Mansa News: ਕਿੱਥੇ ‘ਡੁੱਬ’ ਗਏ ਮਾਨਸਾ ਸੀਵਰੇਜ ਸੁਧਾਰ ਦੇ ‘44 ਕਰੋੜ’

Mansa News
Mansa News: ਕਿੱਥੇ ‘ਡੁੱਬ’ ਗਏ ਮਾਨਸਾ ਸੀਵਰੇਜ ਸੁਧਾਰ ਦੇ ‘44 ਕਰੋੜ’

Mansa News: ਸਖਤ ਸੰਘਰਸ਼ਾਂ ਦੇ ਬਾਵਜ਼ੂਦ ਮਾਨਸਾ ਦੀਆਂ ਸੜਕਾਂ ’ਤੇ ਛੱਲਾਂ ਮਾਰ ਰਿਹੈ ਸੀਵਰੇਜ ਦਾ ਪਾਣੀ

Mansa News: ਮਾਨਸਾ (ਸੁਖਜੀਤ ਮਾਨ)। ਮਾਨਸਾ ਸ਼ਹਿਰ ਦੇ ਬਾਸ਼ਿੰਦੇ ਸੀਵਰੇਜ ਸੁਧਾਰ ਨੂੰ ਤਰਸ ਰਹੇ ਹਨ। ਅਨੇਕਾਂ ਧਰਨੇ ਲੱਗੇ, ਭਰੋਸੇ ਮਿਲੇ ਪਰ ਪੂਰੇ ਨਹੀਂ ਹੋਏ। ਲੋਕ ਸਭਾ ਚੋਣਾਂ ਮੌਕੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸੀਵਰੇਜ ਦਾ ਜ਼ਿਕਰ ਕੀਤਾ। ਸੀਵਰੇਜ ਸੁਧਾਰ ਲਈ 44 ਕਰੋੜ ਰੁਪਏ ਜ਼ਾਰੀ ਹੋਣ ਬਾਰੇ ਵੀ ਸੱਤਾਧਾਰੀਆਂ ਨੇ ਕਾਫੀ ਪ੍ਰਚਾਰ ਕੀਤਾ ਪਰ ਤਾਜ਼ਾ ਹਾਲਾਤ ਇਹ ਹਨ ਕਿ ਸ਼ਹਿਰ ’ਚ ਬਿਨ੍ਹਾਂ ਮੀਂਹ ਤੋਂ ਵੀ ਸੜਕਾਂ ’ਤੇ ਸੀਵਰੇਜ ਦਾ ਪਾਣੀ ਫਿਰਦਾ ਹੈ, ਜਦੋਂਕਿ ਮੀਂਹਾਂ ਦਾ ਮੌਸਮ ਤਾਂ ਹਾਲੇ ਸ਼ੁਰੂ ਹੋਣਾ ਹੈ। ਲੋਕਾਂ ’ਚ ਚਰਚਾ ਹੈ ਕਿ ਜਿਹੜੇ 44 ਕਰੋੜ ਜ਼ਾਰੀ ਹੋਣ ਦੀ ਗੱਲ ਕਹਿ ਕੇ ਸੰਘਰਸ਼ ਖਤਮ ਕਰਵਾਇਆ ਸੀ ਉਹ ਪੈਸੇ ਗਏ ਕਿੱਥੇ?

ਮਾਨਸਾ : ਤਿਕੋਣੀ ਕੋਲ ਓਵਰ ਬ੍ਰਿਜ ਨੇੜੇ ਸੜਕ ’ਤੇ ਖੜ੍ਹੇ ਸੀਵਰੇਜ ਦੇ ਪਾਣੀ ’ਚੋਂ ਲੰਘਦੇ ਵਾਹਨ ਅਤੇ ਸੀਵਰੇਜ ਦੇ ਪਾਣੀ ’ਚ ਮੋਟਰਸਾਈਕਲ ਬੰਦ ਹੋਣ ਕਰਕੇ ਆਈ ਮੁਸ਼ਕਿਲ ਬਾਰੇ ਦੱਸਦੇ ਹੋਏ ਬਜ਼ੁਰਗ। ਤਸਵੀਰ : ਸੱਚ ਕਹੂੰ ਨਿਊਜ਼

