
Viral Talent Punjab: ਚਮੜੀ ਰੋਗਾਂ ਦੇ ਮਾਹਿਰ 82 ਵਰ੍ਹਿਆਂ ਦੇ ਡਾ. ਆਰ. ਐੱਸ. ਨੰਦਾ 35 ਸਾਲਾਂ ਤੋਂ ਕਰ ਰਹੇ ਹਨ ਪਾਰਕ ਦੀ ਦੇਖਭਾਲ
Viral Talent Punjab: ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ’ ਮਨੁੱਖ ਤੇ ਰੁੱਖਾਂ ਵਿਚਾਲੇ ਰਿਸ਼ਤੇ ਨੂੰ ਉਜਾਗਰ ਕਰਦੀ ਹੈ। ਜਿਸ ਨੂੰ ਮਹਾਂਨਗਰ ਲੁਧਿਆਣਾ ਦੇ 82 ਵਰ੍ਹਿਆਂ ਦੇ ਡਾ. ਆਰ. ਐੱਸ. ਨੰਦਾ (Dr RS Nanda) ਨੇ ਸੱਚ ਕਰ ਦਿਖਾਇਆ ਹੈ। ਜਿਨ੍ਹਾਂ ਸੁੱਕ ਚੁੱਕੇ ਰੁੱਖਾਂ ਨੂੰ ਮੂਰਤੀਮਾਨ ਕਰਕੇ ਅਮਰ ਕਰਨ ਦਾ ਉਪਰਾਲਾ ਕੀਤਾ ਹੈ।
ਮਾਡਲ ਟਾਊਨ ’ਚ ਸਥਿਤ ਡਾ. ਆਰ. ਐੱਸ. ਨੰਦਾ ਪਾਰਕ ਜਿੱਥੇ ਅੱਜ-ਕੱਲ੍ਹ ਸੁੱਕੇ ਰੁੱਖ ਮੂਰਤੀਆਂ ਦੇ ਰੂਪ ਵਿੱਚ ਸਥਾਪਿਤ ਹਨ, ਵੀ ਡਾ. ਨੰਦਾ ਦੀ ਹੀ ਦੇਣ ਹਨ। ਜਿੰਨ੍ਹਾਂ ਨੇ ਸੁੱਕੇ ਰੁੱਖਾਂ ਨੂੰ ਪੁੱਟ ਕੇ ਬਾਹਰ ਸੁੱਟਣ ਦੀ ਬਜਾਇ ਆਪਣੇ ਹੱਥੀਂ ਤਰਾਸ਼ ਕੇ ਮੂਰਤੀਆਂ ਵਿੱਚ ਤਬਦੀਲ ਕੀਤਾ ਹੈ। ਇੰਨਾ ਹੀ ਨਹੀਂ ਪਾਰਕ ’ਚ ਹੀ ਹਰਬਲ ਗਾਰਡਨ ਤੇ ਕੈਕਟਸ ਪਾਰਕ ਵੀ ਬਣਾ ਰੱਖਿਆ ਹੈ। ਡਾ. ਨੰਦਾ ਮੁਤਾਬਕ 1984 ਤੋਂ ਬਾਅਦ 1985 ’ਚ ਉਹ ਗੋਰਖਪੁਰ (ਯੂਪੀ) ਤੋਂ ਲੁਧਿਆਣਾ ਆ ਕੇ ਵੱਸ ਗਏ ਤੇ ਇੱਥੇ ਉਨ੍ਹਾਂ ਆਪਣੇ ਘਰ ਦੇ ਪਿਛਲੇ ਪਾਸੇ ਕਿਸੇ ਸਮੇਂ ਬੇਅਬਾਦ ਪਾਰਕ ਨੂੰ ਅਬਾਦ ਕਰਨ ਤੇ ਸੁੱਕੇ ਰੁੱਖਾਂ ਨੂੰ ਮੂਰਤੀਵਾਨ ਕਰਕੇ ਅਮਰ ਕਰ ਦਿੱਤਾ। ਪਾਰਕ ਦੀ ਦਿੱਖ ਨੂੰ ਬਰਕਰਾਰ ਰੱਖਣ ਲਈ ਡਾ. ਨੰਦਾ ਪ੍ਰਸ਼ਾਸਨ ਦੁਆਰਾ ਦਿੱਤੇ ਗਏ ਮਾਲੀਆਂ ਨੂੰ ਆਪਣੇ ਪੱਲਿਓਂ 8- 10 ਹਜ਼ਾਰ ਰੁਪਏ ਦਿੰਦੇ ਹਨ।
