Sikander Singh Maluka: ਭਾਈ ਰੂਪਾ (ਸੁਰਿੰਦਰ ਪਾਲ)। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਪਣੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ। ਰਵਾਇਤੀ ਤੌਰ ’ਤੇ ਉਹਨਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਸਿਕੰਦਰ ਸਿੰਘ ਮਲੂਕਾ ਦੇ ਅਕਾਲੀ ਦਲ ’ਚ ਸ਼ਾਮਲ ਹੁੰਦਿਆਂ ਹੀ ਹਲਕਾ ਰਾਮਪੁਰਾ ਫੂਲ ’ਚ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਅਸਾਰ ਬਣ ਗਏ ਹਨ। ਹਲਕਾ ਰਾਮਪੁਰਾ ਫੂਲ ਜਿਸ ਨੂੰ ਕਿ ਹੌਟ ਸੀਟ ਮੰਨਿਆ ਜਾਂਦਾ ਹੈ ਵਿੱਚ ਪਿਛਲੇ ਸਮੇਂ ਤੋਂ ਸਿਆਸੀ ਸਰਗਰਮੀਆਂ ਬਿਲਕੁਲ ਬੰਦ ਸਨ।
ਪਿਛਲੇ ਸਮੇਂ ਦੌਰਾਨ ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਭਾਜਪਾ ’ਚ ਸ਼ਾਮਲ ਹੋ ਗਏ ਸਨ। ਸਿਕੰਦਰ ਸਿੰਘ ਮਲੂਕਾ ਸਿਆਸੀ ਸਰਗਰਮੀਆਂ ਤੋਂ ਬਿਲਕੁੱਲ ਹੀ ਦੂਰ ਹੋ ਗਏ ਸਨ, ਜਿਸ ਕਾਰਨ ਵਰਕਰਾਂ ’ਚ ਕਾਫੀ ਨਿਰਾਸ਼ਾ ਸੀ। ਵਰਕਰਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿੱਧਰ ਜਾਣ। ਮੈਦਾਨ ਦੇ ਖ਼ਾਲੀ ਹੁੰਦਿਆਂ ਹੀ ਨਵੇਂ ਚਿਹਰੇ ਉਭਰਨੇ ਸ਼ੁਰੂ ਹੋ ਗਏ, ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਨੇ ਹਰਿੰਦਰ ਸਿੰਘ ਹਿੰਦਾ ਮਹਿਰਾਜ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਸੀ।
Sikander Singh Maluka
ਹਿੰਦਾ ਚਾਹੇ ਹਲਕੇ ’ਚ ਸਰਗਰਮ ਸੀ ਪਰ ਨਵਾਂ ਚਿਹਰਾ ਹੋਣ ਕਰਕੇ ਤੇ ਵਰਕਰਾਂ ’ਤੇ ਪਕੜ ਮਜ਼ਬੂਤ ਕਰਨੀ ਐਡਾ ਸੁਖਾਲਾ ਕੰਮ ਨਹੀਂ ਸੀ। ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਭਾਜਪਾ ਵਿੱਚ ਜਾਣ ਕਰਕੇ ਹਲਕੇ ਵਿੱਚ ਜਸ਼ਨ ਚਹਿਲ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ। ਚਾਹੇ ਉਹ ਹਲਕੇ ਤੋਂ ਬਾਹਰਲੇ ਹਨ ਪ੍ਰੰਤੂ ਉਸਦੀ ਪਹਿਚਾਣ ਰਾਮਪੁਰਾ ਫੂਲ ਹਲਕੇ ਵਿੱਚ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਕਰਕੇ ਹੈ ਕਿਉਂਕਿ ਉਹ ਹਰਬੰਸ ਸਿੰਘ ਜਲਾਲ ਦੇ ਦੋਹਤੇ ਹਨ।
Read Also : Government Schools Punjab: ਪੰਜਾਬ ਦੇ ਸਰਕਾਰੀ ਸਕੂਲ ਕਰ ਗਏ ਕਮਾਲ
