Punjab Government Orders: ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 30 ਮਈ ਤੱਕ 15,000 ਛੱਪੜਾਂ ਦੀ ਸਾਫ਼ ਸਫਾਈ ਦਾ ਕੰਮ ਪੂਰਾ ਕਰਨ ਦੇ ਆਦੇਸ਼
Punjab Government Orders: ਪਟਿਆਲਾ (ਖੁਸਵੀਰ ਸਿੰਘ ਤੂਰ)। ਪੰਜਾਬ ਦੇ ਪਿੰਡਾਂ ਦੀ ਦਿੱਖ ਸੰਵਾਰਨ ਲਈ ਸਰਕਾਰ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਜਿਸ ਤਹਿਤ ਹੀ ਪਹਿਲੀ ਵਾਰ ਪੰਜਾਬ ਦੇ ਪਿੰਡਾਂ ਵਿੱਚ 15 ਹਜਾਰ ਛੱਪੜਾਂ ਦੀ ਸਾਫ-ਸਫਾਈ ਲਈ ਵੱਡੇ ਪੱਧਰ ’ਤੇ ਪਹਿਲ ਕਦਮੀ ਸ਼ੁਰੂ ਕੀਤੀ ਹੋਈ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਹੁਣ ਤੱਕ 3973 ਛੱਪੜਾਂ ਵਿੱਚੋਂ ਪਾਣੀ ਕੱਢਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ 6,606 ਛੱਪੜਾਂ ਵਿੱਚ ਪਾਣੀ ਕੱਢਣ ਦਾ ਕੰਮ ਮੁਕੰਮਲਤਾ ਦੇ ਨਜ਼ਦੀਕ ਹੈ। ਸਾਰੇ ਛੱਪੜਾਂ ਤੇ ਟੋਬਿਆਂ ਵਿੱਚੋਂ ਪਾਣੀ ਕੱਢਣ ਦੀ ਕਾਰਵਾਈ 30 ਮਈ ਤੱਕ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਾਫ-ਸਫਾਈ ਬਰਸਾਤੀ ਮੌਸਮ ਤੋਂ ਪਹਿਲਾਂ ਹੋ ਜਾਵੇਗੀ।
Punjab Government Orders
ਉਨ੍ਹਾਂ ਅੱਗੇ ਦੱਸਿਆ ਕਿ 1223 ਛੱਪੜਾਂ ਵਿੱਚੋਂ ਗਾਰ ਕੱਢਣ ਦਾ ਕੰਮ ਵੀ ਪੂਰਾ ਹੋ ਗਿਆ ਹੈ ਅਤੇ 3267 ਛੱਪੜਾਂ ਵਿੱਚੋਂ ਗਾਰ ਕੱਢਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2025-26 ਦੇ ਪਹਿਲੇ ਪੜਾਅ ਵਿੱਚ 5000 ਥਾਪਰ ਮਾਡਲ ਬਣਾਏ ਜਾ ਰਹੇ ਹਨ। ਇਸ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੂਰਮਾਜਰਾ ਤੇ ਖੈਰਾਬਾਦ ਦੀ ਸਰਪੰਚ ਹਰਪ੍ਰੀਤ ਕੌਰ ਤੇ ਹਰਦੀਪ ਕੌਰ ਅਤੇ ਫਤਹਿਗੜ੍ਹ ਜ਼ਿਲ੍ਹੇ ਦੇ ਪਿੰਡ ਸਾਨੀਪੁਰ ਦੇ ਸਰਪੰਚ ਇੰਦਰਦੀਪ ਸਿੰਘ ਵੀ ਹਾਜ਼ਰ ਸਨ।
