Schools: ਅਸੀਂ ਵੀ ਬਾਥਰੂਮ ਵਾਲੇ ਸਕੂਲਾਂ ’ਚ ਪੜ੍ਹਦੇ ਸਾਂ…

Schools
Schools: ਅਸੀਂ ਵੀ ਬਾਥਰੂਮ ਵਾਲੇ ਸਕੂਲਾਂ ’ਚ ਪੜ੍ਹਦੇ ਸਾਂ...

Schools: ਸਮਾਜ ਦੀ ਤਬਦੀਲੀ ਹਰ ਚੀਜ਼ ਨੂੰ ਪ੍ਰਭਾਵਿਤ ਕਰਦੀ ਹੈ। ਖਾਣ-ਪੀਣ, ਰਹਿਣ-ਸਹਿਣ, ਪਹਿਨਣ ਤੋਂ ਲੈ ਕੇ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੱਕ ਸਭ ਇਸ ਦਾ ਚੰਗਾ-ਮਾੜਾ ਅਸਰ ਕਬੂਲਦੀਆਂ ਹਨ। ਹਰ ਕੋਈ ਕਹਿੰਦੈ ਕਿ ਸਾਡਾ ਵੇਲਾ ਸਾਡੇ ਨਾਲ ਹੀ ਸੀ ।ਸਮਾਜ ਕਿਸੇ ਇੱਕ ਥਾਂ ਖੜੋਤਾ ਨਹੀਂ ਰਹਿੰਦਾ। ਸਮਾਜ ਹਮੇਸ਼ਾ ਹੀ ਗਤੀਸ਼ੀਲ ਰਹਿੰਦਾ ਹੈ। 1972 ’ਚ ਘਰਦਿਆਂ ਨੇ ਪਿੰਡ ਦੇ ਸਰਕਾਰੀ ਪ੍ਰਾਈਮਰੀ ਸਕੂਲ ’ਚ ਪਹਿਲਾ ਦਾਖਲਾ ਕਰਵਾਇਆ। ਜਦੋਂ ਤੱਕ ਪੰਜਵੀਂ ਪਾਸ ਕੀਤੀ ਉਦੋਂ ਤੱਕ ਸਕੂਲ ਵਿੱਚ ਉਸ ਵਕਤ ਦਾ ਬਾਥਰੂਮ ਸੀ। ਪਰ ਵਰਤਦੇ ਅਧਿਆਪਕ ਤੇ ਕੁੜੀਆਂ ਸਨ। ਮੁੰਡਿਆਂ ਨੂੰ ਮਨਾਹੀ ਸੀ ਜਾਂ ਨਹੀਂ ਇਹ ਯਾਦ ਨਹੀਂ ਪਰ ਸਕੂਲ ਦੇ ਪਿੱਛੇ ਬਹੁਤ ਸਮਾਂ ਪਹਿਲਾਂ ਬੰਦ ਹੋਏ ਭੱਠੇ ਦਾ ਭਾਂਡਾ ਸਾਡਾ ਓਪਨ, ਖੁੱਲ੍ਹਾ-ਡੁੱਲ੍ਹਾ ਬਾਥਰੂਮ ਹੁੰਦਾ ਸੀ। ਸ਼ਾਇਦ ਥੋੜ੍ਹੀ ਖੁੱਲ੍ਹ ਮਾਨਣ ਲਈ ਉੱਧਰ ਨੂੰ ਹੋ ਤੁਰਦੇ ਸੀ।

ਐਨਾ ਜ਼ਰੂਰ ਯਾਦ ਹੈ ਦੋ-ਚਾਰ ਰਲ ਕੇ ਜਾਂਦੇ ਸਾਂ ਤੇ ਖੂਬ ਮਸਤੀ ਹੋ ਜਾਂਦੀ ਸੀ। ਉਹ ਭੱਠੇ ਦਾ ਭਾਂਡਾ ਸਕੂਲ ਲੱਗਣ ਤੋਂ ਪਹਿਲਾਂ ਪਿੰਡ ਦੇ ਲੋਕਾਂ ਦਾ ਸਾਂਝਾ ਬਾਹਰ ਜਾਣ ਦੀ ਥਾਂ ਹੁੰਦੀ ਸੀ ਜੋ ਹੜੱਪਾ ਸੱਭਿਅਤਾ ਦੀ ਯਾਦ ਦਵਾਉਂਦਾ ਸੀ। ਸਕੂਲਾਂ ਅਤੇ ਘਰ ਦੇ ਬਾਥਰੂਮ ਵਿੱਚ ਸਮਾਨਤਾ ਹੁੰਦੀ ਸੀ ਕਿਉਂਕਿ ਜਿਹੋ-ਜਿਹੇ ਘਰਾਂ ਦੇ ਗੁਸਲਖਾਨੇ ਹੁੰਦੇ ਸਨ, ਉਹੋ-ਜਿਹੇ ਹੀ ਸਕੂਲਾਂ ਵਿੱਚ ਹੁੰਦੇ ਸਨ ਨਾ ਚੰਗੇ, ਨਾ ਮਾੜੇ। ਹਰ ਪਿੰਡ ਵਿੱਚ ਦੋ-ਤਿੰਨ ਥਾਵਾਂ ਨਿਸ਼ਚਿਤ ਹੁੰਦੀਆਂ ਸਨ ਜਿੰਨ੍ਹਾਂ ਦਾ ਜ਼ਿਕਰ ਪਿੰਡ ਦੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰਜ ਹੈ, ਜਿੱਥੇ ਪਿੰਡ ਦੇ ਲੋਕ ਹਾਜ਼ਤ ਸਮੇਂ ਜਾਂਦੇ ਸਨ। ਇਨ੍ਹਾਂ ਥਾਵਾਂ ’ਤੇ ਅੱਕਾਂ, ਹਰਿੰਡਾਂ ਤੇ ਹੋਰ ਤਰੀਕਿਆਂ ਨਾਲ ਓਟਾ ਕੀਤਾ ਜਾਂਦਾ ਸੀ। ਇਹ ਉਸ ਸਮੇਂ ਦੇ ਸਮਾਜ ਦੇ ਹਾਲਾਤ ਨਾਲ ਮੇਲ ਖਾਂਦੀ ਹਾਲਤ ਸੀ।

