ਮੁੱਖ ਮੰਤਰੀ ਵੱਲੋਂ Pusa 44 ਝੋਨਾ ਨਾ ਖਰੀਦਣ ਦੇ ਬਿਆਨ ਤੋਂ ਬਾਅਦ ਭੰਬਲਭੂਸੇ ਵਾਲੀ ਸਥਿਤੀ ’ਚ ਕਿਸਾਨ
- ਖੇਤੀਬਾੜੀ ਵਿਭਾਗ ’ਤੇ ਉੱਠੇ ਸੁਆਲ, ਕਿਸਾਨਾਂ ਵੱਲੋਂ ਪਨੀਰੀ ਬੀਜਣ ਮੌਕੇ ਕਿੱਥੇ ਸਨ ਅਧਿਕਾਰੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਪੂਸਾ 44 (Pusa 44) ਝੋਨੇ ਦੀ ਕਿਸਮ ’ਤੇ ਪਾਬੰਦੀ ਲਾਉਣ ਦੇ ਬਾਵਜੂਦ ਵੱਡੀ ਪੱਧਰ ’ਤੇ ਕਿਸਾਨਾਂ ਵੱਲੋਂ ਇਸ ਦੀ ਪਨੀਰੀ ਬੀਜੀ ਗਈ ਹੈ। ਇੱਧਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪੱਸ਼ਟ ਆਖਿਆ ਗਿਆ ਹੈ ਕਿ ਸਰਕਾਰ ਵੱਲੋਂ ਪੂਸਾ 44 ਝੋਨਾ ਨਹੀਂ ਖਰੀਦਿਆ ਜਾਵੇਗਾ, ਜਿਸ ਤੋਂ ਬਾਅਦ ਸਥਿਤੀ ਭੰਬਲਭੂੰਸੇ ਵਾਲੀ ਪੈਦਾ ਹੋ ਗਈ ਹੈ। ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਅਤੇ ਅਧਿਕਾਰੀ ਕੀ ਹੁਣ ਖੇਤਾਂ ਵਿੱਚ ਪੁੱਜ ਕੇ ਪੂਸਾ 44 ਦੀ ਲਾਈ ਗਈ ਪਨੀਰੀ ਸਬੰਧੀ ਕੋਈ ਕਾਰਵਾਈ ਕਰਨਗੇ ਜਾਂ ਨਹੀਂ, ਇਹ ਵੱਡਾ ਸੁਆਲ ਪੈਦਾ ਹੋ ਗਿਆ ਹੈ।
Read Also : Punjab Land Pooling Policy: ਲੈਂਡ ਪੁਲਿੰਗ ਨੀਤੀ ਕਿਸਾਨਾਂ ਲਈ ਫਾਇਦੇਮੰਦ, ਅਕਾਲੀ ਦਲ ਕਰ ਰਿਹੈ ਗੁੰਮਰਾਹ
ਦੱਸਣਯੋਗ ਹੈ ਕਿ ਪੰਜਾਬ ਵਿੱਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਝੋਨੇ ਦੀ ਕਿਸਮ ਪੂੁਸਾ 44 (Pusa 44) ਸਮੇਤ ਹਾਈਬ੍ਰਿਡ ਬੀਜ਼ਾਂ ’ਤੇ ਪਾਬੰਦੀ ਲਾਈ ਹੋਈ ਹੈ। ਵੱਡੀ ਗੱਲ ਇਹ ਹੈ ਕਿ ਇਸ ਪਾਬੰਦੀ ਦੇ ਬਾਵਜੂਦ ਮਾਲਵੇ ਖਿੱਤੇ ਵਿੱਚ ਵੱਡੀ ਪੱਧਰ ’ਤੇ ਕਿਸਾਨਾਂ ਵੱਲੋਂ ਪਾਬੰਦੀਸ਼ੁਦਾ ਪੂਸਾ 44 ਝੋਨੇ ਦੀ ਪਨੀਰੀ ਬੀਜੀ ਗਈ ਹੈ। ਸਥਿਤੀ ਇਹ ਹੈ ਕਿ ਇਸ ਪਨੀਰੀ ਨੂੰ ਬੀਜਿਆਂ 15 ਤੋਂ 20 ਦਿਨ ਤੱਕ ਹੋ ਚੁੱਕੇ ਹਨ ਅਤੇ ਇਹ ਕਾਫ਼ੀ ਵੱਡੀ ਹੋ ਗਈ ਹੈ। ਬੀਤੇ ਕੱਲ੍ਹ ਮੁੱਖ ਮੰਤਰੀ ਵੱਲੋਂ ਧੂਰੀ ਵਿਖੇ ਆਪਣੇ ਦੌਰੇ ਦੌਰਾਨ ਆਖਿਆ ਗਿਆ ਹੈ ਕਿ ਸਰਕਾਰ ਪੂਸਾ 44 ਝੋਨੇ ਦੀ ਖਰੀਦ ਨਹੀਂ ਕਰੇਗੀ, ਜਿਸ ਤੋਂ ਬਾਅਦ ਮਾਮਲਾ ਹੋਰ ਪੇਚੀਦਾ ਹੋ ਗਿਆ ਹੈ।