ਗੁਰਪ੍ਰੀਤ ਸਿੰਘ ਕਾਂਗੜ ਵੀ ਪਿਛਲੇ ਮਹੀਨਿਆਂ ਵਿੱਚ ਦੁਬਾਰਾ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਅਤੇ ਸ਼ਾਮਲ ਹੁੰਦਿਆਂ ਹੀ ਉਹਨਾਂ ਵੀ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਫਿਰ ਦੋ ਰਿਵਾਇਤੀ ਵਿਰੋਧੀ ਆਪਸ ਵਿੱਚ ਸਿਆਸੀ ਪਿੜ ਵਿੱਚ ਆਹਮੋ ਸਾਹਮਣੇ ਹੋਣਗੇ। ਸਿਕੰਦਰ ਸਿੰਘ ਮਲੂਕਾ ਦਾ ਘਰ ਵਾਪਸੀ ਬਾਰੇ ਕਹਿਣਾ ਹੈ ਕਿ ਉਹ ਤਾਂ ਘਰ ਛੱਡ ਕੇ ਕਦੇ ਗਿਆ ਹੀ ਨਹੀਂ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਸਮੇਂ ਉਹਨਾਂ ਦੀ ਨੂੰਹ ਪਰਮਪਾਲ ਕੌਰ ਨੇ ਬਠਿੰਡਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਅਕਾਲੀ ਦਲ ਨੇ ਉਨ੍ਹਾਂ ਤੋਂ ਪਹਿਲਾਂ ਹਲਕਾ ਮੌੜ ਦੀ ਇੰਚਾਰਜੀ ਵਾਪਸ ਲੈ ਲਈ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਸੀ।
Sikander Singh Maluka
ਹਲਕਾ ਰਾਮਪੁਰਾ ਫੂਲ ਵਿੱਚ ਭਾਜਪਾ ਨੇ ਆਪਣਾ ਅਧਾਰ ਮਜ਼ਬੂਤ ਕੀਤਾ ਹੈ। ਲੋਕ ਸਭਾ ਚੋਣਾਂ ਵਿੱਚ ਹੰਸ ਰਾਜ ਹੰਸ ਦੀ ਗੈਰਹਾਜ਼ਰੀ ਅਤੇ ਵਿਰੋਧ ਦੇ ਬਾਵਜੂਦ ਵੀ ਉਹਨਾਂ ਨੂੰ ਸ਼ਹਿਰ ਰਾਮਪੁਰਾ ਫੂਲ, ਭਾਈ ਰੂਪਾ ਅਤੇ ਭਗਤਾ ਭਾਈ ਵਿੱਚੋਂ ਚੋਖੀ ਵੋਟ ਪ੍ਰਾਪਤ ਹੋਈ ਸੀ ਅਤੇ ਨਿਰੋਲ ਪਿੰਡਾਂ ਵਿੱਚੋਂ ਵੀ ਵੋਟਾਂ ਮਿਲੀਆਂ ਸਨ। ਰਾਜਸ਼ੀ ਸੂਤਰਾਂ ਦਾ ਕਹਿਣਾ ਹੈ ਕਿ ਜੇ ਅਕਾਲੀ ਦਲ ਅਤੇ ਭਾਜਪਾ ਦਾ ਆਉਣ ਵਾਲੇ ਸਮੇਂ ਵਿੱਚ ਸਮਝੌਤਾ ਹੁੰਦਾ ਹੈ ਤਾਂ ਸਮਝੌਤੇ ਦੇ ਮੁੱਖ ਸੂਤਰਧਾਰ ਸਿਕੰਦਰ ਸਿੰਘ ਮਲੂਕਾ ਹੋਣਗੇ ਅਤੇ ਇਹ ਵੀ ਸੰਭਾਵਨਾ ਹੈ ਕਿ ਰਾਮਪੁਰਾ ਫੂਲ ਹਲਕਾ ਭਾਜਪਾ ਦੇ ਹਿੱਸੇ ਆਵੇਂ। ਨਵੇਂ ਪੈਦਾ ਹੋਏ ਆਗੂ ਕਾਂਗਰਸ ਵੱਲੋਂ ਜਸ਼ਨ ਚਹਿਲ ਅਤੇ ਅਕਾਲੀ ਦਲ ਵੱਲੋਂ ਹਰਿੰਦਰ ਸਿੰਘ ਹਿੰਦਾ ਨੂੰ ਪਾਰਟੀਆਂ ਲਈ ਐਡਜਸਟ ਕਰਨਾ ਵੀ ਚੁਣੌਤੀ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਸਿਆਸਤ ਦਾ ਊਠ ਕਿਸ ਕਰਵਟ ਬੈਠਦਾ ਇਹ ਗੱਲ ਅਜੇ ਗਰਭ ਵਿੱਚ ਹੈ।
ਰਾਜਸੀ ਸੂਤਰਾਂ ਅਨੁਸਾਰ ਸਿਕੰਦਰ ਸਿੰਘ ਮਲੂਕਾ ਦੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਨਾਲ ਆਉਣ ਵਾਲੇ ਦਿਨਾਂ ’ਚ ਹੋਰ ਵੀ ਬਹੁਤ ਸਾਰੇ ਅਕਾਲੀ ਦਲ ਨੂੰ ਛੱਡ ਕੇ ਗਏ ਲੀਡਰ ਦੁਬਾਰਾ ਸ਼ਾਮਲ ਹੋਣਗੇ ਤੇ ਭਾਜਪਾ ਨਾਲ ਸਮਝੌਤੇ ਦੀ ਗੱਲ ਫਿਰ ਤੁਰੇਗੀ। ਸਿਕੰਦਰ ਸਿੰਘ ਮਲੂਕਾ ਪਹਿਲਾਂ ਵੀ ਬੇਬਾਕ ਇਹ ਕਹਿੰਦੇ ਰਹੇ ਹਨ ਕਿ ਦੋਵੇਂ ਪਾਰਟੀਆਂ ਦਾ ਸਮਝੌਤਾ ਸਮੇਂ ਦੀ ਲੋੜ ਹੈ ਤੇ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ’ਚ ਆਪਣਾ ਆਪਣਾ ਭਾਰ ਤੋਲ ਵੀ ਚੁੱਕੀਆਂ ਹਨ।