Schools

ਪੰਜਵੀਂ ਤੋਂ ਬਾਅਦ ਲਾਗਲੇ ਪਿੰਡ, ਤਿਉਣਾ ਪੁਜਾਰੀਆ ਵਿਖੇ ਸਰਕਾਰੀ ਮਿਡਲ ਸਕੂਲ ’ਚ ਛੇਵੀਂ ਵਿੱਚ ਪੜ੍ਹਨ ਲੱਗੇ। ਸਕੂਲ ਦੇ ਚਾਰੇ ਖੂੰਝਿਆਂ ’ਚ ਗੁਸਲਖਾਨੇ। ਮੁੰਡਿਆਂ ਤੇ ਪੁਰਸ਼ ਅਧਿਆਪਕ ਦਾ ਇੱਕ ਪਾਸੇ, ਕੁੜੀਆਂ ਤੇ ਮਹਿਲਾ ਅਧਿਆਪਕਾਵਾਂ ਲਈ ਵੱਖਰੇ ਪਾਸੇ, ਸੇਵਾਦਾਰ ਤੇ ਉਸ ਦੇ ਪਰਿਵਾਰ ਦੇ ਅਲੱਗ। ਇੱਕ ਪਾਸਾ ਪ੍ਰਾਇਮਰੀ ਸਕੂਲ ਦੇ ਹਿੱਸੇ ਹੁੰਦਾ ਸੀ। ਸਕੂਲ ਦਾ ਸੇਵਾਦਾਰ ਲੋੜੀਂਦੀ ਸਾਫ-ਸਫਾਈ ਕਰ ਦਿੰਦਾ ਸੀ। ਜਿੰਨੀ ਕੁ ਛੇਵੀਂ ਵਾਲਿਆਂ ਦੀ ਸਮਝ ਜਾਂ ਯਾਦਾਸ਼ਤ ਹੁੰਦੀ ਹੈ, ਮੈਂ ਪੂਰੀ ਹੋਸ਼ੋ-ਹਵਾਸ ’ਚ ਕਹਿੰਦਾ ਹਾਂ ਕਿ ਸਕੂਲ ਦੇ ਗੁਸਲਖਾਨਿਆਂ ਦੀ ਸਹੂਲਤ ਜੇ ਘਰ ਨਾਲੋਂ ਚੰਗੀ ਨਹੀਂ ਤਾਂ ਮਾੜੀ ਵੀ ਨਹੀਂ ਸੀ। ਪਿੰਡ ਵਾਲੇ ਸਕੂਲ ’ਚ ਬਿਜਲੀ ਨਹੀਂ ਸੀ ਪਰ ਮਿਡਲ ਸਕੂਲ ’ਚ ਬਿਜਲੀ ਹੋਣ ਕਰਕੇ ਪੱਖਿਆਂ ਦੀ ਠੰਢੀ ਹਵਾ ਦਾ ਅਨੰਦ ਵੀ ਮਾਣਿਆ। ਸਾਇੰਸ ਲੈਬ ਵੀ ਸੀ।