Pusa 44
ਜਿਹੜੇ ਕਿਸਾਨਾਂ ਵੱਲੋਂ ਪੂਸਾ 44 (Pusa 44) ਝੋਨੇ ਦੀ ਪਨੀਰੀ ਬੀਜੀ ਹੋਈ ਹੈ, ਉਹ ਇਸ ਦੀ ਲਵਾਈ ਹੀ ਕਰਨਗੇ। ਕਿਉਂਕਿ ਸਰਕਾਰ ਵੱਲੋਂ ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ 9 ਜੂਨ ਤੱਕ ਚਾਰ ਪੜਾਵਾਂ ਵਿੱਚ ਕਰਵਾਈ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਵਿੱਚ ਤਾਂ ਪੂਸਾ 44 ਝੋਨੇ ਦਾ ਹੀ ਸਮਾਂ ਹੈ, ਜਦੋਂ ਕਿ ਸਰਕਾਰ ਵੱਲੋਂ ਐਲਾਨੀਆਂ ਪੀਆਰ ਕਿਸਮਾਂ ਦੀ ਪਨੀਰੀ ਦੀ ਜੂਨ ਮਹੀਨੇ ਵਿੱਚ ਬਿਜਾਈ ਹੁੰਦੀ ਹੈ। ਕਿਸਾਨਾਂ ਦਾ ਤਰਕ ਹੈ ਕਿ ਪੂਸਾ 44 ਝੋਨਾ ਕਿਸਾਨਾਂ ਦੇ ਵਾਰੇ ਨਿਆਰੇ ਕਰ ਦਿੰਦਾ ਹੈ।
ਇੱਧਰ ਹੁਣ ਖੇਤੀਬਾੜੀ ਵਿਭਾਗ ’ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ ਕਿ ਜਦੋਂ ਕਿਸਾਨਾਂ ਵੱਲੋਂ ਪਾਬੰਦੀ ਸ਼ੁਦਾ ਬੀਜ ਪੂਸਾ 44 ਦੀ ਪਨੀਰੀ ਬੀਜੀ ਗਈ ਸੀ ਤਾਂ ਉਹ ਕਿੱਥੇ ਸੀ। ਪਤਾ ਲੱਗਾ ਹੈ ਕਿ ਪ੍ਰਾਈਵੇਟ ਦੁਕਾਨਦਾਰਾਂ ਵੱਲੋਂ ਇਸ ਵਾਰ ਦੁੱਗਣੀ ਕੀਮਤ ’ਤੇ ਪੂੁਸਾ 44 ਝੋਨੇ ਦਾ ਬੀਜ਼ ਚੋਰੀ ਛਿਪੇ ਮੁਹੱਈਆ ਕਰਵਾਇਆ ਗਿਆ ਹੈ। ਕੀ ਹੁਣ ਖੇਤੀਬਾੜੀ ਵਿਭਾਗ ਕਿਸਾਨਾਂ ਵੱਲੋਂ ਬੀਜੀ ਪੂਸਾ 44 ਝੋਨੇ ਦੀ ਪਨੀਰੀ ’ਤੇ ਕੋਈ ਕਾਰਵਾਈ ਕਰੇਗਾ ਜਾਂ ਨਹੀਂ। ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਪੱਧਰ ’ਤੇ ਖੇਤੀਬਾੜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਇਸ ਮਾਮਲੇ ’ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਇਸ ਮਾਮਲੇ ਸਬੰਧੀ ਜਦੋਂ ਖੇਤੀਬਾੜੀ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਸੰਪਰਕ ਕਰਨ ’ਤੇ ਵੀ ਗੱਲ ਨਾ ਹੋ ਸਕੀ