ਡਾ. ਨੰਦਾ ਮੁਤਾਬਕ ਉਨ੍ਹਾਂ ਦਾ ਕੁਦਰਤ ਨਾਲ ਸ਼ੁਰੂ ਤੋਂ ਹੀ ਲਗਾਅ ਰਿਹਾ ਹੈ ਤੇ ਉਹ ਪਿਛਲੇ 50 ਸਾਲਾਂ ਤੋਂ ਚਮੜੀ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਇਸ ਦੌਰਾਨ ਉਹ ਰੋਜਾਨਾ ਡੇਢ ਘੰਟਾ ਮਰੀਜ਼ਾਂ ਨੂੰ ਅਤੇ ਚਾਰ-ਪੰਜ ਘੰਟੇ ਪਾਰਕ ਨੂੰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਆਕਰਸ਼ਿਕ ਨਜ਼ਰ ਆ ਰਹੀ ਇਸ ਜਗ੍ਹਾ ਤੋਂ ਦੀ ਕਿਸੇ ਸਮੇਂ ਲੰਘ ਕੇ ਸੜਕ ’ਤੇ ਅੱਪੜਨਾ ਮੁਸ਼ਕਿਲ ਸੀ। ਇਸ ਜਗ੍ਹਾ ਨੂੰ ਉਨ੍ਹਾਂ ਨੇ 35 ਸਾਲ ਪਹਿਲਾਂ ਪਾਰਕ ਬਣਾਉਣ ਦਾ ਸੋਚਿਆ। ਦਸ ਸਾਲ ਉਨ੍ਹਾਂ ਨੂੰ ਇਸ ਜਗ੍ਹਾ ਨੂੰ ਪੱਧਰਾ ਕਰਨ ’ਤੇ ਅਤੇ ਅਗਲੇ 25 ਸਾਲ ਉਨ੍ਹਾਂ ਨੇ ਇਸ ਨੂੰ ਖੂਬਸੂਰਤ ਬਣਾਉਣ ’ਤੇ ਲਾ ਦਿੱਤੇ।
Viral Talent Punjab
ਅੱਜ ਇਸ ਪਾਰਕ ’ਚ 35 ਸੌ ਰੁੱਖ ਤੇ ਪੰਛੀਆਂ ਦੇ ਰਹਿਣ ਲਈ ਲੱਕੜੀ ਦੇ ਆਲ੍ਹਣੇ ਤੇ ਦਾਣੇ-ਪਾਣੀ ਲਈ ਅਲੱਗ ਤੋਂ ਕਟੋਰੇ ਆਦਿ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਉਹ ਫਾਇਨ ਆਰਟਸ ਦੇ ਚੈਂਪੀਅਨ ਰਹੇ ਹਨ, ਇਸ ਲਈ ਉਨ੍ਹਾਂ ਨੂੰ ਪੈਂਸਿਲ ਛੱਡ ਕੇ ਕਾਰਪੇਂਟਰ ਦੇ ਸੰਦਾਂ ਨੂੰ ਚੁੱਕਣਾ ਥੋੜ੍ਹਾ ਅਲੱਗ ਲੱਗਾ ਪਰ ਉਨ੍ਹਾਂ ਨੇ ਆਪਣੀ ਮਿਹਨਤ ਦੇ ਜ਼ਰੀਏ ਸੁੱਕੇ ਰੁੱਖਾਂ ਨੂੰ ਮੂਰਤੀਮਾਨ ਕੀਤਾ ਜੋ ਅੱਜ ਲੋਕਾਂ ਲਈ ਖਿੱਚ ਦਾ ਕੇਂਦਰ ਹਨ। ਇੰਨਾਂ ਹੀ ਨਹੀਂ ਪਾਰਕ ’ਚ ਖੇਡ-ਖੇਡ ਵਿੱਚ ਹੀ ਕਸਰਤ ਕਰਨ ਲਈ ਝੂਲੇ ਵੀ ਸਥਾਪਿਤ ਹਨ।
ਵਾਤਾਵਰਨ ਨੂੰ ਬਚਾਉਣ ਤੇ ਇਸ ਦੀ ਸੰਭਾਲ ਲਈ ਹੋਰਨਾਂ ਨੂੰ ਪ੍ਰੇਰਿਤ ਕਰਦਿਆਂ ਡਾ. ਨੰਦਾ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਘੱਟੋ-ਘੱਟ ਪੰਜ-ਪੰਜ ਰੁੱਖ ਲਾਉਣ ਤੇ ਉਨ੍ਹਾਂ ਨੂੰ ਦਰੱਖ਼ਤ ਬਣਨ ਤੱਕ ਆਪਣੇ ਬੱਚਿਆਂ ਵਾਂਗ ਪਾਲਣ ਦਾ ਪ੍ਰਣ ਕਰਨਾ ਚਾਹੀਦਾ ਹੈ। ਕਿਉਂਕਿ ਰੁੱਖ ਬੱਦਲਾਂ ਨੂੰ ਆਪਣੇ ਵੱਲ ਖਿੱਚਦੇ ਹਨ, ਜਿਸ ਨਾਲ ਧਰਤੀ ’ਤੇ ਮੀਂਹ ਪੈਂਦਾ ਹੈ। ਦੂਜਾ ਇਹ ਮਨੁੱਖ ਨੂੰ ਆਕਸੀਜ਼ਨ ਦਿੰਦੇ ਹਨ, ਜੋ ਮਨੁੱਖ ਦੇ ਜਿਉਣ ਦਾ ਮੁੱਖ ਸਰੋਤ ਹੈ।
