
Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਮੁੱਖ ਖੇਤਬਾੜੀ ਅਫ਼ਸਰ ਡਾ. ਰਾਜਿੰਦਰ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਅਤੇ ਬਲਾਕ ਖੇਤੀਬਾੜੀ ਅਫਸਰ ਡਾ ਬਲਦੇਵ ਸਿੰਘ ਦੇ ਸਹਿਯੋਗ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ ਫ਼ਾਜ਼ਿਲਕਾ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕੀ ਜਾਣਕਾਰੀ ਦੇਣ ਲਈ ਪਿੰਡ ਪੱਧਰ ਉੱਪਰ ਕੈਂਪ ਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀਟੀਐਮ ਰਾਜਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ ।
ਸਿੱਧੀ ਬਿਜਾਈ ਲਈ ਢੁਕਵਾਂ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਲਈ ਢੁਕਵਾਂ ਸਮਾਂ ਜੂਨ ਦਾ ਦੂਜਾ ਪੰਦਰ੍ਹਵਾੜਾ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ ਸਪਰਿੰਟ ਦਵਾਈ ਤਿੰਨ ਗ੍ਰਾਮ ਪ੍ਰਤੀ ਕਿੱਲੋ ਦੇ ਦੇ ਹਿਸਾਬ ਨਾਲ ਲਾ ਕੇ ਬੀਜ ਦੀ ਸੋਧ ਕਰ ਲਈ ਜਾਵੇ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਬਿਜਾਈ ਲਈ ਵਰਤਿਆ ਜਾਵੇ। ਬਿਜਾਈ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਲੇਜ਼ਰ ਲੈਵਲ ਕਰ ਲਿਆ ਜਾਵੇ। ਖੇਤ ਵਹੁਣ ਸਮੇਂ ਜਿੰਕ ਸਲਫੇਟ 33% 6 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਵੇ। ਫਾਸਫੋਰਸ ਵਾਲੀ ਖਾਦ ਮਿੱਟੀ ਪਰਖ ਦੇ ਅਧਾਰ ਤੇ ਹੀ ਪਾਈ ਜਾਵੇ।
Fazilka News
ਸੁੱਕੇ ਖੇਤ ਵਿੱਚ ਸਿੱਧੀ ਬਜਾਈ ਤੋਂ ਬਾਅਦ ਖੇਤ ਨੂੰ ਤੁਰੰਤ ਪਾਣੀ ਲਾਇਆ ਜਾਵੇ ਅਤੇ ਵੱਤਰ ਆਉਣ ਉੱਪਰ ਪੈਡੀਮੈਥਾਲੀਨ ਇਕ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕੀਤੀ ਜਾਵੇ। ਜਦ ਤੱਕ ਬੀਜ ਉੱਗ ਨਹੀਂ ਜਾਂਦਾ ਤਦ ਤੱਕ ਦੋ ਤੋਂ ਤਿੰਨ ਦਿਨ ਦੇ ਵਕਫੇ ਤੇ ਪਾਣੀ ਲਾਏ ਜਾਣ ਅਤੇ ਬੀਜ ਉਗ ਜਾਣ ਤੋਂ ਬਾਅਦ ਪੰਜ ਤੋਂ ਸੱਤ ਦਿਨਾਂ ਦੇ ਵਕਫੇ ਤੇ ਖੇਤ ਦੀ ਮਿੱਟੀ ਦੇ ਅਨੁਸਾਰ ਪਾਣੀ ਲਾਏ ਜਾਣ।
Read Also : Ludhiana by Election: ਕਾਂਗਰਸ ’ਚ ‘ਗੁੱਟਬੰਦੀ’ ਇੱਕ ਵਾਰ ਫਿਰ ਜੱਗ ਜ਼ਾਹਰ
ਤਰਵੱਤਰ ਖੇਤ ਵਿੱਚ ਬਜਾਈ ਤੋਂ ਬਾਅਦ ਤੁਰੰਤ ਪੈਂਡਿਮੈਥਾਲੀਨ ਦਾ ਸਪਰੇ ਕੀਤਾ ਜਾਵੇ ਅਤੇ ਪਹਿਲਾ ਪਾਣੀ 21 ਦਿਨ ਬਾਅਦ ਲਾਇਆ ਜਾਵੇ । ਪਰਮਲ ਝੋਨੇ ਨੂੰ 130 ਕਿਲੋ ਯੂਰੀਆ 3 ਬਰਾਬਰ ਕਿਸ਼ਤਾਂ ਵਿੱਚ ਚੌਥੇ ਹਫਤੇ ਛੇਵੇਂ ਹਫਤੇ ਅਤੇ ਨੌਵੇਂ ਹਫਤੇ ਪਾਈ ਜਾਵੇ। ਬਾਸਮਤੀ ਦੀ ਸਿੱਧੀ ਬਜਾਈ ਦੀ ਫਸਲ ਨੂੰ 54 ਕਿਲੋ ਯੂਰੀਆ ਬਿਜਾਈ ਤੋਂ ਤੀਜੇ ਹਫਤੇ ਛੇਵੇਂ ਹਫਤੇ ਅਤੇ ਨੌਵੇਂ ਹਫਤੇ ਪਾਈ ਜਾਵੇ। ਜੇਕਰ ਫਸਲ ਵਿੱਚ ਲੋਹੇ ਦੀ ਘਾਟ ਨਜ਼ਰ ਆਵੇ ਤਾਂ ਫੈਰਸ ਸਲਫੇਟ ਦੇ ਤਿੰਨ ਛੜਕਾ ਹਫਤੇ ਹਫਤੇ ਦੇ ਵਕਫੇ ਤੇ ਕਰਨੇ ਚਾਹੀਦੇ ਹਨ।