੇ ਆਮ ਫਿਰਦੇ ਰਹਿੰਦੇ ਹਨ ਜਿਸ ਕਾਰਨ ਆਉਂਦੇ-ਜਾਂਦੇ ਰਾਹੀਗਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦਿਨੀਂ ਅਵਾਰਾ ਘੁੰਮ ਰਹੇ ਪਸ਼ੂਆਂ ਦਾ ਇੱਕ ਝੁੰਡ ਕਲੋਨੀ ਦੇ ਇੱਕ ਮਕਾਨ ਦੇ ਅੰਦਰ ਵੜ ਗਿਆ ਜਿਸ ਕਾਰਨ ਘਰ ’ਚ ਰਹਿ ਰਹੇ ਲੋਕਾਂ ’ਚ ਚੀਕ ਚਿਹਾੜਾ ਪੈ ਗਿਆ ਤੇ ਘਰ ਦੇ ਲੋਕਾਂ ਨੂੰ ਛੱਤ ’ਤੇ ਚੜ੍ਹ ਕੇ ਆਪਣੀ ਜਾਨ ਬਚਾਉਣੀ ਪਈ।
ਇਸੇ ਤਰ੍ਹਾਂ ਦੀਆਂ ਅਨੇਕਾਂ ਵੀਡੀਓ ਸ਼ੋਸਲ ਮੀਡੀਆ ’ਤੇ ਰੋਜ਼ਾਨਾ ਖੂਬ ਵਾਇਰਲ ਹੋ ਰਹੀਆਂ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਦੀ ਜਾਨ ਹਰ ਸਮੇਂ ਮੁੱਠੀ ਵਿੱਚ ਆਈ ਰਹਿੰਦੀ ਹੈ। ਆਮ ਲੋਕਾਂ ’ਚ ਇਸ ਗੱਲ ਦਾ ਵੀ ਰੋਸ ਹੈ ਕਿ ਕਰੋੜਾਂ ਰੁਪਏ ਗਊ ਸੈੱਸ ਇਕੱਠਾ ਹੋਣ ਦੇ ਬਾਵਜੂਦ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ: Haryana School Holiday: ਹਰਿਆਣਾ ਦੇ ਇਸ ਜ਼ਿਲ੍ਹੇ ’ਚ 14 ਜੁਲਾਈ ਨੂੰ ਰਹੇਗੀ ਛੁੱਟੀ, ਸਰਕਾਰ ਨੇ ਕੀਤਾ ਐਲਾਨ
ਇਸ ਸਬੰਧੀ ਗੱਲ ਕਰਦਿਆਂ ਜਸਵੰਤ ਸਿੰਘ, ਕ੍ਰਿਸ਼ਨ ਸਿੰਘ ਭਗਵੰਤ ਸਿੰਘ, ਗੁਰਪ੍ਰੀਤ ਸਿੰਘ, ਦਰਬਾਰਾ ਸਿੰਘ, ਪਰਗਟ ਸਿੰਘ, ਸਤਨਾਮ ਸਿੰਘ ਆਦਿ ਨੇ ਕਿਹਾ ਕਿ ਉਹ ਰੋਜ਼ਾਨਾ ਆਪਣੇ ਕੰਮ ਲਈ ਜਦੋਂ ਪਿੰਡਾਂ ਤੋਂ ਸ਼ਹਿਰ ਨੂੰ ਆਉਂਦੇ ਹਨ ਤਾਂ ਉਨ੍ਹਾਂ ਨੂੰ ਸ਼ਹਿਰ ’ਚ ਵੜਨ ਤੋਂ ਪਹਿਲਾਂ ਇਨ੍ਹਾਂ ਅਵਾਰਾ ਪਸ਼ੂਆਂ ਨਾਲ ਮੱਥਾ ਲਗਾਉਣਾ ਪੈਂਦਾ ਹੈ ਅਤੇ ਇਨ੍ਹਾਂ ਤੋਂ ਬਚ ਕੇ ਸ਼ਹਿਰ ਅੰਦਰ ਦਾਖਿਲ ਹੁੰਦੇ ਹਨ। ਕਿਉਂਕਿ ਇਹ ਅਵਾਰਾ ਪਸ਼ੂ ਇੱਕ ਦਮ ਵਾਹਨ ਦੇ ਅੱਗੇ ਆ ਜਾਂਦੇ ਹਨ ਅਤੇ ਹਾਦਸੇ ਦਾ ਕਾਰਨ ਬਣਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਇਨ੍ਹਾਂ ਦੇ ਅਸਲ ਟਿਕਾਣਿਆਂ ’ਤੇ ਪਹੁੰਚਾਇਆ ਜਾਵੇ ਅਤੇ ਚੌਂਕਾਂ ਤੇ ਸੜਕਾਂ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਲੋਕ ਸੁਖਾਲਾ ਸਫਰ ਤੈਅ ਕਰ ਸਕਣ ਤੇ ਭੈਅ ਮੁਕਤ ਜ਼ਿੰਦਗੀ ਮਾਣ ਸਕਣ।