ਪਾਰਕ ਦਾ ਦ੍ਰਿਸ਼
ਡਾ. ਆਰ.ਐੱਸ. ਨੰਦਾ ਵੱਲੋਂ ਪਾਰਕ ’ਚ ਜਪਾਨੀ ਪਾਰਕਾਂ ਦੀ ਨਕਲ ’ਤੇ ਮੈਡੀਟੇਸ਼ਨ ਜਗ੍ਹਾ, ਝਰਨਾ, ਝੀਲ ਰੂਪ ਕਿਸ਼ਤੀ ਤੇ ਪਹਾੜਨੁਮਾ ਪੁਲ ਵੀ ਬਣਾਇਆ ਗਿਆ ਹੈ, ਜਿੱਥੇ ਪਾਇਨਸ ਦੇ ਰੁੱਖ ਵੀ ਲਾਏ ਗਏ ਹਨ ਜੋ ਆਮ ਤੌਰ ’ਤੇ ਚਾਰ ਹਜ਼ਾਰ ਫੁੱਟ ਦੀ ਉੱਚਾਈ ’ਤੇ ਹੀ ਮਿਲਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਪਾਰਕ ’ਚ ਹੀ ਹਰਬਲ ਪਲਾਟ ਵੀ ਸਥਾਪਿਤ ਕੀਤਾ। ਜਿਸ ਵਿੱਚ ਆਯੁਰਵੈਦਿਕ ਦਵਾਈਆਂ ’ਚ ਵਰਤੋਂ ਵਿੱਚ ਆਉਣ ਵਾਲੀਆਂ ਹਰੀ ਇਲਾਇਚੀ, ਹਿੰਗ, ਇੰਸੂਲਿਨ, ਸੁਪਾਰੀ, ਅਖ਼ਰੋਟ, ਵਜ਼ਰਦੰਤੀ, ਹਲਦੀ ਤੇ ਪਾਨ ਆਦਿ ਡੇਢ ਸੌ ਲਾਭਕਾਰੀ ਜੜ੍ਹੀ-ਬੂਟੀਆਂ ਮੌਜੂਦ ਹਨ। ਪਾਰਕ ’ਚ ਕੈਕਟਸ ਗਾਰਡਨ ਵੀ ਸਥਾਪਿਤ ਹੈ।
ਇਹ ਹੈ ਪਾਰਕ ਦੀ ਵਿਲੱਖਣਤਾ
ਹੋਰਨਾਂ ਦੇ ਮੁਕਾਬਲੇ ਇਸ ਪਾਰਕ ਦੀ ਵਿਲੱਖਣਤਾ ਇਸ ਗੱਲ ’ਚ ਹੈ ਕਿ ਇੱਥੇ ਸੁੱਕ ਚੁੱਕੇ ਰੁੱਖਾਂ ਨੂੰ ਡਾ. ਨੰਦਾ ਦੁਆਰਾ ਮੂਰਤੀਮਾਨ ਕੀਤਾ ਗਿਆ ਹੈ। ਡਾ. ਨੰਦਾ ਅਨੁਸਾਰ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਨਰਤਕੀ ਦੀ ਸ਼ਕਲ ’ਚ ਸੁੱਕੇ ਇੱਕ ਰੁੱਖ ਨੂੰ ਤਰਾਸ਼ਿਆ ਅਤੇ ਉਸਨੂੰ ‘ਮੇਨਕਾ’ ਅਤੇ ਇਸ ਪਿੱਛੋਂ ਇੱਕ ਹੋਰ ਸੁੱਕੇ ਰੁੱਖ ਨੂੰ ਢਾਈ ਸਾਲਾਂ ’ਚ ਤਰਾਸ਼ ਕੇ ‘ਵਿਸ਼ਵਾਮਿੱਤਰ’ ਦਾ ਨਾਂਅ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਰੁੱਖ ਨੂੰ ਤਰਾਸ਼ਿਆ ਜੋ ਥੱਕੇ ਹੋਏ ਤੇ ਚਿੰਤਾਗ੍ਰਸਤ ਵਿਅਕਤੀ ਦਾ ਭੁਲੇਖਾ ਪਾ ਰਿਹਾ ਸੀ। ਉਕਤ ਤੋਂ ਇਲਾਵਾ ਉਨ੍ਹਾਂ ਇੱਕ ਰੁੱਖ ਨੂੰ ਯੋਗਾ ਦੇ ਆਸਣ ’ਚ ਪੇਸ਼ ਕੀਤਾ। ਕਿਉਂਕਿ ਯੋਗਾ ਭਾਰਤੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ, ਜਿਸ ਦੀ ਮੱਦਦ ਨਾਲ ਅਸੀਂ ਪੂਰੀ ਤਰ੍ਹਾਂ ਤੰਦਰੁਸਤ ਰਹਿ ਸਕਦੇ ਹਾਂ