ਵੇਰਵਿਆਂ ਮੁਤਾਬਿਕ ਮਾਨਸਾ ਸ਼ਹਿਰ ਦੀ ਕੋਈ ਟਾਵੀਂ ਗਲੀ ਹੋਵੇਗੀ ਜੋ ਸੀਵਰੇਜ ਪਾਣੀ ਦੀ ਮਾਰ ਤੋਂ ਬਚੀ ਹੋਵੇਗੀ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਗੰਦਾ ਪਾਣੀ ਛੱਲਾਂ ਮਾਰਦਾ ਫਿਰਦਾ ਹੈ। ਇਸ ਵੇਲੇ ਸਭ ਤੋਂ ਜ਼ਿਆਦਾ ਬੁਰਾ ਹਾਲ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਿਲਕੁਲ ਨੇੜੇ ਤਿੰਨਕੋਣੀ ਅਤੇ ਓਵਰ ਬ੍ਰਿਜ ਕੋਲ ਹੈ। ਓਵਰ ਬ੍ਰਿਜ ਦੇ ਨਾਲ ਹੀ ਦੋ-ਤਿੰਨ ਹਸਪਤਾਲਾਂ ਤੋਂ ਇਲਾਵਾ ਪਾਵਰਕਾਮ ਦਾ ਦਫ਼ਤਰ ਵੀ ਹੈ। ਹਸਪਤਾਲਾਂ ’ਚ ਜਾਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ, ਦਫ਼ਤਰਾਂ ’ਚ ਕੰਮਕਾਜ਼ ਲਈ ਜਾਣ ਵਾਲੇ ਲੋਕਾਂ ਨੂੰ ਸੀਵਰੇਜ ਦੇ ਮੁਸ਼ਕ ਵਰ੍ਹਾਉਂਦੇ ਪਾਣੀ ’ਚੋਂ ਬੜੀ ਮੁਸ਼ਕਿਲ ਨਾਲ ਲੰਘਣਾ ਪੈ ਰਿਹਾ ਹੈ। ਪਾਣੀ ’ਚੋਂ ਲੰਘਦੇ ਲੋਕ ਸਥਾਨਕ ਪ੍ਰਸ਼ਾਸ਼ਨ ਨੂੰ ਕੋਸ ਰਹੇ ਹਨ।

Mansa News

ਜ਼ਿਆਦਾ ਮੁਸ਼ਕਿਲ ਦੋਪਹੀਆ ਵਾਹਨ ਚਾਲਕਾਂ ਨੂੰ ਆ ਰਹੀ ਹੈ। ਅੱਜ ਜਦੋਂ ਪਾਰਾ ਜਦੋਂ 43 ਡਿਗਰੀ ਤੋਂ ਟੱਪਿਆ ਹੋਇਆ ਸੀ ਤਾਂ ਠੀਕ ਉਸੇ ਵੇਲੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੇਰ ਦੇ ਦੋ ਬਜ਼ੁਰਗਾਂ ਦਾ ਮੋਟਰਸਾਈਕਲ ਸੀਵਰੇਜ ਦੇ ਪਾਣੀ ’ਚੋਂ ਲੰਘਣ ਮੌਕੇ ਬੰਦ ਹੋ ਗਿਆ। ਦੋਵੇਂ ਬਜ਼ੁਰਗ ਪਿੰਡ ਬਣਾਂਵਾਲੀ ਜਾ ਰਹੇ ਸੀ, ਜਿੰਨ੍ਹਾਂ ਦਾ ਸੀਵਰੇਜ ਦੇ ਭੜਤਾਅ ਵਾਲੇ ਪਾਣੀ ਨੇ ਬੁਰਾ ਹਾਲ ਕਰ ਦਿੱਤਾ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

Read Also : Ludhiana Crime News: ਜ਼ਮਾਨਤ ’ਤੇ ਆਇਆ ਵਿਅਕਤੀ ਨਜਾਇਜ਼ ਅਸਲੇ ਸਣੇ ਕਾਬੂ

ਸ਼ਹਿਰ ਦੇ ਦੁਕਾਨਦਾਰ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਰਕੇ ਬਹੁਤ ਪ੍ਰੇਸ਼ਾਨ ਹਨ। ਦੁਕਾਨਦਾਰ ਆਖਦੇ ਹਨ ਕਿ ਮੀਂਹਾਂ ਦੇ ਦਿਨਾਂ ’ਚ ਸੜਕਾਂ ’ਤੇ ਮੀਂਹ ਦਾ ਪਾਣੀ ਖੜ੍ਹ ਜਾਂਦਾ ਹੈ ਤੇ ਹੁਣ ਸੀਵਰੇਜ ਦਾ ਪਾਣੀ ਨਹੀਂ ਸੁੱਕ ਰਿਹਾ ਜਿਸ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਅੱਧੀ ਰਹਿ ਗਈ। ਚਕੇਰੀਆਂ ਰੋਡ ’ਤੇ ਫਾਟਕਾਂ ਨੇੜੇ ਵੀ ਸੀਵਰੇਜ ਦਾ ਪਾਣੀ ਸੜਕ ਤੋਂ ਕਦੇ-ਕਦਾਈ ਸੁੱਕਦਾ ਹੈ। ਇਸ ਤੋਂ ਇਲਾਵਾ ਕਚਿਹਰੀ ਰੋਡ ਆਦਿ ਸਮੇਤ ਸ਼ਹਿਰ ਦੀਆਂ ਕਰੀਬ ਇੱਕ ਦਰਜ਼ਨ ਥਾਵਾਂ ਜਿੱਥੋਂ ਦੀ ਲੋਕਾਂ ਦਾ ਰੋਜ਼ਾਨਾ ਆਉਣਾ-ਜਾਣਾ ਰਹਿੰਦਾ ਹੈ ਉੱਥੇ ਸੀਵਰੇਜ ਦਾ ਪਾਣੀ ਲੋਕਾਂ ਦਾ ਬੁਰਾ ਹਾਲ ਕਰ ਦਿੰਦਾ ਹੈ।