ਸਾਡੇ ਵੱਲੋਂ ਕਿਸਾਨਾਂ ਨੂੰ ਪਹਿਲਾਂ ਹੀ ਕੀਤਾ ਗਿਆ ਸੀ ਜਾਗਰੂਕ : ਡਾਇਰੈਕਟਰ ਜਸਵੰਤ ਸਿੰਘ
ਇਸ ਮਾਮਲੇ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਵੱਧ ਸਮਾਂ ਲੈਣ ਵਾਲੀ ਪੂਸਾ 44 (Pusa 44) ਝੋਨੇ ਦੀ ਕਿਸਮ ’ਤੇ ਪਾਬੰਦੀ ਲਾਈ ਹੋਈ ਹੈ ਅਤੇ ਇਸ ਸਬੰਧੀ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਵੱਲੋਂ ਇਹ ਪਨੀਰੀ ਬੀਜੀ ਗਈ ਹੈ, ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਹੀ ਬੀਜੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਹੁਣ ਖੇਤੀਬਾੜੀ ਵਿਭਾਗ ਕੋਈ ਕਾਰਵਾਈ ਕਰੇਗਾ ਜਾਂ ਨਹੀਂ ਤਾਂ ਉਨ੍ਹਾਂ ਸਪੱਸ਼ਟ ਜਵਾਬ ਦੇਣ ਦੀ ਥਾਂ ਇਹ ਕਹਿ ਕੇ ਪਾਸਾ ਵੱਟ ਲਿਆ ਕਿ ਉਹ ਮੀਟਿੰਗ ਵਿੱਚ ਹਨ , ਫਿਰ ਗੱਲ ਕਰ ਲੈਣਾ।
ਪੂਸਾ 44 ਪੰਜਾਬ ਨੂੰ ਡਾਰਕ ਜ਼ੋਨ ਤੋਂ ਅੱਗੇ ਮਾਰੂਥਲ ਬਣਾ ਦੇਵੇਗੀ : ਕੁਲਵਿੰਦਰ ਸਿੰਘ
ਇਸ ਸਬੰਧੀ ਕਿਸਾਨ ਅਤੇ ਚਿੰਤਕ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ 1 ਜੂਨ ਤੋਂ ਅਗੇਤਾ ਝੋਨਾ ਪੂਸਾ 44 ਹੀ ਲੱਗੇਗਾ, ਜੋ ਕਿ ਪੰਜਾਬ ਵਿੱਚ ਇੱਕ ਸਾਲ ਤੋਂ ਬੈਨ ਹੈ, ਜੋ ਪਾਣੀ ਦਾ ਦੁਸ਼ਮਣ ਹੈ। ਪੰਜਾਬ ਸਰਕਾਰ ਪੁੂਰੀ ਸਖਤੀ ਕਰੇ ਤਾਂ ਕਿ ਲੰਮੇ ਸਮੇਂ ਦਾ ਝੋਨਾ ਪੂਸਾ 44 ਦੀ ਥਾਂ ਪੀਆਰ 126 ਵਰਗੇ ਘੱਟ ਸਮੇਂ ਦੇ ਝੋਨੇ ਹੇਠ ਰਕਬਾ ਵਧੇ। ਉਨ੍ਹਾਂ ਕਿਹਾ ਕਿ ਇੱਕ ਸਾਜਿਸ਼ ਤਹਿਤ ਪੀਆਰ 126 ਨੂੰ ਬਦਨਾਮ ਕੀਤਾ ਜਾ ਰਿਹਾ। ਚੌਲ ਸਨਅਤ ਦੀ ਪਹਿਲੀ ਪਸੰਦ ਪੂਸਾ 44 ਹੈ, ਜੋ ਪੰਜਾਬ ਨੂੰ ਡਾਰਕ ਜ਼ੋਨ ਤੋਂ ਅੱਗੇ ਮਾਰੂਥਲ ਬਣਾ ਦੇਵੇਗੀ।