ਸਮੱਸਿਆ ਦਾ ਹੱਲ ਹੋਣ ਤੱਕ ਟਿਕ ਕੇ ਨਹੀਂ ਬੈਠਣਗੇ : ਮੇਅਰ
ਇਸ ਸਬੰਧੀ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਅਤੇ ਕੱਲ੍ਹ ਦੇ ਇਸ ਮਸਲੇ ਨੂੰ ਹੱਲ ਕਰਨ ’ਤੇ ਲੱਗੇ ਹੋਏ ਹਨ। ਉਨ੍ਹਾਂ ਵੱਲੋਂ ਪਿੰਡ ਸੂਲਰ ਦੀ ਗਊਸ਼ਾਲਾ, ਰਿਸ਼ੀ ਕਲੋਨੀ ਦੀ ਗਊਸ਼ਾਲਾ ਅਤੇ ਬੀੜ ’ਚ ਬਣੇ ਗਊਆਂ ਲਈ ਸਥਾਨ ਦਾ ਦੌਰਾ ਕਰਕੇ ਸ਼ਹਿਰ ’ਚ ਘੁੰਮ ਰਹੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਛੱਡਣ ਦਾ ਇੰਤਜਾਮ ਕਰ ਰਹੇ ਹਨ। Patiala Stray Animal Problem
ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ, ਉਹ ਟਿਕ ਕੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਉਹ ਜੰਗਲਾਤ ਵਿਭਾਗ ਦੇ ਅਫਸਰਾਂ ਨਾਲ ਵੀ ਗੱਲ ਕਰ ਰਹੇ ਹਨ ਤਾਂ ਜੋ ਇਨ੍ਹਾਂ ਪਸ਼ੂਆਂ ਨੂੰ ਡਕਾਲਾ-ਪਟਿਆਲਾ ਰੋਡ ’ਤੇ ਸਥਿਤ ਬੀੜ ’ਚ ਛੱਡਣ ਦਾ ਇੰਤਜਾਮ ਕੀਤਾ ਜਾ ਸਕੇ।
ਪਟਿਆਲਵੀਆਂ ਨੂੰ ਜਲਦ ਮਿਲੇਗਾ ਅਵਾਰਾ ਪਸ਼ੂਆਂ ਤੋਂ ਛੁਟਕਾਰਾ : ਡੀਸੀ
ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਜਲਦ ਹੀ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਨਿਯਾਤ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਸ਼ਿੱਦਤ ਨਾਲ ਇਸ ਮਸਲੇ ਨੂੰ ਹੱਲ ਕਰਨ ’ਤੇ ਲੱਗਿਆ ਹੋਇਆ ਹੈ। ਬਹੁਤ ਜਲਦੀ ਪਟਿਆਲਵੀਆਂ ਨੂੰ ਇਨ੍ਹਾਂ ਪਸ਼ੂਆਂ ਤੋਂ ਛੁਟਕਾਰਾ ਮਿਲ ਜਾਵੇਗਾ।