ਮੀਂਹਾਂ ’ਚ ਕੀ ਹੋਵੇਗਾ ਸ਼ਹਿਰ ਦਾ ਹਾਲ : ਚੌਹਾਨ | Mansa News

ਮਾਨਸਾ ਸੰਘਰਸ਼ ਕਮੇਟੀ ਦੇ ਆਗੂ ਕਾ. ਕ੍ਰਿਸ਼ਨ ਚੌਹਾਨ ਨੇ ਦੋ ਟੁੱਕ ਗੱਲ ਆਖੀ ਕਿ ਸਰਕਾਰ ਫੋਕਾ ਪ੍ਰਚਾਰ ਕਰ ਰਹੀ ਹੈ ਜਦੋਂਕਿ ਹਕੀਕਤ ਕੀ ਹੈ ਉਹ ਸੜਕਾਂ ’ਤੇ ਫਿਰਦਾ ਸੀਵਰੇਜ ਦਾ ਪਾਣੀ ਦੱਸ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਕਈ ਪ੍ਰੈੱਸ ਕਾਨਫਰੰਸਾਂ ਵੀ ਹੋਈਆਂ ਤੇ ਦਾਅਵੇ ਵੀ ਹੋਏ ਪਰ ਕੰਮ ਸ਼ੁਰੂ ਨਹੀਂ ਹੋਇਆ। ਬਿਨ੍ਹਾਂ ਮੀਂਹ ਤੋਂ ਜਦੋਂ ਸੜਕਾਂ ’ਤੇ ਪਾਣੀ ਫਿਰਦਾ ਹੈ ਤਾਂ ਕਰੀਬ ਇੱਕ ਮਹੀਨੇ ਬਾਅਦ ਮਾਨਸੂਨ ਆਉਣ ’ਤੇ ਵਰ੍ਹਦੇ ਮੀਹਾਂ ’ਚ ਸ਼ਹਿਰ ਦਾ ਕੀ ਹਾਲ ਹੋਵੇਗਾ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਅਤੇ ਸੁਧਾਰਾਂ ਵੱਲ ਤੁਰੰਤ ਕਦਮ ਪੁੱਟਣਾ ਚਾਹੀਦਾ ਹੈ।

ਕਿਤੇ ਨਹੀਂ ਗਏ ਰੁਪਏ, ਛੇਤੀ ਸ਼ੁਰੂ ਹੋਵੇਗਾ ਕੰਮ : ਵਿਧਾਇਕ

ਵਿਧਾਇਕ ਡਾ. ਵਿਜੈ ਸਿੰਗਲਾ ਦਾ ਕਹਿਣਾ ਹੈ ਕਿ ਸੀਵਰੇਜ ਸਿਸਟਮ ਲਈ ਜ਼ਾਰੀ ਹੋਏ 44 ਕਰੋੜ ਰੁਪਏ ਕਿਤੇ ਨਹੀਂ ਗਏ ਸਗੋਂ ਛੇਤੀ ਹੀ ਕੰਮ ਸ਼ੁਰੂ ਹੋਵੇਗਾ। ਸਭ ਕੁੱਝ ਮੁਕੰਮਲ ਹੋ ਚੁੱਕਿਆ ਹੈ ਪਰ ਕਾਫੀ ਪ੍ਰਕ੍ਰਿਆ ’ਚੋਂ ਲੰਘਣਾ ਪੈਂਦਾ ਹੈ ਤੇ ਛੇਤੀ ਹੀ ਵਰਕ ਆਰਡਰ ਹੋਣ ’ਤੇ ਕੰਮ ਸ਼ੁਰੂ ਹੋ ਜਾਵੇਗਾ।