ਪਿੰਡ ਬੂਰਮਾਜਰਾ ਦੀ ਸਰਪੰਚ ਨੇ ਦੱਸਿਆ ਕਿ ਪਹਿਲੀ ਵਾਰ ਵੱਡੇ ਪੱਧਰ ’ਤੇ ਛੱਪੜ ਦੀ ਸਫਾਈ ਕੀਤੀ ਜਾ ਰਹੀ ਹੈ। ਪਿੰਡ ਦਾ ਛੱਪੜ ਜੋ ਕਿ 1.5 ਏਕੜ ਵਿੱਚ ਫੈਲਿਆ ਹੈ, ਵਿੱਚੋਂ ਪਾਣੀ ਅਤੇ ਗਾਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੱਪੜ ਵਿੱਚੋਂ ਕੱਢੀ ਗਈ ਗਾਰ ਦੀ ਵਰਤੋਂ ਪਿੰਡ ਦੇ ਖੇਡ ਮੈਦਾਨ ਲਈ ਅਤੇ ਛੱਪੜ ਦੇ ਕੰਡਿਆਂ ਨੂੰ ਉੱਚਾ ਚੁੱਕਣ ਲਈ ਵਰਤੀ ਜਾ ਰਹੀ ਹੈ। ਅਗਲੇ 10 ਦਿਨਾਂ ਵਿੱਚ ਛੱਪੜ ਦੇ ਪਾਣੀ ਨੂੰ ਟ੍ਰੀਟ ਕਰਨ ਲਈ ਥਾਪਰ/ਸੀਚੇਵਾਲ ਮਾਡਲ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਪਾਣੀ ਹੋਰ ਸਾਫ਼ ਅਤੇ ਗੰਦਗੀ ਰਹਿਤ ਹੋਣਾ ਸ਼ੁਰੂ ਹੋ ਜਾਵੇਗਾ।
ਇਸੇ ਤਰ੍ਹਾਂ ਪਿੰਡ ਖੈਰਾਬਾਦ ਦੇ ਛੱਪੜ ਨੂੰ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਾਫ਼ ਨਹੀਂ ਕੀਤਾ ਗਿਆ ਸੀ। ਇਹ ਗੰਦੇ ਪਾਣੀ ਨਾਲ ਭਰਿਆ ਹੋਇਆ ਸੀ ਅਤੇ ਅਕਸਰ ਓਵਰਫਲੋ ਹੋ ਜਾਂਦਾ ਸੀ। ਇਸ ਸਾਲ, ਆਪ ਦੀ ਸਰਕਾਰ ਵੱਲੋਂ ਆਖਰ ਛੱਪੜ ਨੂੰ ਸਾਫ਼ ਕੀਤਾ ਗਿਆ ਹੈ ਅਤੇ ਗਾਰ ਕੱਢੀ ਗਈ ਹੈ। ਕਿਸਾਨ ਹੁਣ ਸਿੰਚਾਈ ਲਈ ਛੱਪੜ ਦੇ ਸਾਫ਼ ਪਾਣੀ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਪਿੰਡ ਦੀ ਆਬਾਦੀ 2,100 ਹੈ ਅਤੇ ਹਰ ਕੋਈ ਛੱਪੜ ਦੀ ਸਫ਼ਾਈ ਵਾਲੇ ਕੰਮ ਤੋਂ ਖੁਸ਼ ਨਜ਼ਰ ਆ ਰਿਹਾ ਹੈ। ਹੁਣ ਪਿੰਡ ਵਾਸੀਆਂ ਨੇ ਵੀ ਛੱਪੜ ਨੂੰ ਸਾਫ਼ ਅਤੇ ਕੂੜਾ-ਕਰਕਟ ਮੁਕਤ ਰੱਖਣ ਦੀ ਸਹੁੰ ਖਾਧੀ ਹੈ।
ਪਹਿਲੀ ਵਾਰ ਹੋ ਰਹੀ ਹੈ ਛੱਪੜ ਦੀ ਸਫਾਈ
ਸਾਨੀਪੁਰ ਪਿੰਡ ਵਿੱਚ ਪਹਿਲੀ ਵਾਰ ਕਈ ਸਾਲਾਂ ਦੀ ਅਣਗਹਿਲੀ ਤੋਂ ਬਾਅਦ ਛੱਪੜ ਦੀ ਸਫਾਈ ਆਪ ਸਰਕਾਰ ਨੇ ਕੀਤੀ ਹੈ। 3,000 ਲੋਕਾਂ ਦੀ ਆਬਾਦੀ ਵਾਲੇ ਪਿੰਡ ਦੇ ਛੱਪੜ ਨੂੰ ਕਦੇ ਵੀ ਸਾਫ਼ ਨਹੀਂ ਕੀਤਾ ਗਿਆ ਸੀ। ਹੁਣ ਤੱਕ ਛੱਪੜ ਵਿੱਚੋਂ ਪਾਣੀ ਨਹੀਂ ਕੱਢਿਆ ਗਿਆ ਸੀ ਅਤੇ ਕਦੇ ਗਾਰ ਵੀ ਨਹੀਂ ਕੱਢੀ ਗਈ ਸੀ।ਹੁਣ ਪਾਣੀ ਕੱਢਣ ਦਾ ਕੰਮ ਕੀਤਾ ਗਿਆ ਹੈ ਅਤੇ ਗਾਰ ਕੱਢਣ ਦਾ ਕੰਮ ਵੀ 60 ਫੀਸਦੀ ਪੂਰਾ ਹੋ ਗਿਆ ਹੈ। ਬਾਕੀ ਕੰਮ ਇੱਕ ਹਫ਼ਤੇ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ।