
ਚੋਰੀ ਕੀਤੇ ਪਰਸ, ਨਕਦੀ ਅਤੇ ਦਸਤਾਵੇਜ ਵੀ ਕੀਤੇ ਬਰਾਮਦ | Faridkot Theft Case
Faridkot Theft Case: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫ਼ਰੀਦਕੋਟ ਦੀ ਅਗਵਾਈ ਹੇਠ ਫ਼ਰੀਦਕੋਟ ਨੂੰ ਸੁਰੱਖਿਅਤ ਜਿਲ੍ਹਾ ਬਣਾਉਣ ਦੀ ਮੁਹਿੰਮ ਤਹਿਤ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫ਼ਰੀਦਕੋਟ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸਿਟੀ ਫ਼ਰੀਦਕੋਟ ਵੱਲੋਂ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਪਿਆ ਚੋਰੀ ਕਰਨ ਵਾਲੇ ਵਿਅਕਤੀ ਨੂੰ ਮਹਿਜ ਚੰਦ ਘੰਟਿਆ ਅੰਦਰ ਹੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਗ੍ਰਿਫ਼ਤਾਰ ਵਿਅਕਤੀ ਦੀ ਪਹਚਾਣ ਰਾਜੂ ਸਿੰਘ ਵਜੋਂ ਹੋਈ, ਜੋ ਨਥੇਹਾ (ਬਠਿੰਡਾ) ਦਾ ਰਹਿਣ ਵਾਲਾ ਤੇ ਫਿਲਹਾਲ ਆਰਾ ਕਾਲੋਨੀ, ਫ਼ਰੀਦਕੋਟ ਵਿੱਚ ਰਹਿ ਰਿਹਾ ਸੀ। ਪੁਲਿਸ ਪਾਰਟੀ ਵੱਲੋਂ ਇਸ ਕੋਲੋਂ ਚੋਰੀ ਕੀਤੇ 2 ਪਰਸ, ਦਸਤਾਵੇਜ਼ ਅਤੇ ਨਗਦੀ ਵੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਰਾਜੂ ਸਿੰਘ ਵੱਲੋਂ ਗਿਆਨੀ ਜੈਲ ਸਿੰਘ ਮਾਰਕੀਟ ਵਿੱਚ ਦੁਕਾਨ ਦੇ ਬਾਹਰ ਪਿਛਲੇ ਪਾਸੇ ਖੜ੍ਹੀ ਕੀਤੀ ਕਾਰ ਦੇ ਸ਼ੀਸ਼ੇ ਵਿੱਚ ਰੋੜਾ ਮਾਰ ਕੇ ਸ਼ੀਸ਼ਾ ਤੋੜ ਕੇ ਅੰਦਰ ਪਏ 2 ਪਰਸ ਜਿਨ੍ਹਾਂ ਵਿੱਚ ਕਰੀਬ 8000/- ਰੁਪਏ, 260 ਦੇ ਕੈਨੇਡੀਅਨ ਡਾਲਰ ਅਤੇ ਦਸਤਾਵੇਜ਼ ਚੋਰੀ ਕੀਤੇ ਗਏ ਸਨ। ਜਿਸ ਉਪੰਰਤ ਸ:ਥ ਅਕਲਪ੍ਰੀਤ ਸਿੰਘ ਇੰਚਾਰਜ ਚੌਕੀ ਮੈਡੀਕਲ ਕਾਲਜ ਫ਼ਰੀਦਕੋਟ ਵੱਲੋਂ ਪੁਲਿਸ ਪਾਰਟੀ ਸਮੇਤ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਕੁਝ ਘੰਟਿਆਂ ਅੰਦਰ ਹੀ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ: CEIR Mobile Recovery: ਨੋਇਡਾ ਪੁਲਿਸ ਨੇ ਸੀਈਆਈਆਰ ਪੋਰਟਲ ਦੀ ਮੱਦਦ ਨਾਲ ਗੁੰਮ ਹੋਏ ਫੋਨ ਲੱਭੇ
ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਵਿੱਚ ਮੁੱਕਦਮਾ ਨੰਬਰ 296 ਅ/ਧ 303/324(4) ਬੀ.ਐਨ.ਐਸ, 317(2)ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਰਾਜੂ ਸਿੰਘ ਵੱਲੋਂ ਪਹਿਲਾ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਸ ਦੇ ਖਿਲਾਫ ਪਹਿਲਾ ਵੀ ਥਾਣਾ ਤਲਵੰਡੀ ਸਾਬੋ (ਬਠਿੰਡਾ) ਵਿਖੇ ਮੁਕੱਦਮਾ ਨੰਬਰ 64 ਅ/ਧ 61/78 ਐਕਸਾਈਜ਼ ਐਕਟ ਦਰਜ਼ ਰਜਿਸਟਰ ਹੈ। ਗ੍ਰਿਫਤਾਰ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਕੋਲੋਂ ਹੇਰ ਪੁੱਛਗਿੱਛ ਕੀਤੀ ਜਾ ਸਕੇ। Faridkot Theft Case