Schools

1980 ਵਿੱਚ ਨੌਵੀਂ ਜਮਾਤ ’ਚ ਹੋਏ ਤਾਂ ਖਾਲਸਾ ਹਾਈ ਸਕੂਲ, ਤਲਵੰਡੀ ਸਾਬੋ ਦਾਖਲਾ ਲਿਆ। ਸਕੂਲ ਦੀ ਖੁੱਲ੍ਹੀ-ਡੁੱਲ੍ਹੀ ਇਮਾਰਤ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਸੀ। ਇਲਾਕੇ ਦੇ ਲੋਕਾਂ ਦੇ ਸਹਿਯੋਗ ਤੇ ਪ੍ਰਬੰਧਕ ਕਮੇਟੀ ਦੀ ਸੂਝ-ਬੂਝ ਕਰਕੇ ਸਕੂਲ ਵਿੱਦਿਅਕ, ਖੇਡਾਂ, ਸੱਭਿਆਚਾਰਕ ਅਤੇ ਹਰ ਪੱਖ ਤੋਂ ਸਰਕਾਰੀ ਸਕੂਲਾਂ ਨੂੰ ਵੀ ਮਾਤ ਪਾਉਂਦਾ ਸੀ। ਸਕੂਲ ਏਡਿਡ ਅਤੇ ਆਪਣੀ ਚੰਗੀ ਜਾਇਦਾਦ ਕਰਕੇ ਜਿਸ ਤੋਂ ਸਕੂਲ ਨੂੰ ਚੋਖੀ ਅਮਦਨ ਸੀ ਕਦੇ ਘਾਟੇ ਜਾਂ ਮਾੜੇ ਹਾਲਾਤ ਦਾ ਸ਼ਿਕਾਰ ਨਹੀਂ ਹੋਇਆ।

Read Also : Bhakra Nangal Dam: ਆਓ ਜਾਣੀਏ ਭਾਖੜਾ ਨੰਗਲ ਡੈਮ ਬਾਰੇ

ਅੰਤ ਇਸ ਸਿੱਟੇ ’ਤੇ ਪੁੱਜਦੇ ਹਾਂ ਕਿ ਸਕੂਲਾਂ ਦੀ ਹਾਲਤ ਸਮੇਂ-ਸਮੇਂ ’ਤੇ ਸਮਾਜ ਦੀਆਂ ਹਾਲਾਤਾਂ ਨਾਲ ਮੇਲ ਖਾਂਦੀ ਹੀ ਰਹੀ ਹੈ। 70ਵਿਆਂ ’ਚ ਸਕੂਲਾਂ ਦੀਆਂ ਇਮਾਰਤਾਂ, ਬਾਥਰੂਮ, ਸਟਾਫ ਦੀਆਂ ਸਹੂਲਤਾਂ ਅੱਜ ਵਰਗੀਆਂ ਕਿਆਸਣੀਆਂ ਸੰਭਵ ਨਹੀਂ ਹਨ ਤੇ ਅੱਜ ਅਸੀਂ ਉਸ ਵਕਤ ਦੇ ਹਾਲਾਤ ਵਰਗੇ ਸਕੂਲ ਵੀ ਨਹੀਂ ਚਾਹੁੰਦੇ। ਜੇ ਸਾਡੇ ਸਮਾਜ ਨੇ ਤਰੱਕੀ ਕੀਤੀ ਹੈ ਤਾਂ ਜ਼ਰੂਰੀ ਹੈ ਕਿ ਸਾਡੇ ਸਕੂਲ ਵੀ ਮੌਜੂਦਾ ਸਮੇਂ ਦੇ ਹਾਣੀ ਹੋਣ।

ਕੋਈ ਸਮਾਂ ਸੀ ਸਕੂਲਾਂ ਨੂੰ ਅੱਜ ਵਾਂਗ ਵਿਭਾਗ ਜਾਂ ਸਰਕਾਰ ਤੋਂ ਕੋਈ ਗਰਾਂਟ ਨਹੀਂ ਸੀ ਮਿਲਦੀ। ਸਕੂਲ ਨਿਰੋਲ ਪੰਚਾਇਤ ਦੀ ਗ੍ਰਾਂਟ, ਸਮਾਜਿਕ ਸਮੂਹ ਦੇ ਦਾਨ ਤੇ ਥੋੜ੍ਹੇ-ਬਹੁਤੇ ਆਪਣੇ ਯਤਨਾਂ ਅਤੇ ਸਾਧਨਾਂ ਨਾਲ ਹੀ ਖਰਚੇ ਚਲਾਉਂਦੇ ਸਨ। ਸੋ ਅੱਜ ਅਸੀਂ ਸੱਤਰਵਿਆਂ ’ਚ ਬਣੇ ਓਟਿਆਂ ਵਾਲੇ ਬਾਥਰੂਮ ਦੀ ਥਾਂ ਚੰਗੇ, ਸਾਫ-ਸੁਥਰੇ, ਹਵਾਦਾਰ ਅਤੇ ਵੈੱਲ ਫਰਨਿਸ਼ਿਡ ਬਾਥਰੂਮ ਸਰਕਾਰ ਅਤੇ ਵਿਭਾਗ ਦੇ ਫਰਜ ਵਜੋਂ ਤਵੱਕੋ ਕਰਦੇ ਹਾਂ ਨਾ ਕਿ ਇਹ ਸਮਾਜ ਤੇ ਕੋਈ ਅਹਿਸਾਨ ਹੋਣਾ ਚਾਹੀਦਾ ਹੈ।

ਫਲੇਲ ਸਿੰਘ ਸਿੱਧੂ